ਸੰਯੁਕਤ ਸਮਾਜ ਮੋਰਚਾ ਨੇ ਆਪਣਾ ਉਮੀਦਵਾਰ ਹਲਕਾ ਘਨੌਰ ਤੋਂ ਐਲਾਨਿਆ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਟਿਆਲਾ ਅੰਦਰ ਸਾਰੇ ਅੱਠ ਵਿਧਾਨ ਸਭਾ ਹਲਕਿਆਂ ਤੋਂ ਸਿਰਫ਼ ਅਕਾਲੀ ਦਲ-ਬਸਪਾ ਵੱਲੋਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ, ਜਿਸ ਵੱਲੋਂ ਆਪਣੇ ਉਮੀਦਵਾਰ ਸੱਤ ਹਲਕਿਆਂ ਵਿੱਚ ਉਤਾਰ ਦਿੱਤੇ ਗਏ ਹਨ। ਕਾਂਗਰਸ ਪਾਰਟੀ ਦੀ ਪਹਿਲੀ ਲਿਸਟ ਦਾ ਵੀ ਅਜੇ ਇੰਤਜ਼ਾਰ ਹੈ, ਜਦੋਂਕਿ ਬੀਜੇਪੀ, ਪੰਜਾਬ ਲੋਕ ਕਾਂਗਰਸ ਸਮੇਤ ਅਕਾਲੀ ਦਲ ਸੰਯੁਕਤ ਦੇ ਸੀਟ ਸਮਝੌਤੇ ਕਾਰਨ ਅਜੇ ਪੇਚ ਫਸਿਆ ਹੋਇਆ ਹੈ। ਇੱਧਰ ਕਿਸਾਨਾਂ ਦੀ ਧਿਰ ਸੰਯੁਕਤ ਸਮਾਜ ਮੋਰਚਾ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਆਪਣੇ ਇੱਕ ਉਮੀਦਾਵਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਭ ਤੋਂ ਪਹਿਲੀ ਪਾਰਟੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਸ ਵੱਲੋਂ ਜ਼ਿਲ੍ਹੇ ਦੇ ਸਾਰੇ ਹਲਕਿਆਂ ਤੋਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਹੈ ਅਤੇ ਇਹ ਉਮੀਦਵਾਰ ਲਗਾਤਾਰ ਆਪਣੇ ਚੋਣ ਪ੍ਰਚਾਰ ਵਿੱਚ ਵੀ ਜੁਟੇ ਹੋਏ ਹਨ। ਇਸ ਤੋਂ ਬਾਅਦ ਆਮ ਅਦਾਮੀ ਪਾਰਟੀ ਵੱਲੋਂ ਸੱਤ ਵਿਧਾਨ ਸਭਾ ਹਲਕਿਆਂ ਵਿੱਚੋਂ ਆਪਣੇ ਉਮੀਦਵਾਰ ਉਤਾਰੇ ਹੋਏ ਹਨ, ਜਦੋਂਕਿ ਪਟਿਆਲਾ ਸ਼ਹਿਰੀ ਹਲਕਾ ਹੀ ਅਜਿਹਾ ਹਲਕਾ ਬਚਿਆ ਹੈ, ਜਿੱਥੋਂ ਕਿ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਗਿਆ। ਪਿਛਲੇ ਦਿਨੀਂ ਅਕਾਲੀ ਦਲ ਚੋਂ ਆਪ ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦਾ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਬਣਨਾ ਲਗਭਗ ਤੈਅ ਹੈ।
ਆਮ ਆਦਮੀ ਪਾਰਟੀ ਦੇ ਬਾਕੀ ਉਮੀਦਵਾਰਾਂ ਵੱਲੋਂ ਰੋਜਾਨਾ ਹੀ ਚੋਣ ਪ੍ਰਚਾਰ ਭਖਾਇਆ ਹੋਇਆ ਹੈ। ਜੇਕਰ ਸੱਤਾਧਿਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਰਟੀ ਹਰ ਵਾਰ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਪਛੜ ਕੇ ਕਰਦੀ ਆਈ ਹੈ। ਇਸ ਵਾਰ ਵੀ ਅਜੇ ਕਾਂਗਰਸ ਦੀ ਪਹਿਲੀ ਲਿਸਟ ਦਾ ਇੰਤਜਾਰ ਹੈ ਕਿ ਇਸ ਲਿਸਟ ਵਿੱਚ ਪੰਜਾਬ ਦੇ ਕਿੰਨੇ ਉੁਮੀਦਵਾਰਾਂ ਦਾ ਨਾਂਅ ਸਾਹਮਣੇ ਆਉਂਦੇ ਹਨ। ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸ ਵਿਧਾਇਕਾਂ ਦੀ ਇਸ ਲਿਸਟ ’ਤੇ ਨਜ਼ਰਾਂ ਲੱਗੀਆਂ ਹੋਈਆਂ ਹਨ ਕਿ ਉਨ੍ਹਾਂ ਦਾ ਨਾਂਅ ਸ਼ਾਮਲ ਹੋਵੇਗਾ ਜਾਂ ਨਹੀਂ। ਕਾਂਗਰਸ ਵੱਲੋਂ ਹਲਕਾ ਸ਼ੁਤਰਾਣਾ ਅਤੇ ਹਲਕਾ ਨਾਭਾ ਅੰਦਰ ਸਸਪੈਂਸ ਬਰਕਰਾਰ ਹੈ ਕਿ ਇੱਥੋਂ ਦੋਵੇਂ ਵਿਧਾਇਕਾਂ ਨੂੰ ਮੁੜ ਟਿਕਟ ਹਾਸਲ ਹੋਵੇਗੀ ਜਾਂ ਨਹੀਂ।
ਨਾਭਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਵਜੀਫ਼ਾ ਘਪਲੇ ਵਿੱਚ ਕਾਫ਼ੀ ਨਾਂਅ ਉਛਲਿਆ ਸੀ, ਜਦੋਂਕਿ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਵੀ ਨਰਾਜ਼ ਹੀ ਦਿਖਾਈ ਦਿੰਦੇ ਰਹੇ। ਇੱਧਰ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਸਮੇਤ ਅਕਾਲੀ ਦਲ ਸੰਯੁਕਤ ਦੀਆਂ ਸੀਟਾਂ ਦੀ ਵੰਡ ਵੀ ਅਜੇ ਨਹੀਂ ਹੋਈ, ਜਿਸ ਕਾਰਨ ਟਿਕਟਾਂ ਦਾ ਐਲਾਨ ਅਜੇ ਨਹੀਂ ਹੋ ਸਕਿਆ। ਭਾਵੇਂ ਕਿ ਪਟਿਆਲਾ ਜ਼ਿਲ੍ਹੇ ਅੰਦਰ ਤਿੰਨ-ਚਾਰ ਹਲਕਿਆਂ ਅੰਦਰ ਪੰਜਾਬ ਲੋਕ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਅਰੰਭਿਆ ਜ਼ਰੂਰ ਹੋਇਆ ਹੈ। ਪਟਿਆਲਾ ਜ਼ਿਲ੍ਹੇ ਅੰਦਰ ਕਈ ਭਾਜਪਾ ਆਗੂਆਂ ਦੀਆਂ ਚੋਣ ਲੜਨ ਦੀਆਂ ਆਸਾਂ ਧਰੀਆਂ ਧਰਾਈਆਂ ਰਹਿਣ ਦੀਆਂ ਸੰਭਾਵਨਾਵਾਂ ਹਨ। ਪਟਿਆਲਾ ਜ਼ਿਲ੍ਹੇ ਅੰਦਰ ਸੰਯੁਕਤ ਸਮਾਜ ਮੋਰਚੇ ਵੱਲੋਂ ਹਲਕਾ ਘਨੌਰ ਤੋਂ ਆਪਣੇ ਪਹਿਲੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ ਅਤੇ ਆਪ ਨੂੰ ਛੱਡ ਕੇ ਬਾਕੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਲੋਕਾਂ ਦੀਆਂ ਨਜ਼ਰਾਂ ਅਜੇ ਉਮੀਦਵਾਰਾਂ ’ਤੇ ਲੱਗੀਆਂ ਹੋਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ