ਹਿਮਾਚਲ ਪ੍ਰਦੇਸ਼ ‘ਚ ਜ਼ਿਮਨੀ ਚੋਣਾਂ 21 ਅਕਤੂਬਰ ਨੂੰ | Himachal Pradesh
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਜ਼ਿਮਨੀ ਚੋਣ ਦਾ ਬਿਗੁੱਲ ਵੱਜ ਗਿਆ ਹੈ। ਚੋਣ ਕਮਿਸ਼ਨ ਨੇ ਧਰਮਸ਼ਾਲਾ ਅਤੇ ਪਚਛਾਦ ਸੀਟ ‘ਤੇ ਚੋਣਾਂ ਸਬੰਧੀ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਦੱਸਿਆ ਹੈ ਕਿ ਹਿਮਾਚਲ ‘ਚ ਧਰਮਸ਼ਾਲਾ ਤੇ ਪਚਛਾਦ ਵਿਧਾਨ ਸਭਾ ਖੇਤਰਾਂ ‘ਚ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ। 23 ਸਤੰਬਰ ਨੂੰ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੋਵੇਗੀ। ਨਾਮਜ਼ਦਗੀ ਭਰਨ ਦੀ ਆਖਰੀ ਤਾਰੀਕ 30 ਸਤੰਬਰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 1 ਅਕਤੂਬਰ ਅਤੇ ਨਾਂ ਵਾਪਸੀ 3 ਅਕਤੂਬਰ ਤੱਕ ਹੋਵੇਗੀ।
ਦੱਸਣਯੋਗ ਹੈ ਕਿ ਧਰਮਸ਼ਾਲਾ ਤੋਂ ਕਿਸ਼ਨ ਕਪੂਰ ਅਤੇ ਜ਼ਿਲ੍ਹਾ ਸਿਰਮੌਰ ਦੇ ਪਚਛਾਦ ਵਿਧਾਨ ਸਭਾ ਖੇਤਰ ਤੋਂ ਸੁਰੇਸ਼ ਕਸ਼ਿਅਪ ਦੇ ਸੰਸਦ ਮੈਂਬਰ ਬਣਨ ਕਾਰਨ ਇੱਥੇ ਉਪ ਚੋਣਾਂ ਹੋਣਗੀਆਂ। ਸਾਲ 2017 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਧਰਮਸ਼ਾਲਾ ਤੋਂ ਕਿਸ਼ਨ ਕਪੂਰ ਨੇ ਸੁਧੀਰ ਸ਼ਰਮਾ ਨੂੰ ਹਰਾਇਆ ਸੀ ਜਦਕਿ ਪਚਛਾਦ ਹਲਕੇ ‘ਚ ਸੁਰੇਸ਼ ਕਸ਼ਿਅਪ ਨੇ ਕਾਂਗਰਸ ਦੇ ਗੰਗੂਰਾਮ ਮੁਸਾਫਿਰ ਨੂੰ ਹਰਾਇਆ ਸੀ। ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੁੰਦੇ ਹੀ ਸਿਰਮੌਰ ਅਤੇ ਕਾਂਗੜਾ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।