ਕੇਂਦਰ ਨੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਆਪਣਾ ਫਰਜ਼ ਅਦਾ ਨਹੀਂ ਕੀਤਾ : ਬੀਬੀ ਹਰਸਿਮਰਤ ਕੌਰ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ ਤੇ ਜਦੋਂ ਵੀ ਇਨਾਂ ‘ਤੇ ਕੋਈ ਮੁਸੀਬਤ ਆਈ ਹੈ ਉਦੋਂ ਇਹ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਮਾਰੂ ਬਿੱਲ ਪਾਸ ਕੀਤੇ ਗਏ ਹਨ, ਜਿਸਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ ਮੰਤਰੀ ਪਦ ਦੀ ਕੁਰਸੀ ਨੂੰ ਲੱਤ ਮਾਰ ਦਿੱਤੀ ਤੇ ਕਿਸਾਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਗਈ। ਇਨਾਂ ਗੱਲਾਂ ਦਾ ਪ੍ਰਗਟਾਵਾ ਕੇਂਦਰ ਦੇ ਸਾਬਕਾ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਕੀਤੀ ਮੀਟਿੰਗ ਦੌਰਾਨ ਅਕਾਲੀ ਵਰਕਰਾਂ ਨੂੰ ਸਬੋਧਨ ਕਰਦੇ ਹੋਏ ਕੀਤਾ।
ਉਨਾਂ ਕਿਹਾ ਕਿ ਬਿੱਲ ਪਾਸ ਹੋਣ ਤੋਂ ਪਹਿਲਾਂ ਉਹ ਕੇਂਦਰ ਸਰਕਾਰ ਕੋਲ ਗਏ ਸਨ ਕਿ ਇਹ ਬਿੱਲ ਕਿਸਾਨਾਂ ਦੇ ਹੱਕ ‘ਚ ਨਹੀਂ ਹਨ ਅਤੇ ਕਿਸਾਨ ਵੀ ਇਸ ਬਿੱਲ ਨੂੰ ਪੰਜਾਬ ਅੰਦਰ ਪਸੰਦ ਨਹੀਂ ਕਰਦੇ ਤਾਂ ਵੀ ਕੇਂਦਰ ਸਰਕਾਰ ਨੇ ਬਿੱਲ ਪਾਸ ਕਰ ਦਿੱਤੇ, ਜਿਸ ਕਰਕੇ ਉਨਾਂ ਨੇ ਕੇਂਦਰ ਸਰਕਾਰ ‘ਚੋਂ ਫੂਡ ਪ੍ਰੋਸੈਸਿੰਗ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਸਰਕਾਰ ਨਾਲ ਆਪਣਾ ਗਠਜੋੜ ਤੋੜ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਰ ਸੁੱਖ-ਦੁੱਖ ‘ਚ ਨਾਲ ਖੜੀ ਹੈ ਅਤੇ ਖੜੀ ਰਹੇਗੀ
ਨਾਲ ਹੀ ਉਨਾਂ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਇਨਾਂ ਬਿੱਲਾ ਨੂੰ ਰੱਦ ਕਰਵਾਉਣ ਲਈ ਰਾਸ਼ਟਰਪਤੀ ਕੋਲ ਜਾਣਗੇ। ਉਨਾਂ ਨੇ ਕਾਂਗਰਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਮੁੱਦੇ ‘ਤੇ ਉਹ ਸਿਰਫ਼ ਰਾਜਨੀਤੀ ਕਰ ਰਹੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਛੇ ਮਹੀਨੇ ਪਹਿਲਾਂ ਪਤਾ ਸੀ ਕਿ ਇਹ ਬਿੱਲ ਪਾਸ ਹੋਣ ਵਾਲੇ ਹਨ, ਪਰ ਫਿਰ ਵੀ ਕੈਪਟਨ ਸਰਕਾਰ ਨੇ ਕੋਈ ਚਿੱਠੀ ਨਹੀਂ ਲਿਖੀ ਅਤੇ ਕਿਸਾਨਾਂ ਦੇ ਹੱਕ ‘ਚ ਨਹੀਂ ਨਿੱਤਰੀ।
ਉਨਾਂ ਕਿਹਾ ਅਮਨ-ਸ਼ਾਤੀ ਤੇ ਭਾਈਚਾਰਕ ਸਾਂਝ ਇਸ ਗਠਜੋੜ ਦਾ ਨਿਸ਼ਾਨਾ ਸੀ, ਅੱਜ ਭਾਵੇਂ ਕੇਂਦਰ ਨੇ ਇਸ ਅਮਨ-ਸ਼ਾਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਆਪਣਾ ਫਰਜ਼ ਅਦਾ ਨਹੀਂ ਕੀਤਾ, ਪੰਜਾਬ ਦੇ ਲੋਕਾਂ ਦੀ ਫਰਿਆਦ ਨਹੀਂ ਸੁਣੀ ਤੇ ਬੱਚਿਆਂ ਦੇ ਭਵਿੱਖ ਬਾਰੇ ਨਹੀਂ ਸੋਚਿਆਂ, ਪਰ ਅਕਾਲੀ ਦਲ ਇਕੱਲਾ ਹੀ ਕਿਸਾਨਾਂ ਦੀ ਲੜਾਈ ਲੜੇਗਾ। ਉਨਾਂ ਕਿਹਾ ਕਿ ਭਾਵੇਂ 1 ਅਕਤੂਬਰ ਨੂੰ ਅਸੀਂ ਚੰਡੀਗੜ ਵਿਖੇ ਰੋਸ ਮਾਰਚ ਕਰਨ ਜਾ ਰਹੇ ਹਾਂ,
ਪਰ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਕਿਸਾਨਾਂ ਦੇ ਹੱਕਾਂ ਲਈ ਦਿੱਲੀ ਵੀ ਜਾਣਾ ਪਵੇਗਾ ਤਾਂ ਉਹ ਪਿਛੇਂ ਨਹੀਂ ਹਟਣਗੇ। ਇਸ ਮੌਕੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਿੱਡੂ ਖੇੜਾ, ਅਵਤਾਰ ਸਿੰਘ ਵਣਵਾਲਾ, ਰਿਪਜੀਤ ਸਿੰਘ ਬਰਾੜ ਸਾਬਕਾ ਵਿਧਾਇਕ, ਮਨਜਿੰਦਰ ਸਿੰਘ ਬਿੱਟੂ, ਰੋਬਿਨ ਬਰਾੜ ਯੂਥ ਆਗੂ, ਹੀਰਾ ਸਿੰਘ ਚੜੇਵਾਨ ਨੇ ਵੀ ਸਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.