ਕੈਂਡਲ ਮਾਰਚ ਦੌਰਾਨ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਲਾਏ ਗਏ
(ਸੁਖਜੀਤ ਮਾਨ) ਮਾਨਸਾ। ਬੀਤੇ ਦਿਨ ਹਮਲਾਵਾਰਾਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭਾਵੇਂ ਪੋਸਟਮਾਰਟਮ ਹੋ ਗਿਆ ਹੈ ਪਰ ਉਨ੍ਹਾਂ ਦਾ ਅੰਤਿਮ ਸਸਕਾਰ ਨਹੀਂ ਹੋ ਸਕਿਆ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਕੀਤਾ ਜਾਵੇਗਾ। ਅੱਜ ਦੇਰ ਸ਼ਾਮ ਸਿੱਧੂ ਮੂਸੇਵਾਲਾ ਦੇ ਸਮਰੱਥਕਾਂ ਤੇ ਕਾਂਗਰਸੀ ਆਗੂਆਂ ਵੱਲੋਂ ਬਾਰਾਂਹੱਟਾ ਚੌਂਕ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਨੌਜਵਾਨਾਂ ਤੇ ਕਾਂਗਰਸੀਆਂ ਆਗੂਆਂ ਵੱਲੋਂ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਲਾਏ ਗਏ।
ਮਾਨਸਾ : ਸਿੱਧੂ ਮੂਸੇਵਾਲਾ ਦੇ ਸਮਰੱਥਕਾਂ ਤੇ ਕਾਂਗਰਸੀ ਆਗੂ ਕੈਂਡਲ ਮਾਰਚ ਕੱਢਦੇ ਹੋਏ। ਤਸਵੀਰਾਂ ਸੁਖਜੀਤ ਮਾਨ
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਸਰਦੂਲਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖੇ ਤਾਂ ਕਿ ਕੀਮਤੀ ਜਾਨਾਂ ਅਜਾਈ ਨਾ ਜਾਣ। ਇਸ ਤੋਂ ਇਲਾਵਾ ਕੈਂਡਲ ਮਾਰਚ ’ਚ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਤੱਕਤੀਆਂ ਹੱਥਾਂ ’ਚ ਫੜੀਆਂ ਹੋਈਆਂ ਸਨ। ਨੌਜਵਾਨਾਂ ਨੇ ਹੱਥਾਂ ’ਚ ਬੈਨਰ ਵੀ ਫੜੇ ਹੋਏ ਸਨ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ ਸਾਨੂੰ ਨੌਜਵਾਨਾਂ ਦਾ ਖੂਨ ਡੋਲ੍ਹਣ ਵਾਲਾ ਪੰਜਾਬ ਨਹੀਂ ਚਾਹੀਦਾ। ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਨੌਜਵਾਨਾਂ ਵਿੱਚ ਇਸ ਮੌਤ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਬਦਲਾਅ ਤਹਿਤ ਇਹ ਸਰਕਾਰ ਆਈ ਹੈ, ਇਹ ਬਦਲਾਅ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੂਬੇ ’ਚ ਅਮਨ ਸ਼ਾਂਤੀ ਕਾਇਮ ਰਹੇ ਤੇ ਲੋਕ ਆਪਣੇ ਕੰਮ-ਧੰਦੇ ਬੇਖੌਫ਼ ਹੋ ਕੇ ਕਰਨ ਸਕਣ ਅਤੇ ਨਵੀਂਆਂ ਉਦਯੋਗਿਕ ਇਕਾਈਆਂ ਪ੍ਰਾਪਤ ਹੋ ਸਕਣ। ਜੇਕਰ ਅਜਿਹਾ ਮਾਹੌਲ ਬਣਿਆ ਰਿਹਾ ਤਾਂ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਤਾਂ ਕੋਈ ਪੰਜਾਬ ਵੱਲ ਆਉਣ ਲਈ ਮੂੰਹ ਨਹੀਂ ਕਰੇਗਾ ਅਤੇ ਜੋ ਉਦਯੋਗ ਚੱਲ ਰਹੇ ਹਨ ਉਹ ਵੀ ਛੇਤੀ ਹੀ ਬੰਦ ਹੋ ਜਾਣਗੇ। ਇਸ ਮੌਕੇ ਕੈਂਡਲ ਮਾਰਚ ਦੇ ਨਾਲ-ਨਾਲ ਭਾਰੀ ਪੁਲਿਸ ਸੁਰੱਖਿਆ ਵੀ ਮੌਜ਼ੂਦ ਸੀ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ। ਕੈਂਡਲ ਮਾਰਚ ਵਿੱਚ ਜ਼ਿਲ੍ਹਾ ਮਾਨਸਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਪ੍ਰਧਾਨ ਮਾਈਕਲ ਗਾਗੋਵਾਲ, ਡਾ. ਮਨੋਜ ਬਾਲਾ ਬਾਂਸਲ ਤੇ ਦਲਵੀਰ ਸਿੰਘ ਗੋਲਡੀ ਧੂਰੀ ਅਤੇ ਹੋਰ ਕਾਂਗਰਸੀ ਆਗੂ ਤੇ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਸਮਰੱਥਕ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ