ਬੱਸ ਸਟੈਂਡ ‘ਤੇ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਮ੍ਰਿਤਕ
ਸ੍ਰੀ ਮੁਕਤਸਰ ਸਾਹਿਬ| ਬੱਸ ਸਟੈਂਡ ਦੇ ਬਾਹਰ ਸੌ ਰਹੇ ਪਿੰਡ ਬਧਾਈ ਨਿਵਾਸੀ ਰਿਕਸ਼ਾ ਚਾਲਕ ਦੀ ਅਣਪਛਾਤੇ ਲੋਕਾਂ ਨੇ ਸਿਰ ‘ਚ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਜਾਂਦੇ ਹੋਏ ਉਸਦਾ ਰਿਕਸ਼ਾ ਵੀ ਨਾਲ ਲੈ ਗਏ। ਸਵੇਰੇ ਜਦ ਉਹ ਨਹੀਂ ਜਾਗਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ।
ਪਿੰਡ ਬਧਾਈ ਨਿਵਾਸੀ ਸੋਹਣ ਸਿੰਘ ਪੁੱਤਰ ਨਿਹਾਲ ਸਿੰਘ ਜੋ ਕਿ ਵਿਆਹਿਆ ਨਹੀਂ ਸੀ ਤੇ ਮੁਕਤਸਰ ਦੇ ਬੱਸ ਸਟੈਂਡ ਦੇ ਨੇੜੇ ਹੀ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਉਥੇ ਹੀ ਸੌ ਜਾਂਦਾ ਸੀ। ਵੀਰਵਾਰ ਦੀ ਰਾਤ ਨੂੰ ਵੀ ਉਹ ਰਿਕਸ਼ਾ ਲਗਾ ਕੇ ਉਥੇ ਹੀ ਸੌ ਗਿਆ। ਰਾਤ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਸਦੇ ਸਿਰ ‘ਤੇ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਜਿਸਦੇ ਬਾਅਦ ਉਹ ਉਸਦਾ ਰਿਕਸ਼ਾ ਲੈ ਕੇ ਫਰਾਰ ਹੋ ਗਏ। ਸਵੇਰੇ ਕਰੀਬ ਅੱਠ ਵਜੇ ਤੱਕ ਜਦ ਉਹ ਨਾ ਜਾਗਿਆ ਤਾਂ ਆਸ ਪਾਸ ਦੇ ਲੋਕਾਂ ਨੇ ਨਜ਼ਦੀਕ ਜਾ ਕੇ ਦੇਖਿਆ। ਦੀਵਾਰ ‘ਤੇ ਖੂਨ ਦੇ ਛਿੱਟੇ ਪਏ ਹੋਏ ਸਨ ਅਤੇ ਨਾਲ ਹੀ ਖੂਨ ਨਾਲ ਲੱਥਪਥ ਇੱਟ ਪਈ ਹੋਈ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਬੱਸ ਸਟੈਂਡ ਚੌਂਕੀ ਇੰਚਾਰਜ਼ ਦਰਸ਼ਨ ਸਿੰਘ, ਥਾਨਾ ਸਿਟੀ ਮੁਖੀ ਅਸ਼ੋਕ ਕੁਮਾਰ, ਡੀਐਸਪੀ ਤਲਵਿੰਦਰ ਸਿੰਘ ਤੇ ਡੀਐਸਪੀ (ਡੀ) ਜਸਮੀਤ ਸਿੰਘ ਮੌਕੇ ‘ਤੇ ਆਏ ਤੇ ਮੌਕੇ ਤੋਂ ਹੀ ਕੁਝ ਸਮਾਨ ਨੂੰ ਕਬਜ਼ੇ ‘ਚ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ। ਥਾਨਾ ਸਿਟੀ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਭਰਾ ਸੀਰਾ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।