ਬਿ੍ਰਟਿਸ਼ ਨਾਗਰਿਕ ਕੈਂਟਨ ਕੂਲ ਨੇ 14ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ
(ਏਜੰਸੀ)
ਕਾਠਮੰਡੂ | ਬਿ੍ਰਟੇਨ ਦੇ 48 ਸਾਲਾ ਕੈਂਟਨ ਕੂਲ ਨੇ 14ਵੀਂ ਵਾਰ ਦੁਨੀਆ ਦੀ (British conquers Everest 14th time) ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ ਅਜਿਹਾ ਕਰਨ ਵਾਲੇ ਉਹ ਪਹਿਲੇ ਗੈਰ-ਨੇਪਾਲੀ ਨਾਗਰਿਕ ਬਣ ਗਏ ਹਨ। ਜਾਣਕਾਰੀ ਅਨੁਸਾਰ ਦੱਖਣ-ਪੱਛਮੀ ਇੰਗਲੈਂਡ ਦੇ ਗਲੋਸਟਰਸਾਇਰ ਦੇ ਰਹਿਣ ਵਾਲੇ ਕੂਲ ਐਤਵਾਰ ਸਵੇਰੇ 14ਵੀਂ ਵਾਰ ਮਾਊਂਟ ਐਵਰੈਸਟ ਦੀ ਚੋਟੀ ’ਤੇ ਪਹੁੰਚੇ।
ਉਂਜ ਬਹੁਤ ਸਾਰੇ ਨੇਪਾਲੀ ਗਾਈਡ, ਜੋ ਸੈਲਾਨੀਆਂ ਨੂੰ ਮਾਊਂਟ ਐਵਰੈਸਟ ’ਤੇ ਚੜ੍ਹਨ ਵਿੱਚ ਮਦਦ ਕਰਦੇ ਹਨ, ਨੇ ਕਈ ਵਾਰ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਹੈ। ਫਿਲਹਾਲ ਇਹ ਰਿਕਾਰਡ ਕਾਮੀ ਰੀਟਾ ਦੇ ਨਾਂਅ ਹੈ, ਜਿਸ ਨੇ ਪਿਛਲੇ ਹਫਤੇ 52 ਸਾਲ ਦੀ ਉਮਰ ’ਚ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ। ਇੰਸਟਾਗ੍ਰਾਮ ’ਤੇ ਇੱਕ ਪੋਸਟ ਵਿੱਚ ਕੂਲ ਨੇ ਸਥਾਨਕ ਗਾਈਡਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਪਹਾੜ ਦੇ ਸੁਪਰਹੀਰੋਜ ਦੱਸਿਆ। ਉਸ ਨੇ ਕਿਹਾ ਕਿ ਸਥਾਨਕ ਗਾਈਡਾਂ ਨੇ ਸਾਡੇ ਲਈ ਸਖ਼ਤ ਮਿਹਨਤ ਕੀਤੀ।
ਕੂਲ ਨੇ ਪਹਿਲਾਂ ਹੋਰ ਪਰਬਤਾਰੋਹੀਆਂ ਨਾਲ ਐਵਰੈਸਟ ’ਤੇ ਚੜ੍ਹਾਈ ਕੀਤੀ ਹੈ। ਦੁਨੀਆ ਦੇ ਸਭ ਤੋਂ ਉੱਚੇ ਪਹਾੜ ’ਤੇ ਚੜ੍ਹਨ ਲਈ ਮਈ ਸਭ ਤੋਂ ਪਸੰਦੀਦਾ ਸਮਾਂ ਹੈ ਅਤੇ ਨੇਪਾਲ ਦੀ ਸਰਕਾਰ ਨੇ ਮੌਜੂਦਾ ਸੀਜਨ ਦੌਰਾਨ ਪਰਬਤਾਰੋਹਨ ਲਈ 316 ਪਰਮਿਟ ਜਾਰੀ ਕੀਤੇ ਹਨ। ਕਾਠਮੰਡੂ ਪੋਸਟ ਮੁਤਾਬਕ ਪਿਛਲੇ ਹਫਤੇ ਇਕ ਦਿਨ ’ਚ 150 ਪਰਬਤਾਰੋਹੀ ਐਵਰੈਸਟ ਦੀ ਚੋਟੀ ’ਤੇ ਪਹੁੰਚੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ