ਵਿਦਿਆਰਥੀ ਦੇਸ਼ ਸੇਵਾ ਲਈ ਭਾਰਤੀ ਫ਼ੌਜ ‘ਚ ਸੇਵਾਵਾਂ ਦੇਣ ਲਈ ਅੱਗੇ ਆਉਣ: ਮੇਜਰ ਜਨਰਲ ਜੇ. ਐਸ. ਸੰਧੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਅੱਜ ਦੂਜੇ ਦਿਨ ਇੱਥੇ ਸੰਗਰੂਰ ਰੋਡ ‘ਤੇ ਸਥਿਤ ਸਿਵਲ ਐਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਅਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਦਿਖਾਏ ਗਏ ਜਾਂਬਾਜ ਕਰਤੱਬ ਖਿੱਚ ਦਾ ਕੇਂਦਰ ਬਣੇ। ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਇਸ ਸਮਾਰੋਹ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਇਨ੍ਹਾਂ ਕਰਤੱਬਾਂ ਦਾ ਆਨੰਦ ਮਾਣਿਆ।
ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਟਿਆਲਾ ਸਥਿਤ ਭਾਰਤੀ ਫ਼ੌਜ ਦੀ ਪਹਿਲੀ ਆਰਮਡ ਡਿਬ ਦੇ ਕਮਾਂਡਰ ਮੇਜਰ ਜਨਰਲ ਸ੍ਰੀ ਜੇ. ਐਸ. ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਅਤੇ ਭਾਰਤੀ ਫ਼ੌਜ ਅਜਿਹੇ ਸਮਾਰੋਹਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਸੇਵਾ ਲਈ ਭਾਰਤੀ ਫ਼ੌਜ ‘ਚ ਸੇਵਾਵਾਂ ਦੇਣ ਲਈ ਅੱਗੇ ਆਉਣ।
ਇਸ ਪ੍ਰਦਰਸ਼ਨੀ ਦੌਰਾਨ ਐਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਮਲਕੀਅਤ ਸਿੰਘ ਨੇ ਸੈਸਨਾ 172 ਵੀਟੀ ਪੀਬੀਸੀ ਜਹਾਜ਼ ਦੇ ਕਰਤੱਬ ਦਿਖਾਏ। ਜਦੋਂਕਿ ਏਅਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਸਮੇਤ ਮਾਡਲ ਏਵਿਉਨਿਕਸ ਕਲੱਬ ਲੁਧਿਆਣਾ ਦੇ ਮਨਜੀਵ ਭੋਗਲ ਨੇ ਪੰਜਾਬ ‘ਚ ਪਹਿਲੀ ਵਾਰ ਐਕਸ ਕੈਲੀਬਰ ਟਰਬਾਇਨ ਵਾਲੇ ਜਹਾਜ਼ ਦੇ ਮਾਡਲ ਦੇ ਕਰਤੱਬ ਦਿਖਾਏ। ਇਸ ਮੌਕੇ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ਤੇ ਆਏ ਉਪਿੰਦਰ ਰੂਬੀ ਔਲਖ ਨੇ ਰੈਪਟਰ ਵੀ ਟੂ, ਸੰਤ ਮਠਾੜੂ ਨੇ ਰੈੱਡ ਬੁਲ ਰੇਸ ਵਾਲੇ ਜਹਾਜ ਦੇ ਮਾਡਲ, ਗੁਰਜੀਤ ਬਿਰਦੀ ਨੇ ਮੈਟ ਹਾਲ, ਹੈਲੀਕਾਪਟਰ, ਬੋਇੰਗ, ਸਪੇਸ ਵਾਕਰ, ਆਦਿ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ।
ਜਦੋਂਕਿ ਟੀਮ ਡਿਊ ਕਿੰਗ ਦੇ ਮੋਟਰ ਸਾਈਕਲ ਸਵਾਰਾਂ ਰਾਣਾ ਪ੍ਰਤਾਪ ਪਟਿਆਲਾ, ਮੌਂਟੀ ਤੇ ਰਵੀ ਦਿੱਲੀ ਤੇ ਲੱਖੀ ਹੁਸ਼ਿਆਰਪੁਰ ਵੱਲੋਂ ਅਪਾਚੀ, ਕੇ.ਟੀ.ਐਮ. 250 ਅਤੇ ਹੌਂਡਾ ਦੀ ਸਕੂਟੀ ਸਮੇਤ ਸਾਈਕਲ ‘ਤੇ ਜਾਂਬਾਜ ਕਰਤੱਬ ਦਿਖਾਏ ਅਤੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਦੌਰਾਨ ਸੁਸਾਇਟੀ ਫਾਰ ਵੈਲਫੇਅਰ ਆਫ਼ ਹੈਂਡੀਕੈਪਡ ਦੇ ਡੈਫ਼ ਐਂਡ ਡੰਬ ਸਕੂਲ, ਸਰਕਾਰੀ ਸਕੂਲ ਪਸਿਆਣਾ, ਸ਼ੇਰ ਮਾਜਰਾ, ਵਜੀਦਪੁਰ, ਰਣਬੀਰਪੁਰਾ, ਬੁੱਢਾ ਦਲ ਪਬਲਿਕ ਸਕੂਲ, ਵਾਈ.ਪੀ.ਐਸ. ਸਕੂਲ ਸਮੇਤ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀ ਤੇ ਅਧਿਆਪਕ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀਆਂ ਤੇ ਹੋਰ ਪਤਵੰਤਿਆਂ ਨੇ ਇਨ੍ਹਾਂ ਕਰਤੱਬਾਂ ਦਾ ਅਨੰਦ ਮਾਣਿਆ। ਇਸ ਮੌਕੇ ਗੁਰਪਾਲ ਸਿੰਘ, ਜੈ ਸ਼ੇਰਗਿੱਲ ਮਿਲਟਰੀ ਹਸਪਤਾਲ ਕਮਾਂਡੈਂਟ ਬ੍ਰਿਗੇਡੀਅਰ ਮੈਡਮ ਅਰੁਣਾ ਮੈਨਨ, ਡਿਪਟੀ ਜੀ.ਓ.ਸੀ. ਬ੍ਰਿਗੇਡੀਅਰ ਏ.ਐਸ. ਰਾਠੌੜ, ਆਰਮੀ ਦੇ ਬੇਸ ਕਮਾਂਡਰ ਕਰਨਲ ਅਕਸ਼ੇ, ਕੈਪਟਨ ਭਾਰਤੀ, ਐਸ.ਡੀ.ਐਮ. ਦੁਧਨ ਸਾਧਾਂ ਅਜੇ ਅਰੋੜਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।