25 ਤੋਂ 35 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੋ ਰਹੇ ਸੌਦੇ
ਅਬੋਹਰ (ਸੁਧੀਰ ਅਰੋੜਾ)। ਜ਼ਿਲ੍ਹਾ ਫਾਜ਼ਿਲਕਾ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਹੁਣ ਸਵੇਰੇ-ਸ਼ਾਮ ਠੰਢੀਆਂ ਹਵਾਵਾਂ ਚੱਲਣ ਨਾਲ ਕਾਫੀ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਧੁੰਦ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ ਹੋਇਆ ਹੈ। ਲਗਾਤਾਰ ਸੀਤ ਲਹਿਰ ਕਾਰਨ ਕੰਬਣੀ ਛੁੱਟ ਰਹੀ ਹੈ। ਸਰੀਰ ’ਤੇ ਊਨੀ ਕੱਪੜੇ ਵੀ ਬੇਅਸਰ ਸਾਬਤ ਹੋ ਰਹੇ ਹਨ।
ਜੇਕਰ ਅਬੋਹਰ ਖੇਤਰ ’ਚ ਕਿੰਨੂ (Kinnow Farming) ਦੀ ਸਾਲਾਨਾ ਫਸਲ ਦੀ ਗੱਲ ਕਰੀਏ ਤਾਂ ਇਸ ਦੀ ਪੈਦਾਵਾਰ ਜ਼ਿਆਦਾ ਹੋਣ ਕਾਰਨ ਇਸ ਨੂੰ ਕੈਲੀਫੋਰਨੀਆ ਕਿਹਾ ਜਾਂਦਾ ਹੈ ਤੇ ਇੱਥੋਂ ਦੇ ਕਿੰਨੂ ਵਿਦੇਸ਼ਾਂ ਨੂੰ ਵੀ ਨਿਰਯਾਤ ਕੀਤੇ ਜਾਂਦੇ ਹਨ, ਜ਼ਿਲ੍ਹੇ ’ਚ ਕਰੀਬ 34 ਹਜ਼ਾਰ ਹੈਕਟੇਅਰ ਰਕਬੇ ’ਚ ਕਿੰਨੂ ਦੇ ਬਾਗ ਹਨ।
ਇਸ ਵਾਰ ਕਿੰਨੂ ਦੀ ਆਮਦ (Kinnow Farming) ’ਚ ਕਮੀ, ਵੱਧ ਰੇਟ ਮਿਲਣ ਤਾਂ ਹੋਵੇ ਭਰਪਾਈ: ਵਿਕਾਸ ਭਾਦੂ
ਪਿੰਡ ਸ਼ੇਰਗੜ੍ਹ ਦੇ ਪ੍ਰਗਤੀਸ਼ੀਲ ਕਿਸਾਨ ਵਿਕਾਸ ਭਾਦੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕਿੰਨੂ (Kinnow Farming) ਦਾ ਪੂਰਾ ਭਾਅ ਨਹੀਂ ਮਿਲ ਰਿਹਾ, 25 ਤੋਂ 35 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੌਦਾ ਹੋਏ ਹਨ ਤੇ ਹੋ ਰਹੇ ਹਨ। ਇਸ ਵਾਰ ਧੁੰਦ ਅਜੇ ਵੀ ਘੱਟ ਹੈ। ਇਸ ਧੁੰਦ ਦੇ ਪੈਣ ਕਾਰਨ ਕਿੰਨੂ ਵਿੱਚ ਮਿਠਾਸ ਪੈਦਾ ਹੁੰਦੀ ਹੈ। ਜਨਵਰੀ, ਫਰਵਰੀ, ਮਾਰਚ, ਅਪਰੈਲ ਮਹੀਨੇ ’ਚ ਫੁੱਲਗੁੜੀ ਬਣਦੀ ਹੈ। ਉਸ ਸਮੇਂ ਬਾਗ਼ਾਂ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ। ਉਸ ਸਮੇਂ ਪਾਣੀ ਘੱਟ ਮਿਲਣ ਦਾ ਵੀ ਮਸਲਾ ਰਿਹਾ ਤੇ ਤਪਦੀ ਗਰਮੀ ਕਾਰਨ ਫੁਲਗੁੜੀ ਦੇ ਡਿੱਗਣ ਕਾਰਨ ਹੁਣ ਫਲਾਂ ਦੀ ਗਿਣਤੀ ’ਚ ਵੀ ਕਮੀ ਜਰੂਰ ਆਈ ਹੈ।
ਦੂਜੇ ਪਾਸੇ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਵਾ ਚੱਲਣ ਕਾਰਨ ਅਜੇ ਤੱਕ ਧੁੰਦ ਓਨ੍ਹੀ ਸੰਘਣੀ ਨਹੀਂ ਪਈ, ਜਿੰਨੀ ਹੁਣ ਬਾਗ਼ਾਂ ਨੂੰ ਲੋੜ ਸੀ। ਕੋਹਰਾ ਜੰਮਣਾ ਜਾਂ ਪੈਣਾ ਨੁਕਸਾਨਦਾਇਕ ਹੈ। ਕਿੰਨੂ ਦੇ ਬਾਗਾਂ ਤੋਂ ਇਲਾਵਾ ਸਰ੍ਹੋਂ ਦੀ ਫਸਲ, ਹਰਾ ਘਾਹ ਤੇ ਕਿੰਨੂ ਕੋਹਰੇ ਕਾਰਨ ਨੁਕਸਾਨੇ ਜਾਂਦੇ ਹਨ। ਜਦੋਂ ਕਿ ਸੀਜ਼ਨ ਵਿੱਚ ਧੁੰਦ ਕਣਕ ਆਦਿ ਫਸਲਾਂ ਲਈ ਵੀ ਲਾਹੇਵੰਦ ਹੁੰਦੀ ਹੈ। ਕੋਹਰਾ ਪੈਣ ਤੇ ਤਾਪਮਾਨ ਨੂੰ ਸਥਿਰ ਰੱਖਣ ਲਈ ਧੂੰਆਂ ਤੇ ਪਾਣੀ ਛੱਡਣ ਦਾ ਪ੍ਰਬੰਧ ਕਰਨਾ ਪੈਂਦਾ ਹੈ
ਚੰਗੇ ਕਾਰੋਬਾਰ ਦੀ ਆਸ ’ਚ ਦੁਕਾਨਦਾਰ
ਹੁਣ ਕਿੰਨੂ ਦੇ ਵਪਾਰੀਆਂ ਦੀ ਆਮਦ ਨਾਲ ਸੌਦਿਆਂ ’ਚ ਤੇਜ਼ੀ ਆਈ ਹੈ। ਜਨਵਰੀ ਮਹੀਨੇ ’ਚ ਸੌਦਿਆਂ ’ਚ ਵਾਧਾ ਹੋਣ ਕਾਰਨ ਕੀਮਤਾਂ ’ਚ ਵਾਧਾ ਹੋਣ ਦੇ ਆਸਾਰ ਹਨ। ਕਿੰਨੂ ਤੁੜਾਈ ਕਰਨ ਜਾ ਰਹੇ ਮਜਦੂਰਾਂ ਤੇ ਕਿੰਨੂ ਲਿਜਾਣ ਵਾਲੇ ਵਾਹਨਾਂ ਨੂੰ ਦੇਖ ਕੇ ਕਿਸਾਨਾਂ ਤੇ ਮਜਦੂਰ ਵਰਗ ਦੇ ਚਿਹਰਿਆਂ ’ਤੇ ਮੁਸਕਰਾਹਟ ਦਿਖਾਈ ਦੇਣ ਲੱਗੀ ਹੈ, ਉੱਥੇ ਹੀ ਪਿੰਡਾਂ ਤੇ ਸ਼ਹਿਰਾਂ ’ਚ ਬੈਠੇ ਦੁਕਾਨਦਾਰ ਵੀ ਪੁਰਾਣੇ ਉਧਾਰ ਨੂੰ ਲੈ ਕੇ ਨਵੀਂ ਹੌਜਰੀ ਤੇ ਕਰਿਆਨਾ ਵੇਚਣ ਵਾਲਿਆਂ ਨੂੰ ਚੰਗੀ ਆਮਦਨ ਦੀ ਆਸ ਬੱਝੀ ਹੈ।
ਜੇਕਰ ਦਿੱਲੀ, ਨੇਪਾਲ, ਬੈਂਗਲੋਰ, ਭੂਟਾਨ, ਸ੍ਰੀਲੰਕਾ ਆਦਿ ਤੋਂ ਬਾਹਰਲੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਸ਼ਹਿਰਾਂ ਦੇ ਹਿਸਾਬ ਨਾਲ ਰੇਟ ਬਹੁਤ ਘੱਟ ਹਨ। ਆਗਾਮੀ ਕੋਰੋਨਾ ਦੇ ਸਿਰ ਚੜ੍ਹਨ ਨੂੰ ਲੈ ਕੇ ਬਾਗਬਾਨਾਂ ’ਚ ਕਿਤੇ ਨਾ ਕਿਤੇ ਡਰ ਜਰੂਰ ਹੈ, ਕਿਉਂਕਿ ਜੇਕਰ ਕੋਰੋਨਾ ਆ ਗਿਆ ਤਾਂ ਕਿਤੇ ਨਾ ਕਿਤੇ ਭਾਅ ਡਿੱਗਣ ਦਾ ਡਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ