ਥਾਣਾ ਲੌਂਗੋਵਾਲ ਵਿਖੇ 1 ਔਰਤ ਸਮੇਤ 5 ਵਿਆਕਤੀਆਂ ਖ਼ਿਲਾਫ਼ ਮਾਮਲਾ ਦਰਜ਼ (Honeytrap Gang)
(ਹਰਪਾਲ ਸਿੰਘ) ਲੌਂਗੋਵਾਲ। ਲੌਂਗੋਵਾਲ ਦੇ ਖੇਤਰ ਅੰਦਰ ਪਿਛਲੇ ਸਮੇਂ ਤੋਂ ਭੋਲੇ-ਭਾਲੇ ਨੌਜਵਾਨਾਂ ਨੂੰ ਹਨੀ ਟਰੈਪ (Honeytrap Gang) ਵਿਚ ਫਸਾ ਕੇ ਬਲੈਕ-ਮੇਲ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਪੰਜਾਬ ਪੁਲਿਸ ਨੇ ਥਾਣਾ ਲੌਂਗੋਵਾਲ ਵਿਖੇਂ 1 ਔਰਤ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ 5 ਮੈਂਬਰਾਂ ਦੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ 2 ਮੈਂਬਰ ਅਜੇ ਫਰਾਰ ਹਨ। ਇਸ ਖੇਤਰ ਅੰਦਰ ਦਿਨੋਂ ਦਿਨ ਵਧ ਰਹੇ ਅਜਿਹੇ ਗਿਰੋਹਾਂ ਵਿਚੋਂ ਇਸ ਗਿਰੋਹ ਦੇ ਫੜੇ ਜਾਣ ਨਾਲ ਇਲਾਕੇ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ।
ਕੀ ਹੈ ਮਾਮਲਾ (Honeytrap Gang)
ਬਲੈਕ ਮੇਲਿੰਗ ਵਾਲੇ ਗਿਰੋਹਾਂ ਵੱਲੋਂ ਪਿਛਲੇ ਸਮੇਂ ਤੋਂ ਕਈ ਚੰਗੇ ਘਰਾਂ ਨਾਲ ਸਬੰਧਤ ਕਈ ਨੌਜਵਾਨਾਂ ਨੂੰ ਹਨੀ ਟਰੈਪ ਵਿਚ ਫਸਾ ਕੇ ਅਤੇ ਵਪਾਰੀਆਂ ਨੂੰ ਮੋਬਾਇਲ ਫੋਨਾਂ ਰਾਂਹੀ ਡਰਾਂ-ਧਮਕਾ ਕੇ ਫਿਰੌਤੀਆਂ ਮੰਗਣ ਦੇ ਕਈ ਮਾਮਲੇ ਸਾਹਮਣੇ ਆਏ ਸਨ ਪ੍ਰੰਤੂ ਆਪਣੀ ਬਦਨਾਮੀ ਦੇ ਡਰੋਂ ਉਨ੍ਹਾਂ ਵੱਲੋਂ ਕਿਸੇ ਨੇ ਵੀ ਕਾਨੂੰਨੀ ਸਹਾਇਤਾ ਨਹੀਂ ਲਈ। ਇਸ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਇਨ੍ਹਾਂ ਗਿਰੋਹਾਂ ਖ਼ਿਲਾਫ਼ ਗੰਭੀਰਤਾ ਵਿਖਾਉਦਿਆਂ ਕੀਤੀਆਂ ਸਖ਼ਤ ਹਦਾਇਤਾਂ ਨੂੰ ਮੁੱਖ ਰੱਖਦਿਆਂ ਇੱਥੋਂ ਦੀ ਪੁਲਿਸ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਕੀਤੀ ਗਈ ਸਖ਼ਤੀ ਨੂੰ ਵੇਖਦਿਆਂ ਇਥੋ ਦੇ ਇੱਕ ਪਰਿਵਾਰ ਨੇ ਪਹਿਲ ਕਦਮੀ ਵਿਖਾਉਦਿਆਂ ਅਪਣੇ ਪੁੱਤਰ ਨਾਲ ਵਾਪਰੀ ਘਟਨਾ ਨੂੰ ਪੁਲਿਸ ਅੱਗੇ ਸਾਂਝੀ ਕੀਤੇ ਜਾਣ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ।
ਕਸਬਾ ਲੌਂਗੋਵਾਲ ਨਿਵਾਸੀ ਕਰਨ ਕੁਮਾਰ ਪੁੱਤਰ ਜੋਗਿੰਦਰ ਪਾਲ ਨੇ ਪਹਿਲ ਕਦਮੀ ਕਰਦਿਆਂ ਲੌਂਗੋਵਾਲ ਵਿਖੇਂ ਆਏ ਨਵੇਂ ਥਾਣਾ ਮੁਖੀ ਬਲਵੰਤ ਸਿੰਘ ਪਾਸ ਦਰਜ਼ ਕਰਵਾਏ ਗਏ ਬਿਆਨਾਂ ਦੇ ਤਹਿਤ ਦੱਸਿਆ ਕਿ ਭਾਂਵੇ ਉਹ ਮੌਜ਼ੂਦਾ ਸਮੇਂ ਵਿਚ ਪੜ੍ਹਾਈ ਕਰ ਰਿਹਾ ਹੈ ਪਰ ਕਦੇ-ਕਦਾਈ ਉਹ ਆਪਣੀ ਪਿਤਾ ਪੁਰਖੀ ਦੁਕਾਨ ’ਤੇ ਵੀ ਕੰਮ ਕਰਦਾ ਹੈ। ਕਰਨ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਮੋਬਾਇਲ ਫੋਨ ’ਤੇ ਕਿਸੇ ਲੜਕੀ ਦੇ ਫੋਨ ਆਉਣ ਲੱਗ ਪਏ ਸਨ।ਇਸ ਦੌਰਾਨ ਉਕਤ ਲੜਕੀ ਨੇ ਮੈਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਮੈਨੂੰ ਕਿਹਾ ਕਿ ਸਾਡਾ ਚੰਡੀਗੜ੍ਹ ਦੇ ਸੈਕਟਰ 88 ਵਿਚ ਇੱਕ ਫਲੈਟ ਹੈ ਜੋ ਹਰ ਸਮੇਂ ਖਾਲੀ ਰਹਿੰਦਾ ਹੁੰਦਾ ਹੈ।
ਮੈਂ ਉਸ ਦੀਆਂ ਗੱਲਾਂ ਵਿਚ ਆ ਕੇ ਚੰਡੀਗੜ੍ਹ ਚਲਾ ਗਿਆ। ਜਿੱਥੇ ਇਨ੍ਹਾਂ ਗੈਂਗਸਟਰਾਂ ਨੇ ਮੇਰੀ ਇਤਰਾਜ਼ ਯੋਗ ਹਾਲਤ ਵਿਚ ਵੀਡੀਓ ਬਣਾ ਲਈ। ਦੇਖਦੇ ਹੀ ਦੇਖਦੇ ਉਸ ਫਲੈਟ ਵਿਚ ਲੁੱਕ ਕੇ ਬੈਠੇ ਹੋਏ ਸਾਰੇ ਗੈਂਗਸਟਰਾਂ ਬਾਹਰ ਆ ਗਏ ਅਤੇ ਮੇਰੇ ਕੋਲੋਂ 20 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ ਅਤੇ ਮੈਨੂੰ ਡਰਾਉਦੇ-ਧਮਕਾਉਦੇ ਰਹੇ ਅਤੇ ਇਹ ਵੀ ਕਹਿੰਦੇ ਰਹੇ ਕਿ ਜੇਕਰ ਸਾਨੂੰ ਪੈਸੇ ਨਾ ਦਿੱਤੇ ਤਾਂ ਜੋ ਅਸੀਂ ਤੇਰੀ ਵੀਡੀਓ ਬਣਾਈ ਹੈ ਉਸ ਨੂੰ ਅਸੀਂ ਇੰਟਰਨੈਟ ’ਤੇ ਪਾ ਦੇਵਾਂਗੇ।
ਗੱਲਾਂ ਨਾਲ ਆਪਣੇ ਜਾਲ ਵਿਚ ਫਸਾਉਂਦੀ ਸੀ ਲੜਕੀ
ਮੈਨੂੰ ਹੁਣ ਬਾਅਦ ਵਿਚ ਪਤਾ ਲੱਗਾ ਹੈ ਕਿ ਆਪਣੇ ਜਾਲ ਵਿਚ ਫਸਾਉਣ ਵਾਲੀ ਉਕਤ ਲੜਕੀ ਜੋ ਆਪਣੇ ਆਪ ਨੂੰ ਸੰਗਰੂਰ ਦੀ ਰਹਿਣ ਵਾਲੀ ਦੱਸਦੀ ਸੀ ਉਸਦੇ ਹੋਰ ਸਾਥੀ ਵੀ ਲੌਂਗੋਵਾਲ ਅਤੇ ਪਿੰਡ ਬੇਨੜੇ ਦੇ ਹੀ ਰਹਿਣ ਵਾਲੇ ਹਨ। ਜਦੋਂ ਮੈਂ ਅਪਣੇ-ਆਪ ਨੂੰ ਉਥੇ ਫਸਿਆ ਵਿਖਾਈ ਦਿੱਤਾ ਤਾਂ ਮੈਂ ਉਨ੍ਹਾਂ ਤੋਂ ਇਹ ਕਹਿ ਕੇ ਅਪਣਾ ਖਹਿੜਾ ਛੁਡਵਾਇਆਂ ਕਿ ਲੌਂਗੋਵਾਲ ਜਾ ਕੇ ਤੁਹਾਨੂੰ ਪੈਸੇ ਦੇ ਦੇਵਾਂਗਾ। ਬਿਆਨ ਕਰਤਾ ਨੇ ਅੱਗੇ ਦੱਸਿਆ ਕਿ ਇਸ ਘਟਨਾ ਬਾਰੇ ਮੈਂ ਅਪਣੇ ਮਾਤਾ-ਪਿਤਾ ਨੂੰ ਦੱਸਿਆ ਅਤੇ ਮੇਰੇ ਪਿਤਾ ਅਤੇ ਮੈਂ ਕਸਬੇ ਦੇ ਦੋ ਮੋਹਤਬਰਾਂ ਨੂੰ ਨਾਲ ਲੈ ਕੇ ਥਾਣਾ ਲੌਂਗੋਵਾਲ ਵਿਚ ਅਪਣੇ ਨਾਲ ਬੀਤੀ ਘਟਨਾ ਅਤੇ ਮੈਨੂੰ ਧਮਕੀਆਂ ਦੇ ਕੇ ਫਿਰੋਤੀ ਮੰਗਣ ਵਾਲਿਆਂ ਖ਼ਿਲਾਫ਼ ਅਪਣੀ ਰਿਪੋਰਟ ਦਰਜ਼ ਕਰਵਾਈ ਹੈ।
ਕੀ ਕਹਿੰਦੇ ਨੇ ਪੁਲਿਸ ਅਧਿਕਾਰੀ
ਅੱਜ ਇਥੇ ਰੱਖੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ.ਡੀ. ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸੁਨਾਮ ਭਰਪੂਰ ਸਿੰਘ, ਡੀ.ਐਸ.ਪੀ.(ਡੀ) ਕਰਨ ਸਿੰਘ ਸੰਧੂ ਅਤੇ ਥਾਣਾ ਲੌਂਗੋਵਾਲ ਵਿਖੇਂ ਆਏ ਨਵੇਂ ਥਾਣਾ ਮੁਖੀ ਬਲਵੰਤ ਸਿੰਘ ਨੇ ਫੜੇ ਗਏ ਦੋਸ਼ੀਆਂ ਹਾਜ਼ਰੀ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰਤ ਦੀਪਕ ਸਿੰਘ ਉਰਫ ਲੇਖੀ ਪੁੱਤਰ ਜਗਜੀਤ ਸਿੰਘ, ਗੁਰਵਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ, ਬਲਜੀਤ ਸਿੰਘ ਉਰਫ ਪਾਵਾ ਪੁੱਤਰ ਨਾਜਮ ਸਿੰਘ ਤੋਂ ਇਲਾਵਾ ਸੁਮਨ ਕੌਰ ਪਤਨੀ ਵਿੱਕੀ (ਸਾਰੇ ਵਾਸੀ ਪੱਤੀ ਰੰਧਾਵਾ ਲੌਂਗੋਵਾਲ) ਤੋਂ ਇਲਾਵਾ ਹਰਮਨ ਉਰਫ ਐਕਸ ਦਿਉਲ ਵਾਸੀ ਪਿੰਡ ਬੇਨੜਾ ਦੇ ਖ਼ਿਲਾਫ਼ ਧਾਰਾ 384, 506, ਅਤੇ 149 ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਹੋਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂਅ
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਭੈੜੇ ਅਨਸਰਾਂ ਖ਼ਿਲਾਫ਼ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਬਲਿਕ ਪੁਲਿਸ ਨੂੰ ਸਹਿਯੋਗ ਦੇਵੇ ਤਾਂ ਬਹੁਤ ਹੀ ਥੋੜੇ ਸਮੇਂ ਅਜਿਹੇ ਅਨਸਰਾਂ ਦਾ ਪੂਰੀ ਤਰ੍ਹਾਂ ਨਾਲ ਸਫਾਇਆਂ ਹੋ ਸਕਦਾ ਹੈ। ਮਾੜੇ ਅਨਸਰਾਂ ਨਾਲ ਕਿਸੇ ਵੀ ਕਿਸਮ ਦੀ ਨਰਮੀ ਨਹੀਂ ਵਰਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ