ਪੀਸੀਆਰ ਪੁਲਿਸ ਦੀ ਦਲੇਰੀ ਤੇ ਮੁਸਤੈਦੀ ਸਦਕਾ ਆਏ ਕਾਬੂ
- 3 ਪਿਸਤੌਲ ਤੇ 5 ਰੌਂਦਾਂ ਸਮੇਤ ਖੋਹਿਆ ਮੋਟਰਸਾਈਕਲ ਵੀ ਬਰਾਮਦ
- ਪੀਸੀਆਰ ਤੇ ਟ੍ਰੈਫਿਕ ਪੁਲਿਸ ‘ਚ ਕੀਤੇ ਜਾਣਗੇ ਵੱਡੇ ਸੁਧਾਰ : ਐੱਸਪੀ ਹੁੰਦਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਟਿਆਲਾ ਪੁਲਿਸ ਦੀ ਪੀਸੀਆਰ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਘੁੰਮ ਰਹੇ ਲੁੱਟ-ਖੋਹ ਕਰਨ ਸਮੇਤ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਨ ਵਾਲੇ 5 ਜਣੇ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਟ੍ਰੈਫਿਕ ਤੇ ਸੁਰੱਖਿਆ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 2 ਪਿਸਤੌਲ 315 ਬੋਰ ਦੇਸੀ ਤੇ ਇੱਕ ਜਿੰਦਾ ਕਾਰਤੂਸ, ਇੱਕ ਖੋਲ ਤੇ 1 ਪਿਸਤੌਲ 32 ਬੋਰ ਦੇਸੀ, 4 ਜਿੰਦਾ ਕਾਰਤੂਸਾਂ ਸਮੇਤ ਇਨ੍ਹਾਂ ਵੱਲੋਂ ਪਹਿਲਾਂ ਕਿਸੇ ਵਾਰਦਾਤ ‘ਚ ਖੋਹਿਆ ਗਿਆ ਜਾਅਲੀ ਨੰਬਰ ਲੱਗਾ ਇੱਕ ਪਲਸਰ ਮੋਟਰਸਾਈਕਲ ਵੀ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਐੱਸ. ਆਈ. ਮਦਨ ਲਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਪੀਸੀਆਰ 12 ਦਾ ਜਾਇਜ਼ਾ ਕਰਨ ਡਕਾਲਾ ਚੁੰਗੀ ਪੁੱਜੀ ਤਾਂ ਇਸੇ ਦੌਰਾਨ ਡਕਾਲਾ ਵਾਲੇ ਪਾਸੇ ਤੋਂ ਆ ਰਹੇ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆ ਰਹੇ 5 ਵਿਅਕਤੀਆਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ। ਇਸੇ ਦੌਰਾਨ ਪਲਸਰ ਮੋਟਰਸਾਈਕਲ ‘ਤੇ ਪਿੱਛੇ ਬੈਠੇ ਇੱਕ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਪਰੰਤੂ ਪੁਲਿਸ ਦੀ ਹੁਸ਼ਿਆਰੀ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਦਲੇਰੀ ਨਾਲ ਇਨ੍ਹਾਂ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ। (PCR Patiala)
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ
ਐੱਸ. ਪੀ. ਨੇ ਦੱਸਿਆ ਕਿ ਇਸੇ ਦੌਰਾਨ ਪੁਲਿਸ ਨੇ ਮੁਸਤੈਦੀ ਨਾਲ ਇਨ੍ਹਾਂ ਦੇ ਦੂਜੇ ਸਾਥੀ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਵੀ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਸੁਖਚੈਨ ਸਿੰਘ ਜੈਲਦਾਰ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 609 ਗਲੀ ਨੰਬਰ 3 ਪ੍ਰੋਫੈਸਰ ਕਲੋਨੀ ਪਟਿਆਲਾ, ਇਸ ਕੋਲੋਂ 1111 ਨੰਬਰ ਲੱਗਾ 32 ਬੋਰ ਦਾ ਪਿਸਤੌਲ ਤੇ 4 ਰੌਂਦ ਬਰਾਮਦ ਹੋਏ, ਲਵਪ੍ਰੀਤ ਸਿੰਘ ਲਵਲੀ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਪੱਤੜ ਥਾਣਾ ਰੋੜੀ ਸਰਸਾ ਹਰਿਆਣਾ, ਇਸ ਕੋਲੋਂ ਵੀ ਇੱਕ ਪਿਸਤੌਲ 315 ਬੋਰ ਬਰਾਮਦ ਹੋਇਆ ਜਦੋਂ ਕਿ ਤੀਸਰੇ ਵਿਅਕਤੀ ਦੀ ਪਛਾਣ ਪਰਵਿੰਦਰ ਸਿੰਘ ਚਿੱਟਾ ਪਿੰਦਰੀ ਪੁੱਤਰ ਜਗਨ ਸਿੰਘ ਵਾਸੀ ਪਿੰਡ ਰੈਸਲ ਥਾਣਾ ਭਾਦਸੋਂ ਵਜੋਂ ਹੋਈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਨ੍ਹਾਂ ‘ਚੋਂ ਕੁਝ ਜਣੇ ਪੜ੍ਹਦੇ ਹਨ ਤੇ ਪੀ.ਜੀ. ਵਜੋਂ ਵੀ ਰਹਿੰਦੇ ਹਨ ਤੇ ਇਨ੍ਹਾਂ ਦੀ ਆਪਸ ‘ਚ ਜਾਣ ਪਛਾਣ ਹੋ ਗਈ। ਇਨ੍ਹਾਂ ਵਿੱਚੋਂ 25 ਸਾਲਾ ਹਰਿੰਦਰਪਾਲ ਸਿੰਘ ਜੇ.ਪੀ. ਗ੍ਰੈਜੂਏਟ ਹੈ ਤੇ ਇਹ ਬਿਟ ਕੁਆਇਨ ਟ੍ਰੇਡਿੰਗ ਕਰਦਾ ਹੈ। ਜਦੋਂਕਿ 20 ਸਾਲਾ ਲਵਪ੍ਰੀਤ ਸਿੰਘ ਬੀਐੱਸਸੀ ਕਰਦਾ ਹੈ ਤੇ 21 ਸਾਲਾ ਅੱਠਵੀਂ ਪਾਸ ਇੰਦਰਜੀਤ ਸਿੰਘ ਇੰਦਰ ਮਜ਼ਦੂਰੀ ਕਰਦਾ ਹੈ, ਜਿਸ ‘ਤੇ ਪਹਿਲਾਂ ਵੀ ਥਾਣਾ ਸਦਰ ਨਾਭਾ ਵਿਖੇ ਇੱਕ ਕੇਸ ਦਰਜ ਹੈ ਤੇ 21 ਸਾਲਾ ਬਾਰ੍ਹਵ੍ਹੀਂ ਪਾਸ ਪਰਮਿੰਦਰ ਸਿੰਘ ਖੇਤੀਬਾੜੀ ਕਰਦਾ ਹੈ। ਦਸਵੀਂ ਪਾਸ 28 ਸਾਲਾ ਸੁਖਚੈਨ ਸਿੰਘ ਜੈਲਦਾਰ, ਇਸ ਵਿਰੁੱਧ ਵੀ ਪਹਿਲਾਂ ਥਾਣਾ ਕੋਤਵਾਲੀ ਨਾਭਾ ਵਿਖੇ ਇੱਕ ਕੇਸ ਦਰਜ ਹੈ, ਇਨ੍ਹਾਂ ਦੇ ਪੀਜੀ ਛੋਟੀ ਬਾਰਾਂਦਰੀ ਤੇ ਕਿਰਾਏ ‘ਤੇ ਲਏ ਕਮਰਿਆਂ ‘ਚ ਆਉਂਦਾ ਜਾਂਦਾ ਸੀ, ਇੱਥੋਂ ਹੀ ਇਨ੍ਹਾਂ ਦੀ ਆਪਸੀ ਜਾਣ ਪਛਾਣ ਹੋਈ। (PCR Patiala)
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਐੱਸ. ਪੀ. ਹੁੰਦਲ ਨੇ ਦੱਸਿਆ ਕਿ ਇਨ੍ਹਾਂ ਨੇ ਦਿੱਲੀ ਦੀ ਇੱਕ ਬਿਟ ਕੁਆਇਨ ਦਾ ਕੰਮ ਕਰਦੀ ਤੇ ਹਰਿੰਦਰਪਾਲ ਜੇ.ਪੀ. ਦੇ ਸੰਪਰਕ ਵਾਲੀ ਪਾਰਟੀ ਨੂੰ ਲੁੱਟਣ ਦੀ ਯੋਜਨਾ ਬਣਾਈ ਤੇ ਇਸ ਨੂੰ ਵੱਡੀ ਰਕਮ ਸਮੇਤ ਪਟਿਆਲਾ ਬੁਲਾਇਆ ਹੋਇਆ ਸੀ। ਇਸ ਲੁੱਟਣ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਇਨ੍ਹਾਂ ਨੇ ਪਿੰਡ ਬੀਬੀਪੁਰ ਨੇੜੇ ਰੱਖੜਾ ਨੇੜਿਓਂ ਵੀ ਇੱਕ ਸਪਲੈਂਡਰ ਮੋਟਰਸਾਈਕਲ ਦੀ ਪਿਸਤੌਲ ਦੀ ਨੋਕ ‘ਤੇ ਖੋਹ ਕੀਤੀ ਸੀ, ਜਿਸ ਬਾਬਤ ਮੁਕੱਦਮਾ ਥਾਣਾ ਬਖ਼ਸ਼ੀਵਾਲ ਵਿਖੇ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪੁਲਿਸ ਰਿਮਾਂਡ ਲੈਕੇ ਹੋਰ ਵਧੇਰੇ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਟ੍ਰੈਫਿਕ ਸੌਰਵ ਜਿੰਦਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। (PCR Patiala)