ਪੰਜਾਬ ਨੂੰ ਮੁੜ ਤੋਂ ਖੇਡਾਂ ਵਿੱਚ ਅਵਲ ਬਣਾਇਆ ਜਾਵੇਗਾ : ਅਨਮੋਲ ਗਗਨ ਮਾਨ
ਖਰੜ/ਮੋਹਾਲੀ (ਐੱਮ ਕੇ ਸ਼ਾਇਨਾ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਚੰਦੋ ਵਿਖੇ ਖੇਡ ਸਟੇਡੀਅਮ ਬਣਾਇਆ ਗਿਆ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Cabinet Minister Anmol Gagan Mann) ਨੇ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਮੋੜ ਕੇ ਖੇਡਾਂ ਵੱਲ ਲਾਉਣ ਦਾ ਇਹ ਵਧੀਆ ਉਪਰਾਲਾ ਹੈ। ਇਸ ਸਟੇਡੀਅਮ ਨਾਲ ਨੌਜਵਾਨਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ। ਇਸ ਪਿੰਡ ਦੇ ਨਾਲ ਨਾਲ ਨੇੜਲੇ ਪਿੰਡਾਂ ਦੇ ਖਿਡਾਰੀ ਵੀ ਇਸ ਸਟੇਡੀਅਮ ਵਿੱਚ ਆ ਕੇ ਖੇਡ ਸਕਦੇ ਹਨ। ਇਸ ਮੌਕੇ ਉਨ੍ਹਾਂ ਸਥਾਨਕ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਟੇਡੀਅਮ ਸਦਕਾ ਕਈ ਵੱਡੇ ਖਿਡਾਰੀ ਅੱਗੇ ਆ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾ ਦੇ ਵਿਕਾਸ ਨਾਲ ਸਬੰਧਿਤ ਹੋਰ ਵੀ ਕਈ ਉਪਰਾਲੇ ਕਰ ਰਹੀ ਹੈ। ਪੰਜਾਬ ਨੂੰ ਮੁੜ ਤੋਂ ਖੇਡ ਮੁਕਾਬਿਆ ਵਿੱਚ ਪਹਿਲੇ ਨੰਬਰ ‘ਤੇ ਲਿਆਂਦਾ ਜਾਵੇਗਾ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।ਉਨ੍ਹਾਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਖੇਡਾਂ ਵੱਲ ਹੋਰ ਰੁਚੀ ਵਧਾਉਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਮੁਸ਼ਕਲ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।