ਕਿਲਾ ਰਾਏਪੁਰ (ਲੁਧਿਆਣਾ) : ਓਲੰਪਿਕ ਖੇਡਾਂ ਮੌਕੇ ਬਲਦਾਂ ਦੀਆਂ ਦੌੜਾਂ ਦੀ ਤਸਵੀਰ।
Kila Raipur Rural Olympics: (ਸੁਰਿੰਦਰ ਕੁਮਾਰ ਸ਼ਰਮਾ) ਕਿਲਾ ਰਾਏਪੁਰ (ਲੁਧਿਆਣਾ)। ਲੁਧਿਆਣਾ ਦੇ ਕਿਲ੍ਹਾ ਰਾਏਪੁਰ ਪਿੰਡ ’ਚ 86ਵੀਆਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਦੀ ਸ਼ੁਰੂਆਤ ਮੰਗਲਵਾਰ ਨੂੰ ਸ਼ਾਨਦਾਰ ਢੰਗ ਨਾਲ ਹੋਈ। 12 ਸਾਲਾਂ ਦੇ ਲੰਮੇ ਅੰਤਰਾਲ ਬਾਅਦ ਵਿਸ਼ਵ-ਪ੍ਰਸਿੱਧ ਬਲਦ ਗੱਡੀ ਦੌੜਾਂ ਦੀ ਮੁੜ ਵਾਪਸੀ ਨੇ ਇਸ ਮੇਲੇ ਨੂੰ ਖਾਸ ਬਣਾਇਆ ਅਤੇ ਭਾਰੀ ਗਿਣਤੀ ਵਿੱਚ ਦਰਸ਼ਕ ਇਸ ਰੋਮਾਂਚਕ ਦ੍ਰਿਸ਼ ਦੇ ਗਵਾਹ ਬਣੇ।
ਖੇਡ ਮੇਲੇ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਾ. ਕੇਐੱਨਐੱਸ ਕੰਗ ਵੀ ਹਾਜ਼ਰ ਸਨ। ਮੰਤਰੀ ਖੁੱਡੀਆਂ ਨੇ ਕਿਹਾ ਕਿ ਬਲਦ ਗੱਡੀ ਦੌੜਾਂ ਪੰਜਾਬ ਦੀ ਪਿੰਡਾਂ ਨਾਲ ਜੁੜੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਜਾਨਵਰਾਂ ਦੀ ਸੁਰੱਖਿਆ ਲਈ ਮਿਆਰ ਤੈਅ ਕੀਤੇ ਗਏ, ਕਾਨੂੰਨੀ ਰੁਕਾਵਟਾਂ ਦੂਰ ਕੀਤੀਆਂ ਗਈਆਂ ਅਤੇ ਦੌੜਾਂ ਦੀ ਮੁੜ ਸ਼ੁਰੂਆਤ ਸੰਭਵ ਹੋਈ।
ਇਹ ਵੀ ਪੜ੍ਹੋ: JEE Exam Result: ਜੇਈਈ ਦੀ ਪ੍ਰੀਖਿਆ ’ਚੋਂ ਆਸ਼ੀ ਗੋਇਲ ਨੇ ਜ਼ਿਲ੍ਹੇ ਵਿੱਚੋਂ ਕੀਤਾ ‘ਟਾਪ’
ਮੰਤਰੀ ਨੇ ਕਿਹਾ ਕਿ ਕਿਲਾ ਰਾਏਪੁਰ ਪੇਂਡੂ ਓਲੰਪਿਕਸ ਪੰਜਾਬ ਵਿੱਚ ਖੇਡ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੇ ਨੌਜਵਾਨਾਂ ਵਿੱਚ ਛੁਪੇ ਹੁਨਰ ਨੂੰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਲਈ ਨਗਦ ਇਨਾਮਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਨਾਲ ਹੀ ਓਲੰਪਿਕ ਮੈਡਲ ਜੇਤੂਆਂ ਨੂੰ ਪੰਜਾਬ ਸਿਵਲ ਸਰਵਿਸਿਜ਼ ਅਤੇ ਪੰਜਾਬ ਪੁਲਿਸ ਸਰਵਿਸਿਜ਼ ਵਿੱਚ ਮਾਣਯੋਗ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਕਰੀਬ 64,000 ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਹਨ, ਜਿਸ ਨਾਲ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਇਨਸਾਫ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐੱਸਡੀਐੱਮ ਜਸਲੀਨ ਕੌਰ ਭੁੱਲਰ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਅਤੇ ਕਿਲਾ ਰਾਇਪੁਰ ਸਪੋਰਟਸ ਸੋਸਾਇਟੀ ਦੇ ਪ੍ਰਤੀਨਿਧੀ ਵੀ ਮੌਜ਼ੂਦ ਰਹੇ।
ਪਸ਼ੂ ਹਸਪਤਾਲ ਲਈ 30 ਲੱਖ ਰੁਪਏ ਦਾ ਐਲਾਨ
ਮੰਤਰੀ ਵੱਲੋਂ ਇਲਾਕੇ ਦੇ ਪਸ਼ੂ ਹਸਪਤਾਲ ਲਈ 30 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਵੀ ਕੀਤਾ ਗਿਆ, ਤਾਂ ਜੋ ਪਸ਼ੂਆਂ ਲਈ ਉੱਚ ਗੁਣਵੱਤਾ ਵਾਲੀਆਂ ਇਲਾਜ ਸਹੂਲਤਾਂ ਯਕੀਨੀ ਬਣਾਈਆਂ ਜਾ ਸਕਣ।
19 ਫਰਵਰੀ ਤੱਕ ਚੱਲੇਗਾ ਖੇਡ ਮੇਲਾ
ਇਹ ਮੇਲਾ 19 ਫਰਵਰੀ ਤੱਕ ਜਾਰੀ ਰਹੇਗਾ। ਇਸ ਦੌਰਾਨ ਬਲਦ ਗੱਡੀ ਦੌੜਾਂ ਦੇ ਨਾਲ-ਨਾਲ ਕਬੱਡੀ, ਹਾਕੀ, ਐਥਲੈਟਿਕਸ, ਸਾਈਕਲਿੰਗ, ਰੱਸਾਕਸੀ ਅਤੇ ਹੋਰ ਰਵਾਇਤੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਦ ਗੱਡੀ ਦੌੜਾਂ ਦੀ ਵਾਪਸੀ ਨਾਲ ਪਿੰਡਾਂ ਦੀ ਰੂਹ ਅਤੇ ਪੰਜਾਬ ਦੀ ਵਿਰਾਸਤੀ ਸ਼ਾਨ ਮੁੜ ਜ਼ਿੰਦਾ ਹੋ ਗਈ ਹੈ, ਜਿਸ ਨੇ ਦਰਸ਼ਕਾਂ ਅਤੇ ਭਾਗੀਦਾਰਾਂ ਵਿੱਚ ਬੇਹੱਦ ਉਤਸ਼ਾਹ ਪੈਦਾ ਕਰ ਦਿੱਤਾ ਹੈ।














