ਇੱਕ ਪਰਿਵਾਰ, ਇੰਕ ਸੀਟ ਦਾ ਨਿਯਮ ਤੋੜਨਾ ਗਲਤ, ਅਮਰਿੰਦਰ ਨੇ ਹੀ ਬਣਾਇਆ ਸੀ ਨਿਯਮ
ਖੁਸ਼ਵੀਰ ਸਿੰਘ ਤੂਰ/ਅਸ਼ਵਨੀ ਚਾਵਲਾ, ਪਟਿਆਲਾ/ਚੰਡੀਗੜ੍ਹ
ਪਟਿਆਲਾ ਲੋਕ ਸਭਾ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਲੇ ਮੌਜੂਦਾ ਵਿਧਾਇਕ ਕਾਕਾ ਰਣਦੀਪ ਸਿੰਘ ਆਪਣੀ ਹੀ ਪਾਰਟੀ ਕਾਂਗਰਸ ਤੋਂ ਨਰਾਜ਼ ਹੋ ਗਏ ਹਨ। ਉਨ੍ਹਾਂ ਸਾਫ਼ ਤੌਰ ‘ਤੇ ਕਹਿ ਦਿੱਤਾ ਹੈ ਕਿ ਹੁਣ ਉਹ ਪਟਿਆਲਾ ਵਿਖੇ ਜਾ ਕੇ ਮਹਾਰਾਣੀ ਪਰਨੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰਨਗੇ ਤੇ ਆਪਣੇ ਹਲਕੇ ਅਮਲੋਹ ਤੱਕ ਹੀ ਸੀਮਤ ਰਹਿਣਗੇ। ਕਾਕਾ ਰਣਦੀਪ ਸਿੰਘ ਦਾ ਇਹ ਬਿਆਨ ਪਰਨੀਤ ਕੌਰ ਲਈ ਦਿੱਕਤ ਪੈਦਾ ਕਰ ਸਕਦਾ ਹੈ, ਕਿਉਂਕਿ ਨਾਭਾ ਹਲਕੇ ਨੂੰ ਛੱਡੇ ਹੋਏ ਭਾਵੇਂ ਰਣਦੀਪ ਸਿੰਘ ਨੂੰ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਨਾਭਾ ਹਲਕੇ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਹੀ ਸਿੱਕਾ ਚੱਲਦਾ ਹੈ। ਟਿਕਟ ਨਹੀਂ ਮਿਲਣ ਤੋਂ ਬਾਅਦ ਰਣਦੀਪ ਸਿੰਘ ਨੇ ਕਿਹਾ ਕਿ ਪਰਨੀਤ ਕੌਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਨ ਨੇ ਇਹ ਫੈਸਲਾ ਲਿਆ ਹੈ ਪਰ ਉਨ੍ਹਾਂ ਨੂੰ ਵੀ ਆਸ ਸੀ ਕਿ ਉਨ੍ਹਾਂ ਨੂੰ ਟਿਕਟ ਮਿਲੇਗੀ, ਕਿਉਂਕਿ ਮੇਰੇ ਪਰਿਵਾਰ ਨੇ 4 ਪੀੜ੍ਹੀਆਂ ਤਹਿਤ ਕਾਂਗਰਸ ਦੀ ਸੇਵਾ ਕੀਤੀ ਹੈ ਤੇ ਇੱਥੇ ਹੀ ਉਨ੍ਹਾਂ ਦੇ ਪਰਿਵਾਰ ਨੇ ਬਕਾਇਦਾ ਕੁਰਬਾਨੀਆਂ ਵੀ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਨਿਯਮ ਵੀ ਇਹ ਕਹਿੰਦਾ ਹੈ ਕਿ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਮਿਲੇਗੀ। ਅਮਰਿੰਦਰ ਸਿੰਘ ਵੱਲੋਂ ਵੀ ਪਿਛਲੇ ਸਮੇਂ ਦੌਰਾਨ ਇਸ ਨਿਯਮ ਦਾ ਵੀ ਜਿਕਰ ਕੀਤਾ ਹੋਇਆ ਹੈ ਪਰ ਹੁਣ ਜਿਹੜਾ ਵੀ ਫੈਸਲਾ ਆਇਆ ਹੈ ਉਹ ਉਸ ਦਾ ਸਨਮਾਨ ਕਰਦੇ ਹਨ। ਰਣਦੀਪ ਸਿੰਘ ਨੇ ਅੱਗੇ ਕਿਹਾ ਕਿ ਟਿਕਟ ਮੰਗਣ ਦਾ ਹਰ ਵਰਕਰ ਦਾ ਅਧਿਕਾਰ ਹੈ, ਇਸੇ ਅਧਿਕਾਰ ਤਹਿਤ ਹੀ ਮੇਰੇ ਵਲੋਂ ਹੀ ਟਿਕਟ ਮੰਗੀ ਗਈ ਸੀ। ਉਨਾਂ ਕਿਹਾ ਕਿ ਪਟਿਆਲਾ ਵਿਖੇ ਪ੍ਰਚਾਰ ਕਰਨ ਦੀ ਜਿੰਮੇਵਾਰੀ ਉਨਾਂ ਦੀ ਨਹੀਂ ਹੈ, ਕਿਉਂਕਿ ਉਹ ਅਮਲੋਹ ਤੋਂ ਵਿਧਾਇਕ ਹਨ ਅਤੇ ਉਹ ਅਮਲੋਹ ਪਟਿਆਲਾ ਲੋਕ ਸਭਾ ਸੀਟ ਅਧੀਨ ਨਹੀਂ ਆਉਂਦਾ ਹੈ। ਉਨਾਂ ਕਿਹਾ ਕਿ ਹੁਣ ਉਹ ਆਪਣੇ ਆਪ ਨੂੰ ਅਮਲੋਹ ਤੱਕ ਹੀ ਸੀਮਤ ਰੱਖਦੇ ਹੋਏ ਇੱਥੇ ਹੀ ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।