ਮੁੱਖ ਮੰਤਰੀ ਵੱਲੋਂ ਨਿਹਾਲ ਸਿੰਘ ਵਾਲਾ ਵਿੱਚ ਡਿਗਰੀ ਕਾਲਜ ਖੋਲ੍ਹਣ ਅਤੇ ਸਰਵਪੱਖੀ ਵਿਕਾਸ ਲਈ 15 ਕਰੋੜ ਰੁਪਏ ਦਾ ਐਲਾਨ
- ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਆ ਰਹੀਆਂ ਆਸ਼ਾ ਵਰਕਰਾਂ ਨਾਲ ਪੁਲਿਸ ਨੇ ਕੀਤੀ ਖਿੱਚ-ਧੂਹ
(ਵਿੱਕੀ ਕੁਮਾਰ, ਭੁਪਿੰਦਰ ਸਿੰਘ) ਬੱਧਨੀ ਕਲਾਂ (ਮੋਗਾ)। ਧਨਾਢਾਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ, ਇਹ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਕਿਸੇ ਨੂੰ ਵੀ ਤਾਕ ’ਤੇ ਲਾ ਦਿੰਦੇ ਹਨ। ਅੱਜ ਇੱਥੇ ਅਨਾਜ ਮੰਡੀ ਵਿਖੇ ਸੂਬਾ ਪੱਧਰੀ ਸਮਾਗਮ ਮੌਕੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕੈਪਟਨ ਅਤੇ ਬਾਦਲਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਪਰਿਵਾਰ ਆਪਣੇ ਨਿੱਜੀ ਸੁਆਰਥਾਂ ਲਈ ਪੰਜਾਬ ਨੂੰ ਤਬਾਹ ਕਰਨ ਲਈ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ। ਸਭ ਤੋਂ ਪਹਿਲਾਂ ਮੱੁਖ ਮੰਤਰੀ ਚੰਨੀ ਜਦੋਂ ਪੰਡਾਲ ਵਿੱਚ ਲੱਗੇ ਮੰਚ ’ਤੇ ਆਏ ਤਾਂ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਨ ਲਈ ਸਟੇਜ਼ ਤੋਂ ਥੱਲੇ ਮਾਈਕ ਛੋਟੇ ਜਿਹੇ ਮੇਜ਼ ’ਤੇ ਖੜ੍ਹੇ ਹੋ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਵਿਚੋਂ ਹੀ ਹਾਂ, ਇਸ ਲਈ ਮੈਂ ਤੁਹਾਡੇ ਨੇੜੇ ਖੜ੍ਹ ਕੇ ਬੋਲਣਾ ਚਾਹੁੰਦਾ ਹਾਂ।
ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਸੂਬੇ ਵਿਚ ਖੇਤੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਇਹੀ ਕਾਨੂੰਨ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਲਾਹ ਦੇ ਕੇ ਦੇਸ਼ ਭਰ ਵਿਚ ਲਾਗੂ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਵੀ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾ ਰਿਹਾ ਹੈ ਅਤੇ ਕੇਂਦਰ ਦੀ ਸਰਕਾਰ ਵੱਲੋਂ ਬੀ.ਐਸ.ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਅ ਰਿਹਾ, ਜੋ ਕਿ ਸਿੱਧਮ-ਸਿੱਧਾ ਸੂਬਿਆਂ ਦੇ ਸੰਘੀ ਢਾਂਚੇ ’ਤੇ ਹਮਲਾ ਹੈ, ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਬਾਦਲਾਂ ਅਤੇ ਕੈਪਟਨ ਪਰਿਵਾਰਾਂ ਦੇ ਰਲੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸਾਂਝ ਕਰਕੇ ਹੀ ਪੰਜਾਬ ਵਿਚ ਟ੍ਰਾਂਸਪੋਰਟ ਅਤੇ ਕੇਬਲ ਮਾਫੀਏ ਰਾਹੀਂ ਪੰਜਾਬ ਦੇ ਲੋਕਾਂ ਦੀ ਲੁੱਟ ਹੁੰਦੀ ਰਹੀ ਹੈ। ਉਧਰ ਕੇਜਰੀਵਾਲ ‘ਤੇ ਹੱਲਾ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕੇਜ਼ਰੀਵਾਲ ਨੂੰ ਕਾਲਾ ਅੰਗਰੇਜ਼ ਆਖਦਿਆਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਆਮ ਆਦਮੀ ਦਾ ਨਕਾਬ ਪਾ ਕੇ ਬਾਹਰੋਂ ਆਏ ਧਾੜਵੀਆਂ ਦੀ ਤਰ੍ਹਾਂ ਪੰਜਾਬੀਆਂ ਨੂੰ ਲੁੱਟਣ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਅਜਿਹੇ ਬਹਿਰੂਪੀਆਂ ਦੀਆਂ ਚਾਲਾਂ ਸਫਲ ਨਹੀਂ ਹੋਣ ਦੇਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਨਿਹਾਲ ਸਿੰਘ ਵਾਲਾ ਹਲਕੇ ਦੇ ਸਰਵਪੱਖੀ ਵਿਕਾਸ ਲਈ 15 ਕਰੋੜ ਰੁਪਏ ਦੀ ਗ੍ਰਾਂਟ ਅਤੇ ਸਾਰੇ ਕੱਚੇ ਰਸਤੇ ਪੱਕੇ ਕਰਨ ਦਾ ਐਲਾਨ ਕੀਤਾ। ਇਲਾਕੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਨੇ ਨਿਹਾਲ ਸਿੰਘ ਵਾਲਾ ਹਲਕੇ ਵਿਚ ਇੱਕ ਡਿਗਰੀ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ।
ਇਸ ਸਮਾਗਮ ਮੌਕੇ ਮੁੱਖ ਮੰਤਰੀ ਨੇ ਦੋ ਲਾਭਪਾਤਰੀਆਂ ਨੂੰ ਰਸਮੀ ਤੌਰ ‘ਤੇ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾਂ ਦੇ ਕੇ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕੀਤੀ।ਅੱਜ ਮੋਗਾ ਜ਼ਿਲ੍ਹੇ ਦੇ ਕੁੱਲ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾਂ ਸੌਂਪੀਆਂ ਗਈਆਂ। ਅੱਜ ਬੱਧਨੀ ਕਲਾਂ ਦੀ ਰੈਲੀ ਵਿੱਚ ਮੋਗਾ ਦੇ ਐੱਮ ਐੱਲ ਏ ਡਾਕਟਰ ਹਰਜੋਤ ਕਮਲ ਦੀ ਗੈਰ ਹਾਜ਼ਰੀ ਰਹੀ।
ਇਸ ਮੌਕੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਅਤੇ ਮੁਹੰਮਦ ਸਦੀਕ ਲੋਕ ਸਭਾ ਮੈਂਬਰ ਨੇ ਵੀ ਸੰਬੋਧਨ ਕੀਤਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਨ੍ਹਾਂ ਤੋਂ ਇਲਾਵਾ ਇਸ ਮੌਕੇ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਭੁਪਿੰਦਰ ਸਿੰਘ ਸਾਹੋਕੇ, ਅਮਰਜੀਤ ਕੌਰ ਸਾਹੋਕੇ, ਹਰੀਸ਼ ਨਈਅਰ ਡਿਪਟੀ ਕਮਿਸ਼ਨਰ, ਸੁਰਜੀਤ ਸਿੰਘ ਡੀ.ਆਈ.ਜੀ ਫਿਰੋਜਪੁਰ ਰੇਂਜ ਅਤੇ ਸੁਰਿੰਦਰਜੀਤ ਸਿੰਘ ਮੰਡ ਜ਼ਿਲ੍ਹਾ ਪੁਲਿਸ ਮੁਖੀ ਅਤੇ ਹੋਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ