Digital Marketing Career: ਡਿਜ਼ੀਟਲ ਮਾਰਕੀਟਿੰਗ ਤੇ ਈ-ਕਮੱਰਸ ਖੇਤਰ ’ਚ ਬਣਾਓ ਕਰੀਅਰ

Digital Marketing Career
Digital Marketing Career: ਡਿਜ਼ੀਟਲ ਮਾਰਕੀਟਿੰਗ ਤੇ ਈ-ਕਮੱਰਸ ਖੇਤਰ ’ਚ ਬਣਾਓ ਕਰੀਅਰ

Digital Marketing Career: ਅੱਜ ਦੇ ਡਿਜ਼ੀਟਲ ਯੁੱਗ ਵਿੱਚ ਇੰਟਰਨੈੱਟ ਦੀ ਤੇਜ਼ੀ ਨਾਲ ਵਧਦੀ ਪਹੁੰਚ ਨੇ ਸਿੱਖਿਆ, ਰੁਜ਼ਗਾਰ ਤੇ ਵਪਾਰ ਦੀ ਦਿਸ਼ਾ ਬਦਲ ਦਿੱਤੀ ਹੈ। ਇਸੇ ਵਿਕਾਸ ਨੇ ਡਿਜ਼ੀਟਲ ਮਾਰਕੀਟਿੰਗ ਤੇ ਈ-ਕਮੱਰਸ ਨੂੰ ਨਵੇਂ ਤੇ ਲੋਕਪ੍ਰਿਅ ਕਰੀਅਰ ਵਿਕਲਪ ਵਜੋਂ ਸਥਾਪਿਤ ਕੀਤਾ ਹੈ। ਡਿਜ਼ੀਟਲ ਮਾਰਕੀਟਿੰਗ ਦਾ ਮਤਲਬ ਹੈ ਆਨਲਾਈਨ ਮਾਧਿਅਮਾਂ- ਜਿਵੇਂ ਸੋਸ਼ਲ ਮੀਡੀਆ, ਵੈੱਬਸਾਈਟ, ਈਮੇਲ, ਗੂਗਲ ਸਰਚ, ਬਲੌਗ ਆਦਿ ਦੀ ਵਰਤੋਂ ਕਰਕੇ ਕਿਸੇ ਉਤਪਾਦ ਜਾਂ ਸੇਵਾ ਦਾ ਪ੍ਰਚਾਰ ਕਰਨਾ।

ਇਹ ਖਬਰ ਵੀ ਪੜ੍ਹੋ : Maoism Rehabilitation: ਮਾਓਵਾਦ: ਮੁੜ-ਵਸੇਬਾ, ਪੇਂਡੂ ਖੇਤਰਾਂ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ

ਇਸੇ ਤਰ੍ਹਾਂ ਈ-ਕਮੱਰਸ ਆਨਲਾਈਨ ਪਲੇਟਫਾਰਮਾਂ ਰਾਹੀਂ ਵਸਤਾਂ ਤੇ ਸੇਵਾਵਾਂ ਦੀ ਖਰੀਦੋ-ਫਰੋਖਤ ਨੂੰ ਦਰਸਾਉਂਦਾ ਹੈ। ਦੋਵੇਂ ਖੇਤਰ ਇੱਕ-ਦੂਜੇ ਦੇ ਪੂਰਕ ਹਨ ਤੇ ਵਪਾਰ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੱਜ ਦਾ ਨੌਜਵਾਨ ਵਰਗ ਇੰਟਰਨੈੱਟ ’ਤੇ ਕਾਫ਼ੀ ਨਿਰਭਰ ਹੈ, ਜਿਸ ਕਾਰਨ ਡਿਜ਼ੀਟਲ ਮਾਰਕੀਟਿੰਗ ਤੇ ਈ-ਕਮੱਰਸ ਦੋਵਾਂ ਖੇਤਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਡਿਜ਼ੀਟਲ ਮਾਰਕੀਟਿੰਗ ਕਾਰੋਬਾਰਾਂ ਨੂੰ ਆਨਲਾਈਨ ਪਛਾਣ ਦਿਵਾਉਂਦੀ ਹੈ ਤੇ ਈ-ਕਮੱਰਸ ਉਸੇ ਪਛਾਣ ਨੂੰ ਵਰਤ ਕੇ ਉਤਪਾਦਾਂ ਨੂੰ ਗ੍ਰਾਹਕਾਂ ਤੱਕ ਪਹੁੰਚਾਉਂਦਾ ਹੈ। ਇਸੇ ਕਰਕੇ ਇਨ੍ਹਾਂ ਖੇਤਰਾਂ ਵਿੱਚ ਸਿਖਲਾਈ ਪ੍ਰਾਪਤ ਤੇ ਹੁਨਰਮੰਦ ਪੇਸ਼ੇਵਰਾਂ ਦੀ ਭਾਰੀ ਲੋੜ ਹੈ।

ਮੁੱਖ ਕੋਰਸ | Digital Marketing Career

ਡਿਜ਼ੀਟਲ ਮਾਰਕੀਟਿੰਗ ਵਿੱਚ ਕਰੀਅਰ ਬਣਾਉਣ ਲਈ ਸਿਖਲਾਈ ਜ਼ਰੂਰੀ ਹੈ। ਇਸ ਖੇਤਰ ਵਿੱਚ ਕਈ ਆਨਲਾਈਨ ਤੇ ਆਫਲਾਈਨ ਕੋਰਸ ਉਪਲੱਬਧ ਹਨ, ਜੋ ਵਿਦਿਆਰਥੀਆਂ ਨੂੰ ਤਕਨੀਕੀ ਤੇ ਵਿਹਾਰਕ ਗਿਆਨ ਦਿੰਦੇ ਹਨ। ਮੁੱਖ ਵਿਸ਼ਿਆਂ ਵਿੱਚ ਸ਼ਾਮਲ ਹਨ:

  • ਐਸਈਓ (ਸਰਚ ਇੰਜਣ ਆਪਟੀਮਾਈਜ਼ੇਸ਼ਨ): ਵੈੱਬਸਾਈਟ ਨੂੰ ਸਰਚ ਇੰਜਣਾਂ ਵਿੱਚ ਬਿਹਤਰ ਰੈਂਕ ਦਿਵਾਉਣਾ।
  • ਸੋਸ਼ਲ ਮੀਡੀਆ ਮਾਰਕੀਟਿੰਗ: ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਆਦਿ ’ਤੇ ਬ੍ਰਾਂਡ ਪ੍ਰਮੋਸ਼ਨ।
  • ਗੂਗਲ ਐਡਜ਼ ਤੇ ਪੇਡ ਮੀਡੀਆ: ਪੇਡ ਇਸ਼ਤਿਹਾਰ ਮੁਹਿੰਮਾਂ ਦੀ ਯੋਜਨਾ ਤੇ ਮੈਨੇਜ਼ਮੈਂਟ।
  • ਈਮੇਲ ਮਾਰਕੀਟਿੰਗ: ਗ੍ਰਾਹਕਾਂ ਤੱਕ ਜਾਣਕਾਰੀ ਪਹੁੰਚਾ ਕੇ ਸਬੰਧ ਮਜ਼ਬੂਤ ਕਰਨਾ।
  • ਕੰਟੈਂਟ ਮਾਰਕੀਟਿੰਗ: ਚੰਗੀ ਗੁਣਵੱਤਾ ਵਾਲੀ ਸਮੱਗਰੀ ਰਾਹੀਂ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ।
  • ਡਿਜ਼ੀਟਲ ਐਨਾਲਿਟਿਕਸ: ਡਾਟਾ ਦਾ ਵਿਸ਼ਲੇਸ਼ਣ ਕਰਕੇ ਮਾਰਕੀਟਿੰਗ ਰਣਨੀਤੀ ਬਣਾਉਣਾ।

ਨੈਕਸਾ ਐਡਵਾਂਸਡ ਡਿਜ਼ੀਟਲ ਮਾਰਕੀਟਿੰਗ, ਸਮਾਰਟ ਅਕੈਡਮੀ, ਹੱਬਸਪੌਟ ਅਕੈਡਮੀ ਤੇ ਯੂਟਿਊਬ ਵਰਗੇ ਪਲੇਟਫਾਰਮਾਂ ’ਤੇ ਉਪਲੱਬਧ ਸਿਖਲਾਈ ਕੋਰਸ ਨੌਜਵਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੇ ਹਨ। ਇਹ ਕੋਰਸ ਘਰ ਬੈਠੇ ਡਿਜ਼ੀਟਲ ਮਾਰਕੀਟਿੰਗ ਦੀ ਮਜ਼ਬੂਤ ਨੀਂਹ ਤਿਆਰ ਕਰਦੇ ਹਨ।

  1. ਘਰ ਬੈਠੇ ਡਿਜ਼ੀਟਲ ਮਾਰਕੀਟਿੰਗ
  2. ਕਰੀਅਰ ਬਣਾਉਣ ਦਾ ਤਰੀਕਾ

ਡਿਜ਼ੀਟਲ ਮਾਰਕੀਟਿੰਗ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਘਰੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਸਹੀ ਦਿਸ਼ਾ ਵਿੱਚ ਕਦਮ  ਵਧਾਉਣ ਨਾਲ ਨੌਜਵਾਨ ਵੱਡੀ ਪੂੰਜੀ ਬਿਨਾਂ ਵੀ ਚੰਗੇ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹਨ। ਸਭ ਤੋਂ ਪਹਿਲਾਂ ਇੱਕ ਭਰੋਸੇਯੋਗ ਆਨਲਾਈਨ ਕੋਰਸ ਚੁਣੋ ਜੋ ਐੱਸਈਓ, ਪੀਪੀਸੀ ਕੰਟੈਂਟ ਮਾਰਕੀਟਿੰਗ, ਸੋਸ਼ਲ ਮੀਡੀਆ ਮਾਰਕੀਟਿੰਗ ਤੇ ਐਨਾਲਿਟਿਕਸ ਸਿਖਾਵੇ। ਸਿੱਖਦੇ ਸਮੇਂ ਵੱਖ-ਵੱਖ ਡਿਜ਼ੀਟਲ ਟੂਲਜ਼ ਤੇ ਪਲੇਟਫਾਰਮਾਂ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਆਪਣੀ ਡਿਜ਼ੀਟਲ ਪਛਾਣ ਬਣਾਉਣ ਲਈ ਬਲੌਗ ਜਾਂ ਯੂਟਿਊਬ ਚੈਨਲ ਸ਼ੁਰੂ ਕਰੋ। ਇਸ ਨਾਲ ਤੁਹਾਡਾ ਗਿਆਨ ਵਧੇਗਾ ਤੇ ਪੋਰਟਫੋਲੀਓ ਵੀ ਮਜ਼ਬੂਤ ਹੋਵੇਗਾ।

ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣਾ ਤੇ ਪੇਸ਼ੇਵਰ ਨੈੱਟਵਰਕ ਬਣਾਉਣਾ ਕਰੀਅਰ ਵਿਕਾਸ ਲਈ ਲਾਭਕਾਰੀ ਹੁੰਦਾ ਹੈ। ਨਾਲ ਹੀ, ਡਿਜ਼ੀਟਲ ਮਾਰਕੀਟਿੰਗ ਲਗਾਤਾਰ ਬਦਲਦਾ ਖੇਤਰ ਹੈ, ਇਸ ਲਈ ਨਵੇਂ ਟਰੈਂਡਜ਼, ਟੂਲਜ਼ ਤੇ ਤਕਨੀਕਾਂ ਨਾਲ ਅੱਪਡੇਟ ਰਹਿਣਾ ਜ਼ਰੂਰੀ ਹੈ। ਵੈਬੀਨਾਰ, ਕਲਾਸਾਂ ਤੇ ਆਨਲਾਈਨ ਕਾਨਫਰੰਸਾਂ ਰਾਹੀਂ ਉਦਯੋਗ ਦੀ ਤਾਜ਼ਾ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਖੇਤਰ ਵਿੱਚ ਘਰ ਬੈਠੇ ਫੁੱਲ-ਟਾਈਮ ਜਾਂ ਪਾਰਟ-ਟਾਈਮ ਕੰਮ ਦੇ ਨਾਲ-ਨਾਲ ਆਪਣੀ ਡਿਜ਼ੀਟਲ ਮਾਰਕੀਟਿੰਗ ਏਜੰਸੀ ਖੋਲ੍ਹਣ ਤੱਕ ਦੇ ਮੌਕੇ ਉਪਲੱਬਧ ਹਨ। ਮਿਹਨਤ, ਲਗਾਤਾਰ ਸਿੱਖਣ ਤੇ ਹੁਨਰ ਵਿਕਾਸ ਨਾਲ ਇਸ ਖੇਤਰ ਵਿੱਚ ਵੱਡੀ ਸਫਲਤਾ ਸੰਭਵ ਹੈ।

ਈ-ਕਮੱਰਸ ’ਚ ਕਰੀਅਰ ਦੇ ਮੌਕੇ | Digital Marketing Career

ਈ-ਕਮੱਰਸ ਤੇਜ਼ੀ ਨਾਲ ਵਧਦਾ ਉਦਯੋਗ ਹੈ, ਜਿਸ ਵਿੱਚ ਡਿਜ਼ੀਟਲ ਮਾਰਕੀਟਿੰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਹੋਰ ਕਰੀਅਰ ਵਿਕਲਪ ਵੀ ਉਪਲੱਬਧ ਹਨ ਜਿਵੇਂ—ਪ੍ਰੋਡਕਟ ਮੈਨੇਜ਼ਮੈਂਟ, ਕਸਟਮਰ ਸਰਵਿਸ, ਲੌਜਿਸਟਿਕਸ ਤੇ ਸਪਲਾਈ ਚੇਨ, ਵੈੱਬਸਾਈਟ ਮੈਨੇਜ਼ਮੈਂਟ, ਡਾਟਾ ਐਨਾਲਿਟਿਕਸ। ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਕਾਰਨ ਈ-ਕਮੱਰਸ ਦਾ ਭਵਿੱਖ ਹੋਰ ਵੀ ਚਮਕਦਾਰ ਹੈ। ਇਸ ਖੇਤਰ ਵਿੱਚ ਕਰੀਅਰ ਬਣਾਉਣਾ ਨਾ ਸਿਰਫ਼ ਨੌਕਰੀ ਦੇ ਮੌਕੇ ਦਿੰਦਾ ਹੈ, ਸਗੋਂ ਵਪਾਰਕ ਤੇ ਤਕਨੀਕੀ ਹੁਨਰ ਵੀ ਵਿਕਸਿਤ ਕਰਦਾ ਹੈ।

ਮੁੱਖ ਕਰੀਅਰ ਵਿਕਲਪ | Digital Marketing Career

  • ਐਸਈਓ ਸਪੈਸ਼ਲਿਸਟ: ਕੀਵਰਡ ਰਿਸਰਚ, ਵੈੱਬਸਾਈਟ ਆਪਟੀਮਾਈਜ਼ੇਸ਼ਨ ਤੇ ਬੈਕਲਿੰਕਿੰਗ ਰਾਹੀਂ ਵੈਬਸਾਈਟ ਟ੍ਰੈਫਿਕ ਵਧਾਉਣਾ।
  • ਸੋਸ਼ਲ ਮੀਡੀਆ ਮੈਨੇਜ਼ਰ: ਸੋਸ਼ਲ ਪਲੇਟਫਾਰਮਾਂ ’ਤੇ ਬ੍ਰਾਂਡ ਦੀ ਪਛਾਣ ਬਣਾਉਣਾ ਤੇ ਯੂਜ਼ਰ ਇੰਗੇਜਮੈਂਟ ਵਧਾਉਣਾ।
  • ਕੰਟੈਂਟ ਮਾਰਕੀਟਰ: ਬਲੌਗ, ਵੀਡੀਓ, ਇਨਫੋਗ੍ਰਾਫਿਕਸ ਤੇ ਹੋਰ ਮਾਧਿਅਮਾਂ ਰਾਹੀਂ ਆਕਰਸ਼ਕ ਸਮੱਗਰੀ ਤਿਆਰ ਕਰਨਾ।
  • ਪੇਡ ਐਡ ਸਪੈਸ਼ਲਿਸਟ: ਗੂਗਲ ਐਡਜ਼, ਫੇਸਬੁੱਕ, ਇੰਸਟਾਗ੍ਰਾਮ ਆਦਿ ’ਤੇ ਇਸ਼ਤਿਹਾਰ ਚਲਾ ਕੇ ਵਿਕਰੀ ਵਧਾਉਣਾ।
  • ਈਮੇਲ ਮਾਰਕੀਟਰ: ਈਮੇਲ ਮੁਹਿੰਮਾਂ ਰਾਹੀਂ ਗ੍ਰਾਹਕਾਂ ਨਾਲ ਸਿੱਧਾ ਸੰਪਰਕ ਬਣਾਉਣਾ ਤੇ ਵਿਕਰੀ ਵਧਾਉਣਾ।
  • ਡਿਜ਼ੀਟਲ ਐਨਾਲਿਟਿਕਸ ਸਪੈਸ਼ਲਿਸਟ: ਮਾਰਕੀਟਿੰਗ ਡਾਟਾ ਦਾ ਵਿਸ਼ਲੇਸ਼ਣ ਕਰਨਾ ਤੇ ਰਣਨੀਤੀ ਤਿਆਰ ਕਰਨਾ।
  • ਡਿਜ਼ੀਟਲ ਮਾਰਕੀਟਿੰਗ ਮੈਨੇਜ਼ਰ: ਪੂਰੀ ਟੀਮ ਦੀ ਅਗਵਾਈ, ਬਜਟ ਪ੍ਰਬੰਧ ਤੇ ਮੁਹਿੰਮ ਰਣਨੀਤੀ ਤਿਆਰ ਕਰਨਾ।
  • ਫ੍ਰੀਲਾਂਸ ਕੰਸਲਟੈਂਟ: ਸਵੈ-ਰੁਜ਼ਗਾਰ ਦਾ ਵਿਕਲਪ, ਜਿੱਥੇ ਵਪਾਰਾਂ ਨੂੰ ਰਣਨੀਤੀ ਤੇ ਸਿਖਲਾਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਤਨਖਾਹ ਤੇ ਭਵਿੱਖ ਦੇ ਮੌਕੇ

ਡਿਜ਼ੀਟਲ ਮਾਰਕੀਟਿੰਗ ਵਿੱਚ ਸ਼ੁਰੂਆਤੀ ਤਨਖਾਹ 2.5 ਲੱਖ ਤੋਂ 5 ਲੱਖ ਸਾਲਾਨਾ ਤੱਕ ਹੁੰਦੀ ਹੈ। ਅਨੁਭਵ ਵਧਣ ਨਾਲ ਆਮਦਨ 10 ਲੱਖ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ। ਈ-ਕਮੱਰਸ, ਹੈਲਥ ਟੈਕ, ਫਾਇਨੈਂਸ, ਰਿਟੇਲ ਤੇ ਆਈਟੀ ਸੈਕਟਰ ਵਿੱਚ ਡਿਜ਼ੀਟਲ ਮਾਰਕੀਟਿੰਗ ਮਾਹਿਰਾਂ ਦੀ ਭਾਰੀ ਮੰਗ ਹੈ। ਇਸ ਤੋਂ ਇਲਾਵਾ ਫ੍ਰੀਲਾਂਸਿੰਗ ਰਾਹੀਂ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ।