ਡਰੱਗ ਮਾਮਲੇ ‘ਚ ਅਕਾਲੀ ਆਗੂ ਬਿਕਰਮ ਮਜੀਠੀਆ ‘ਤੇ ਕੇਸ ਦਰਜ

ਡਰੱਗ ਮਾਮਲੇ ‘ਚ ਅਕਾਲੀ ਆਗੂ ਬਿਕਰਮ ਮਜੀਠੀਆ ‘ਤੇ ਕੇਸ ਦਰਜ

(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਪੰਜਾਬ ਦੀ ਕਾਂਗਰਸ ਸਰਕਾਰ ਨੇ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਆਗੂ ਖਿਲਾਫ ਮੋਹਾਲੀ ਦੇ ਸਟੇਟ ਕ੍ਰਾਈਮ ਸੈੱਲ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਡਰੱਗਜ਼ ਮਾਮਲੇ ਨੂੰ ਲੈ ਕੇ ਮਜੀਠੀਆ ‘ਤੇ ਲਗਾਤਾਰ ਦੋਸ਼ ਲੱਗ ਰਹੇ ਸਨ। ਇਹ ਮਾਮਲਾ ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ।

ਗ੍ਰਹਿ ਵਿਭਾਗ ਨੂੰ ਸੰਭਾਲ ਰਹੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰਾਂ ਨੂੰ ਫੜਿਆ ਜਾ ਸਕਦਾ ਹੈ ਤਾਂ ਮਜੀਠੀਆ ਨੂੰ ਵੀ ਫੜਿਆ ਜਾਵੇਗਾ। ਸੂਤਰਾਂ ਅਨੁਸਾਰ ਅਕਾਲੀ ਦਲ ਨੂੰ ਪਹਿਲਾਂ ਹੀ ਮਜੀਠੀਆ ਖ਼ਿਲਾਫ਼ ਕੇਸ ਦੀ ਜਾਣਕਾਰੀ ਸੀ। ਮਜੀਠੀਆ ਦੇ ਰੂਪੋਸ਼ ਹੋਣ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ। ਉਸ ਦੇ ਨਾਲ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਹੈ। ਉਹ ਸਿਰਫ਼ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਹੈ।

ਮਜੀਠੀਆ ਕੀ ਹੈ ਦੋਸ਼

ਬਿਕਰਮ ਮਜੀਠੀਆ ਖਿਲਾਫ 49 ਪੰਨਿਆਂ ਦੀ ਐਫਆਈਆਰ ਦਰਜ ਕੀਤੀ ਗਈ ਹੈ। ਇਲਜ਼ਾਮ ਹਨ ਕਿ ਉਸਨੇ ਆਪਣੀ ਜਾਇਦਾਦ ਅਤੇ ਵਾਹਨਾਂ ਰਾਹੀਂ ਨਸ਼ਾ ਤਸਕਰੀ ਵਿੱਚ ਮਦਦ ਕੀਤੀ। ਉਸਨੇ ਨਸ਼ਿਆਂ ਦੀ ਵੰਡ ਅਤੇ ਵਿਕਰੀ ਲਈ ਵਿੱਤੀ ਸਹਾਇਤਾ ਕੀਤੀ। ਨਸ਼ਾ ਤਸਕਰੀ ਦੀ ਪੂਰੀ ਸਾਜ਼ਿਸ਼ ਰਚੀ। ਇਲਜ਼ਾਮ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਐਨ.ਆਰ.ਆਈਜ਼ ਅੰਮ੍ਰਿਤਸਰ ਵਿੱਚ ਮਜੀਠੀਆ ਦੇ ਘਰ ਰਹਿੰਦੇ ਸਨ। ਜਿੱਥੇ ਉਨ੍ਹਾਂ ਨੂੰ ਇਨੋਵਾ ਅਤੇ ਗੰਨਮੈਨ ਵੀ ਦਿੱਤੇ ਗਏ। ਚੰਡੀਗੜ੍ਹ ਦੇ ਸੈਕਟਰ 39 ਸਥਿਤ ਸਰਕਾਰੀ ਘਰ ਵਿੱਚ ਨਸ਼ਾ ਤਸਕਰ ਲਗਾਤਾਰ ਠਹਿਰਦੇ ਰਹੇ। ਇਹ ਮਾਮਲਾ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਮੁਲਜ਼ਮ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।

ਮਜੀਠੀਆ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ-ਵਿਰਸਾ

ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਅਜਿਹਾ ਨਵਾਂ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਦੇ 4 ਏਡੀਜੀਪੀਜ਼ ਨੇ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਚੰਨੀ ਸਰਕਾਰ ਨੇ ਡੀਜੀਪੀ ਬਦਲ ਦਿੱਤਾ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ