ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕੀਤਾ ਹਮਲਾ
ਸਮਾਰਟ ਰਾਸ਼ਨ ਕਾਰਡਾਂ ‘ਤੇ ਚਿਪਕਾਈ ਰਾਜੇ ਦੀ ਫੋਟੋ ਦਾ ਕੀਤਾ ਵਿਰੋਧ
ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਮਰਿੰਦਰ ਸਿੰਘ ਸਰਕਾਰ ਉੱਤੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਸ਼ੁਰੂ ਕੀਤੀ ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਕਾਂਗਰਸੀਕਰਨ ਦਾ ਅਤੇ ਲੱਖਾਂ ਲੋੜਵੰਦ ਗਰੀਬਾਂ ਨੂੰ ਇਸ ਲਾਭ ਤੋਂ ਵਾਂਝੇ ਰੱਖਣ ਦਾ ਦੋਸ਼ ਲਾਇਆ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਗਰੀਬ ਦੀ ਰੋਟੀ ਵਿਚੋਂ ਸਿਆਸੀ ਲਾਹਾ ਲੈਣ ‘ਚ ਬਾਦਲਾਂ ਨਾਲੋਂ ਵੀ ਚਾਰ ਕਦਮ ਅੱਗੇ ਲੰਘ ਗਈ ਹੈ।
ਜਿਵੇਂ ਬਾਦਲ ਨੀਲੇ ਕਾਰਡਾਂ ‘ਤੇ ਆਪਣੀ ਫੋਟੋ ਚਿਪਕਾ ਕੇ ਗਰੀਬ ਨੂੰ ਚਿੜਾਉਂਦੇ ਸਨ, ਠੀਕ ਉਸੇ ਦੌੜ ‘ਚ ਅਮਰਿੰਦਰ ਸਿੰਘ ਪਏ ਹੋਏ ਹਨ। ਰਾਜਾ ਸਾਹਿਬ ਨੇ ਪਹਿਲਾਂ ਕੋਰੋਨਾ ਮਹਾਮਾਰੀ ਦੌਰਾਨ ਗਰੀਬਾਂ ਨੂੰ ਰਾਸ਼ਨ ਵੰਡਣ ਦੇ ਡਰਾਮੇ ‘ਚ ਝੋਲਿਆਂ ‘ਤੇ ਆਪਣੀ ਫੋਟੋ ਲਾਈ ਅਤੇ ਹੁਣ ਸਮਾਰਟ ਰਾਸ਼ਨ ਕਾਰਡ ‘ਤੇ ਵੀ ਆਪਣੀ ਫੋਟੋ ਚਿਪਕਾ ਲਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਲੋਕਾਂ ਅਤੇ ਲੋੜਵੰਦ ਗਰੀਬਾਂ-ਦਲਿਤਾਂ ਨੇ ਪਹਿਲਾ ਨੀਲੇ ਕਾਰਡਾਂ ਅਤੇ ਸਕੂਲੀ ਵਿਦਿਆਰਥਣਾਂ ਦੇ ਸਾਇਕਲਾਂ ‘ਤੇ ਆਪਣੀ ਫੋਟੋ ਚਿਪਾਕਾਉਣ ਵਾਲੇ ਬਾਦਲਾਂ ਨੂੰ ਰੋਲ ਦਿੱਤਾ ਸੀ, 2022 ‘ਚ ਉਸ ਤੋਂ ਵੀ ਵੱਧ ਬੁਰਾ ਹਾਲ ਕਾਂਗਰਸ ਅਤੇ ਕੈਪਟਨ ਦਾ ਹੋਵੇਗਾ।
ਹਰਪਾਲ ਸਿੰਘ ਚੀਮਾ ਅਤੇ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਸਰਕਾਰੀ ਸਕੀਮਾਂ ‘ਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਤਸਵੀਰ ਲਗਾਉਣ ‘ਤੇ ਪੂਰਨ ਰੋਕ ਲੱਗਣੀ ਚਾਹੀਦੀ ਹੈ। ਸਰਕਾਰ ਦੀ ਅਜਿਹੀ ਭਰਮਾਊ ਹਰਕਤ ਨਾ ਕੇਵਲ ਲਾਭਪਾਤਰੀਆਂ ਦਾ ਮੂੰਹ ਚਿੜਾਉਂਦੀ ਹੈ, ਸਗੋਂ ਸਰਕਾਰੀ ਖਜਾਨੇ ‘ਤੇ ਵੀ ਵਾਧੂ ਬੋਝ ਬਣਦੀ ਹੈ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਕਾਂਗਰਸੀਆਂ ਦੇ ਪੱਖਪਾਤੀ ਰਵੱਈਏ ਕਾਰਨ ਰਾਸ਼ਨ ਕਾਰਡ ਸਕੀਮ ਤੋਂ ਵਾਂਝੇ ਰੱਖੇ ਲੱਖਾਂ ਲੋੜਵੰਦ ਦਲਿਤਾਂ, ਗਰੀਬਾਂ ਦੇ ਬਿਨਾਂ ਪੱਖਪਾਤ ਤੁਰੰਤ ਸਮਾਰਟ ਰਾਸ਼ਨ ਕਾਰਡ ਬਣਾਏ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.