ਮੌੜ ਬੰਬ ਬਲਾਸਟ ਲਈ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਠਹਿਰਾਇਆ ਜਿੰਮੇਵਾਰ

Captain Amarinder Singh

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਗੱਡੀ ਨੇੜੇ ਹੋਏ ਬੰਬ ਧਮਾਕੇ ਸਬੰਧੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸੂਬੇ ਅੰਦਰ ਖਾਲਿਸਤਾਨ ਕਮਾਂਡੋ ਫੋਰਸ ਵਰਗੀ ਉਗਰਵਾਦੀ ਜਥੇਬੰਦੀ ਨੂੰ ਪੂਰੀ ਤਰ੍ਹਾਂ ਸ਼ਹਿ ਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਮੌੜ ਬੰਬ ਬਲਾਸਟ ਅਤੇ ਬਠਿੰਡਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਖਾਲਿਸਤਾਨੀਆਂ ਦੇ ਖਤਮ ਹੋ ਚੁੱਕੇ ਅੱਤਵਾਦੀ ਸੈੱਲ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਲੱਗੇ ਹਨ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਇਕ ਉਗਰਵਾਦੀ ਦੇ ਘਰ ‘ਚ ਠਹਿਰਣ ਵਾਲੇ ਕੇਜਰੀਵਾਲ, ਆਪ ਦੀਆਂ ਉਗਰ ਪੱਖੀਆਂ ਵਿਚਾਰਧਾਵਾਂ ਦੇ ਮੇਲ ਨਾਲ ਖੁਦ ਆਪਣੀਆਂ ਗਤੀਵਿਧੀਆਂ ਰਾਹੀਂ ਅੱਤਵਾਦੀ ਤਾਕਤਾਂ ਨੂੰ ਹਵਾ ਦੇ ਰਹੇ ਹਨ। ਇੱਕ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਜੇਕਰ ‘ਆਪ’ ਸਿੱਧੇ ਤੌਰ ‘ਤੇ ਬੰਬ ਬਲਾਸਟ ਦੀ ਘਟਨਾ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਫਿਰ ਉਹ ਸੂਬੇ ਅੰਦਰ ਚੋਣ ਪ੍ਰਚਾਰ ਦੌਰਾਨ ਫਾਸੀਵਾਦ ਤਾਕਤਾਂ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਵਿਸਫੋਟ ਕਰਨ ਲਈ ਮੌੜ ‘ਚ ਦੋ ਬੰਬ ਲਗਾਏ ਗਏ ਸਨ, ਪਰ ਚੰਗਾ ਰਿਹਾ ਕਿ ਦੂਜਾ ਸਫਲ ਨਹੀਂ ਹੋ ਸਕਿਆ। ਉਨਾਂ ਇਸ ਬੰਬ ਦੀ ਲਪੇਟ ਵਿੱਚ ਆਏ ਪੀੜਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ