ਲੁਧਿਆਣਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 19 ਹੋਰਾਂ ਨੂੰ ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ਵਿੱਚ ਅੱਜ ਵਿਜੀਲੈਂਸ ਬਿਊਰੋ ਨੇ ਕਲੀਨ ਚਿੱਟ ਦੇ ਦਿੱਤੀ। ਇਸ ਤੋਂ ਇਲਾਵਾ ਵਿਜੀਲੈਂਸ ਨੇ ਸੈਸ਼ਨ ਅਦਾਲਤ ‘ਚ ਅੱਜ ਉਨ੍ਹਾਂ ਵਿਰੁੱਧ ਮਾਮਲਾ ਰੱਦ ਕਰਨ ਸਬੰਧੀ ਰਿਪੋਰਟ ਵੀ ਦਾਇਰ ਕੀਤੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਲਈ ਇਹ ਕਲੀਨ ਚਿੱਟ ਬਹੁਤ ਵੱਡੀ ਰਾਹਤ ਹੈ।
ਵਿਜੀਲੈਂਸ ਨੇ 2007 ‘ਚ ਕੀਤਾ ਸੀ ਮੁੱਖ ਮੰਤਰੀ ਸਮੇਤ 19 ਜਣਿਆਂ ਖਿਲਾਫ਼ ਮਾਮਲਾ ਦਰਜ
ਜਿ਼ਕਰਯੋਗ ਹੈ ਕਿ ਸੰਨ 2003 ਦੌਰਾਨ ਪੰਜਾਬ ਵਿੱਚ ਕਾਂਗਰਸ ਦੀ ਵਜ਼ਾਰਤ ਸੀ ਅਤੇ ਉਸ ਸਮੇਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਨ। ਉਨ੍ਹਾਂ ਨੇ ਲੁਧਿਆਣਾ ਨੂੰ ਆਧੁਨਿਕ ਸ਼ਹਿਰ ਦੇ ਰੂਪ ਵਿੱਚ ਵਸਾਉਣ ਲਈ ਸਿਟੀ ਸੈਂਟਰ ਪ੍ਰਾਜੈਕਟ ਦਾ ਐਲਾਨ ਕੀਤਾ ਸੀ, ਜੋ 2006 ਵਿੱਚ ਲਾਗੂ ਕੀਤਾ ਗਿਆ ਸੀ। ਇਸ ਯੋਜਨਾ ਵਿੱਚ 1144 ਕਰੋੜ ਰੁਪਏ ਦਾ ਕਥਿਤ ਤੌਰ ‘ਤੇ ਘਪਲਾ ਹੋਇਆ ਸੀ। ਵਿਜੀਲੈਂਸ ਬਿਊਰੋ ਨੇ 2007 ਕੈਪਟਨ ਅਮਰਿੰਦਰ ਸਿੰਘ, ਤਤਕਾਲੀ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਪਰਮਜੀਤ ਸਿੰਘ ਸੀਬੀਆ, ਚੌਧਰੀ ਜਗਜੀਤ ਸਿੰਘ ਤੋਂ ਇਲਾਵਾ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਸਮੇਤ 19 ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ।
ਭਾਵੇਂ ਵਿਜੀਲੈਂਸ ਨੇ ਕਿਸੇ ਵਿਰੁੱਧ ਕੋਈ ਧਾਰਾ ਆਇਦ ਨਹੀਂ ਕੀਤੀ ਪਰ ਪੜਤਾਲ ਜਾਰੀ ਸੀ। ਅੱਜ 19 ਅਗਸਤ 2017 ਨੂੰ ਵਿਜੀਲੈਂਸ ਨੇ ਕੈਪਟਨ ਸਮੇਤ ਸਾਰੇ ਮੁਲਜ਼ਮਾਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਹੈ। ਇਸ ਸਬੰਧੀ 2 ਸਤੰਬਰ ਅਦਾਲਤ ਵਿੱਚ ਸੁਣਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।