ਵੀਡੀਓ ਹੋਈ ਵਾਇਰਲ, ਉਦਘਾਟਨੀ ਪੱਥਰ ‘ਤੇ ਆਪਣਾ ਨਾਂਅ ਤੀਜੇ ਨੰਬਰ ‘ਤੇ ਲਿਖਣ ਤੋਂ ਖਫ਼ਾ ਸਨ
ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਹਨ ਸਖ਼ਤ ਟਿੱਪਣੀਆਂ,
ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਐ ਕਾਂਗਰਸੀ ਮੰਤਰੀਆਂ ‘ਤੇ : ਵਿਨੋਦ ਬਾਂਸਲ
ਚੰਡੀਗੜ੍ਹ/ਨਾਭਾ (ਅਸ਼ਵਨੀ ਚਾਵਲਾ/ਤਰੁਣ ਸ਼ਰਮਾ) । ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨ ਨਾਭਾ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਇਮਾਰਤ ਦੇ ਉਦਘਾਟਨ ਮੌਕੇ ਸਖ਼ਤ ਗੁੱਸੇ ‘ਚ ਆ ਕੇ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਨਾਲ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਮੰਤਰੀ ਖਿਲਾਫ਼ ਗੁੱਸਾ ਫੁੱਟ ਪਿਆ ਹੈ, ਜਿਸ ਵਿੱਚ ਆਮ ਲੋਕ ਸਿੱਧੇ ‘ਤੇ ਮੰਤਰੀ ਸਾਧੂ ਧਰਮਸੋਤ ਨੂੰ ਸੱਤਾ ਦੇ ਨਸ਼ੇ ਵਿੱਚ ਚੂਰ ਹੋਇਆ ਮੰਤਰੀ ਤੱਕ ਕਹਿ ਰਹੇ ਹਨ। ਇਸ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੀ ਕਾਫ਼ੀ ਜ਼ਿਆਦਾ ਕਿਰਕਿਰੀ ਵੀ ਹੋ ਰਹੀ ਹੈ, ਜਿਸ ਕਾਰਨ ਕਾਂਗਰਸ ਵੱਲੋਂ ਕੋਈ ਵੀ ਪ੍ਰਤੀਕਿਰਿਆ ਦੇਣ ਦੀ ਥਾਂ ‘ਤੇ ਇਹ ਮਾਮਲਾ ਮੁੱਖ ਮੰਤਰੀ ਦੇ ਪੱਧਰ ਦਾ ਕਿਹਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਸਾਧੂ ਸਿੰਘ ਧਰਮਸੋਤ ਨਾਭਾ ਦੇ ਸਰਕਾਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਲਈ ਪੁੱਜੇ ਸਨ, ਜਿਥੇ ਕਿ ਉਦਘਾਟਨ ਦੀ ਪਲੇਟ ‘ਤੇ ਉਨ੍ਹਾਂ ਦਾ ਨਾਂਅ ਤੀਜੇ ਨੰਬਰ ‘ਤੇ ਸੀ, ਜਿਸ ਨੂੰ ਦੇਖ ਕੇ ਉਹ ਕਾਫ਼ੀ ਜ਼ਿਆਦਾ ਭੜਕ ਪਏ ਅਤੇ ਉਨ੍ਹਾਂ ਨੇ ਮੌਕੇ ‘ਤੇ ਮਹਿਲਾ ਪ੍ਰਿੰਸੀਪਲ ਨਾਲ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਨਾਂ ਨੂੰ ਸਸਪੈਂਡ ਕਰਨ ਦੀ ਧਮਕੀ ਤੱਕ ਦੇ ਦਿੱਤੀ ਸੀ। ਇਹ ਪੂਰੀ ਵੀਡੀਓ ਮੀਡੀਆ ਨੇ ਬਣਾ ਲਈ ਸੀ, ਜਿਹੜਾ ਕਿ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਿਥੇ ਕਾਂਗਰਸ ਦੀ ਕਾਫ਼ੀ ਜਿਆਦਾ ਕਿਰਕਰੀ ਹੋਣ ਲਗੀ ਤਾਂ ਉਥੇ ਹੀ ਆਮ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਫ਼ੀ ਜਿਆਦਾ ਬੂਰਾ ਭਲਾ ਕਹਿੰਦੇ ਹੋਏ ਆਪਣਾ ਗ਼ੁੱਸਾ ਜ਼ਾਹਿਰ ਕੀਤਾ।
ਸੋਸ਼ਲ ਮੀਡੀਆ ‘ਤੇ ਧਮਕੀ ਦੇਣ ਵਾਲੀ ਵੀਡੀਓ ‘ਤੇ ਆਪਣੀ ਟਿੱਪਣੀ ਦਿੰਦੇ ਹੋਏ ਵਿਨੋਦ ਬਾਂਸਲ ਨੇ ਲਿਖਿਆ ਹੈ ਕਿ ਸੱਤਾ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ, ਜਿਹੜਾ ਕਿ ਇੱਕ ਮਹਿਲਾ ਅਧਿਆਪਕ ਨਾਲ ਇਸ ਤਰਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਇਥੇ ਹੀ ਲਛਮਣ ਕੁਮਾਰ ਨੇ ਤਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਖ਼ਤ ਸ਼ਬਦਾਂ ਨਾਲ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਲਿਖਿਆ ਹੈ, ਜਿਸ ਨੂੰ ਕਿ ਛਾਪਿਆ ਨਹੀਂ ਜਾ ਸਕਦਾ ਹੈ। ਇਥੇ ਹੀ ਪ੍ਰੇਮ ਕੁਮਾਰ ਨੇ ਲਿਖਿਆ ਹੈ ਕਿ ਮੰਤਰੀ ਨੂੰ ਸ਼ਰਮ ਕਰਨੀ ਚਾਹੀਦੀ ਹੈ, ਜਿਹੜਾ ਕਿ ਇੱਕ ਮਹਿਲਾ ਪ੍ਰਿੰਸੀਪਲ ਨਾਲ ਬਦਤਮੀਜ਼ੀ ਕਰਦੇ ਹੋਏ ਸਸਪੈਂਡ ਕਰਨ ਦੀ ਧਮਕੀ ਦੇ ਰਿਹਾ ਹੈ।
ਇਥੇ ਹੀ ਬਹੁਤ ਲੋਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਸੁਆਲ ਕੀਤਾ ਹੈ ਕਿ ਇਹੋ ਜਿਹੇ ਮੰਤਰੀ ਉਨਾਂ ਦੀ ਟੀਮ ਵਿੱਚ ਹਨ ਤਾਂ ਉਹ ਕਿਵੇਂ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦੀ ਗਲ ਆਖਦੇ ਹੋਏ ਆਮ ਲੋਕਾਂ ਦੇ ਮੁੱਖ ਮੰਤਰੀ ਬੰਨਣ ਦਾ ਵਿਸ਼ਵਾਸ ਦੇ ਰਹੇ ਹਨ।
ਹੁਣ ਨੀਂਹ ਤੇ ਉਦਘਾਟਨੀ ਪੱਥਰਾਂ ‘ਤੇ ਨਹੀਂ ਹੋਣਗੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਂਅ
ਸਾਧੂ ਸਿੰਘ ਧਰਮਸੋਤ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨੀਂਹ ਤੇ ਉਦਘਾਟਨੀ ਪੱਥਰਾਂ ‘ਤੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਂਅ ਲਿਖਣ ‘ਤੇ ਰੋਕ ਲਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਅਸੀਂ ਜੋ ਕੁਝ ਹਾਂ ਪੰਜਾਬ ਦੀ ਜਨਤਾ ਦੇ ਕਾਰਨ ਹੀ ਹਾਂ ਉਨ੍ਹਾਂ ਨੇ ਮੰਤਰੀਆਂ ਨੂੰ ਹਲੀਮੀ ਵਰਤਣ ਦੀ ਨਸੀਹਤ ਦਿੱਤੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਰਵਾਇਤ ਤੌਰੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।