Social Media: ਸੋਸ਼ਲ ਮੀਡੀਆ ਤੋਂ ਬੱਚਿਆਂ ਦੀ ਸੁਰੱਖਿਆ ਜ਼ਰੂਰੀ, ਰਾਜ ਸਭਾ ਸੰਸਦ ਮੈਂਬਰ ਮਿਲਿੰਦ ਦੇਵੜਾ ਨੇ ਚੁੱਕਿਆ ਗੰਭੀਰ ਮੁੱਦਾ
Social Media: 2022 ’ਚ ਦੇਸ਼ ਵਿੱਚ ਲਗਭਗ 13,000 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ
- ਸੋਸ਼ਲ ਮੀਡੀਆ ਕੰਪਨੀਆਂ ਨੂੰ ਹੋਰ ਜ਼ਿਆਦਾ ਜਵਾਬਦੇਹ ਬਣਾਉਣ ਦੀ ਵੀ ਵਕਾਲਤ
Social Media: ਨਵੀਂ ਦਿੱਲੀ (ਏਜੰਸੀ)। ਮੰਗਲਵਾਰ ਨੂੰ ਰਾਜ ਸਭਾ ਵਿੱਚ ਬੱਚਿਆਂ ’ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਗਿਆ। ਅੰਕੜੇ ਪੇਸ਼ ਕਰਦੇ ਹੋਏ ਰਾਜ ਸਭਾ ਮੈਂਬਰ ਮਿਲਿੰਦ ਦੇਵੜਾ ਨੇ ਕਿਹਾ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅਨੁਸਾਰ 2022 ਵਿੱਚ ਭਾਰਤ ਵਿੱਚ ਲਗਭਗ 13,000 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ, ਜੋ ਕਿ 2013 ਦੇ ਮੁਕਾਬਲੇ ਲਗਭਗ ਦੁੱਗਣੀ ਗਿਣਤੀ ਹੈ। ਇਸ ਤੋਂ ਇਲਾਵਾ ਅੱਜ ਭਾਰਤ ਵਿੱਚ ਕੁੱਲ ਖੁਦਕੁਸ਼ੀਆਂ ਦਾ ਲਗਭਗ 10 ਫੀਸਦੀ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ 4 ਫਰਵਰੀ ਨੂੰ ਗਾਜ਼ੀਆਬਾਦ ਵਿੱਚ 12, 14 ਅਤੇ 16 ਸਾਲ ਦੀਆਂ ਤਿੰਨ ਭੈਣਾਂ ਨੇ ਖੁਦਕੁਸ਼ੀ ਕਰ ਲਈ।
ਇਹ ਰਿਪੋਰਟ ਕੀਤੀ ਗਈ ਸੀ ਕਿ ਇਹ ਘਟਨਾ ਆਨਲਾਈਨ ਗੇਮਾਂ ਦੀ ਲਤ ਨਾਲ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੁਨੀਆ ਭਰ ਦੇ ਅਰਬਾਂ ਲੋਕਾਂ ਨੂੰ ਜੋੜਦੇ ਹਨ। ਉਹ ਲੋਕਾਂ ਦੀ ਆਵਾਜ਼ ਨੂੰ ਵੀ ਵਧਾਉਂਦੇ ਹਨ। ਇਹ ਪਲੇਟਫਾਰਮ ਜਾਣਕਾਰੀ ਨੂੰ ਹੋਰ ਲੋਕਤੰਤਰੀ ਬਣਾਉਂਦੇ ਹਨ। ਪਰ ਸਾਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਇੱਕ ਡਾਰਕ ਸਾਈਡ ਵੀ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਉਪਭੋਗਤਾਵਾਂ ਵਿੱਚੋਂ ਲਗਭਗ ਇੱਕ ਤਿਹਾਈ ਕਿਸ਼ੋਰ ਹਨ। ਸੰਯੁਕਤ ਰਾਜ ਅਮਰੀਕਾ ਵਿੱਚ 2010 ਤੋਂ ਬਾਅਦ ਕਿਸ਼ੋਰਾਂ ਵਿੱਚ ਡਿਪਰੈਸ਼ਨ ਅਤੇ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਬਿਲਕੁਲ ਉਦੋਂ ਜਦੋਂ ਫੇਸਬੁੱਕ ਨੇ ਨੌਜਵਾਨਾਂ ਨੂੰ ਆਪਣੇ ਪਲੇਟਫਾਰਮ ਵੱਲ ਆਕਰਸ਼ਿਤ ਕਰਨਾ ਸ਼ੁਰੂ ਕੀਤਾ ਸੀ। ਦੇਵੜਾ ਨੇ ਕਿਹਾ ਕਿ ਅਸੀਂ ਅਕਸਰ ਬੱਚਿਆਂ ਨੂੰ ਰੁੱਝੇ ਰੱਖਣ ਜਾਂ ਭਟਕਾਉਣ ਦੇ ਨਾਂਅ ’ਤੇ ਬਹੁਤ ਛੋਟੀ ਉਮਰ ਵਿੱਚ ਉਨ੍ਹਾਂ ਦੇ ਹੱਥਾਂ ਵਿੱਚ ਟੈਬਲੇਟ ਅਤੇ ਮੋਬਾਇਲ ਫੋਨ ਫੜਾ ਦਿੰਦੇ ਹਾਂ। ਅੰਕੜੇ ਦਰਸਾਉਂਦੇ ਹਨ ਕਿ ਲਗਭਗ 27 ਫੀਸਦੀ ਭਾਰਤੀ ਕਿਸ਼ੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਲਤ ਦੇ ਸੰਕੇਤ ਦਿਖਾਉਂਦੇ ਹਨ, ਨਾਲ ਹੀ ਪੜ੍ਹਾਈ ਵਿੱਚ ਗਿਰਾਵਟ, ਚਿੰਤਾ ਅਤੇ ਆਤਮ-ਵਿਸ਼ਵਾਸ ਦੀ ਘਾਟ ਵੀ ਹੈ।
Social Media
ਸੰਸਦ ਮੈਂਬਰ ਨੇ ਨੋਟ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਮਾਂ ਅਤੇ ਉਸ ਦੀ ਧੀ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪਲੇਟਫਾਰਮਾਂ ਦੇ ਐਲਗੋਰਿਦਮ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਲਈ ਤਿਆਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫਰਾਂਸ ਨੇ 15 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾਈ ਹੈ ਅਤੇ ਸਕੂਲਾਂ ਵਿੱਚ ਮੋਬਾਇਲ ਫੋਨਾਂ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਅਸਟਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਹੈ। ਹਾਲ ਹੀ ਵਿੱਚ ਇੰਡੋਨੇਸ਼ੀਆ ਨੇ ਕਿਸ਼ੋਰਾਂ ਲਈ ਸੋਸ਼ਲ ਮੀਡੀਆ ’ਤੇ ਵੀ ਪਾਬੰਦੀ ਲਾ ਦਿੱਤੀ ਹੈ, ਜੋ ਕਿ ਅਜਿਹਾ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਸਪੇਨ ਅਤੇ ਜਰਮਨੀ ਵੀ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ। ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਏਆਈ ਪ੍ਰਭਾਵ ਸੰਮੇਲਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਹੁੰਚ ਨੂੰ ਸੀਮਤ ਕਰਨ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਭਾਰਤ ਵਿੱਚ ਪਹਿਲਾਂ ਹੀ ਇੱਕ ਡਿਜ਼ੀਟਲ ਨਿੱਜੀ ਡੇਟਾ ਸੁਰੱਖਿਆ ਢਾਂਚਾ ਹੈ, ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪ੍ਰਮਾਣਿਤ ਮਾਪਿਆਂ ਦੀ ਸਹਿਮਤੀ ਵਰਗੇ ਪ੍ਰਬੰਧ ਸ਼ਾਮਲ ਹਨ। ਪਰ ਸਾਨੂੰ ਇਸ ਤੋਂ ਪਰੇ ਜਾਣਾ ਚਾਹੀਦਾ ਹੈ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਵਧੇਰੇ ਜਵਾਬਦੇਹ ਬਣਾਉਣਾ ਚਾਹੀਦਾ ਹੈ।
ਅੱਜ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਭਾਰਤ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਹੈ। ਇੱਕ ਛੋਟੇ ਬੱਚੇ ਦੇ ਪਿਤਾ ਹੋਣ ਦੇ ਨਾਤੇ, ਮੈਂ ਇਸ ਸਦਨ ਅਤੇ ਸਰਕਾਰ ਨੂੰ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤੇਜ਼ ਅਤੇ ਫੈਸਲਾਕੁਨ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।
-ਮਿਲਿੰਦ ਦੇਵੜਾ,
ਰਾਜ ਸਭਾ ਮੈਂਬਰ
