ਮਾਨਸਾ ਜ਼ੇਲ੍ਹ ਮਾਮਲੇ ’ਚ ਦੋ ਸਹਾਇਕ ਸੁਪਰਡੈਂਟਾਂ ਸਮੇਤ 5 ਖਿਲਾਫ ਮਾਮਲਾ ਦਰਜ਼

Bus Stand Mansa

ਮਾਨਸਾ (ਸੁਖਜੀਤ ਮਾਨ)। ਮਾਨਸਾ ਜ਼ਿਲ੍ਹਾ ਜ਼ੇਲ੍ਹ ’ਚ ਖੁੱਲ੍ਹੇਆਮ ਨਸ਼ਾ ਮਿਲਣ ਤੇ ਕੈਦੀਆਂ ਵੱਲੋਂ ਮੋਬਾਇਲ ਦੀ ਵਰਤੋਂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਜੇਲ੍ਹ ਵਿਭਾਗ ਨੇ ਕਾਫੀ ਮੁਸਤੈਦੀ ਵਰਤੀ ਹੈ। ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਜ਼ੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਮੇਤ 6 ਜਣਿਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਹੁਣ ਦੋ ਸਹਾਇਕ ਸੁਪਰਡੈਂਟਾਂ ਤੋਂ ਇਲਾਵਾ ਇੱਕ ਫਾਰਮੇਸੀ ਅਫ਼ਸਰ, ਇੱਕ ਹਵਾਲਾਤੀ ਅਤੇ ਇੱਕ ਕੈਦੀ ਖਿਲਾਫ਼ ਜ਼ੇਲ੍ਹ ਨਿਯਮਾਂ ਦੇ ਐਕਟ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। (Mansa Jail case)

ਵੇਰਵਿਆਂ ਮੁਤਾਬਿਕ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਮੀਡੀਆ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ ਤੇ ਮੁਲਜ਼ਮ ਨਸ਼ੇ ਤੇ ਮੋਬਾਇਲ ਦੀ ਵਰਤੋਂ ਖੁੱਲ੍ਹ ਕੇ ਕਰਦੇ ਹਨ। ਸੁਭਾਸ਼ ਕੁਮਾਰ ਦੇ ਇਸ ਖੁਲਾਸੇ ਨੇ ਜ਼ੇਲ੍ਹ ਵਿਭਾਗ ਵੱਲੋਂ ਜ਼ੇਲ੍ਹਾਂ ’ਚ ਵਰਤੀ ਜਾਂਦੀ ਸਖਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਸੀ। ਵਿਭਾਗ ਦੀ ਹੋਈ ਕਿਰਕਰੀ ਦੇ ਚਲਦਿਆਂ ਜ਼ੇਲ੍ਹ ਵਿਭਾਗ ਵੱਲੋਂ ਦੋਸ਼ਾਂ ਦੀ ਪੜਤਾਲ ਮਗਰੋਂ ਮਾਨਸਾ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਤੇ ਕੁਲਜੀਤ ਸਿੰਘ ਤੋਂ ਇਲਾਵਾ ਵਾਰਡਰ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। (Mansa Jail case)

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ

ਹੁਣ ਇਸ ਮਾਮਲੇ ’ਚ ਜ਼ੇਲ੍ਹ ਵਿਭਾਗ ਨੇ ਅਗਲੀ ਕਾਰਵਾਈ ਕਰਦਿਆਂ ਦੋ ਸਹਾਇਕ ਸੁਪਰਡੈਂਟਾਂ ਭਿਵਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਜ਼ੇਲ੍ਹ ਦੇ ਫਾਰਮੇਸੀ ਅਫਸਰ ਸੰਦੀਪ ਸਿੰਘ, ਹਵਾਲਾਤੀ ਅਮਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਅਤੇ ਕੈਦੀ ਅੰਕੁਰ ਮਹਿਤਾ ਪੁੱਤਰ ਸੁਭਾਸ਼ ਚੰਦਰ ਖਿਲਾਫ਼ ਥਾਣਾ ਸਦਰ ਮਾਨਸਾ ਵਿਖੇ ਰੂਪ ਕੁਮਾਰ ਅਰੋੜਾ ਇੰਸਪੈਕਟਰ ਜਰਨਲ ਦੇ ਬਿਆਨਾਂ ’ਤੇ ਪਰਚਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ’ਚ ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 295, ਧਾਰਾ 409 ਆਈਪੀਸੀ, 52 ਏ ਪ੍ਰੀਜਨ ਐਕਟ, 7/8/11/13 (ਡੀ) ਪੀਸੀ ਐਕਟ 66 ਸੀ, 66 ਡੀ ਅਤੇ 27 ਏ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ।