BJP Punjab: ਬੀਜੇਪੀ ਨੇ ਪੰਜਾਬ ’ਚ 2027 ਮਿਸ਼ਨ ਵਿੱਢਿਆ, ਰਾਜਪੁਰਾ ’ਚ ਕੀਤੀ ‘ਕਿਸਾਨ ਮਜ਼ਦੂਰ ਫਤਿਹ ਰੈਲੀ’

BJP Punjab
ਪਟਿਆਲਾ ਬੀਜੇਪੀ ਦੀ ਰੈਲੀ ’ਚ ਹਾਜ਼ਰ ਵੱਡੀ ਗਿਣਤੀ ਲੋਕ।

ਆਪ-ਕਾਂਗਰਸ ’ਤੇ ਲੈਂਡ ਪੂਲਿੰਗ ਨੀਤੀ ਦੇ ਨਾਂਅ ’ਤੇ ਪੰਜਾਬੀਆਂ ਦੇ ਹਿੱਤ ਵੇਚਣ ਅਤੇ ਗੱਠਜੋੜ ਦਾ ਲਗਾਇਆ ਦੋਸ਼

BJP Punjab: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਅੱਜ ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦੀ ਜਿੱਤ ਵਿੱਚ ਵੱਡੀ ਕਿਸਾਨ-ਮਜ਼ਦੂਰ ਫਤਿਹ ਰੈਲੀ ਕਰਕੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਸ ਦੌਰਾਨ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸੁਨੇਹਾ ਦੇ ਦਿੱਤਾ ਗਿਆ ਕਿ ਬੀਜੇਪੀ ਵੱਲੋਂ 117 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਸਬੰਧੀ ਉਹਨਾਂ ਵੱਲੋਂ ਰੂਪਰੇਖਾ ਤਿਆਰ ਕੀਤੀ ਜਾ ਚੁੱਕੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਦਾ ਬਲਾਕ ਅਤੇ ਤਹਿਸੀਲ ਪੱਧਰ ’ਤੇ ਲਗਾਤਾਰ ਸੰਘਰਸ਼ ਹੀ ਸਰਕਾਰ ਨੂੰ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਨ ਵਿੱਚ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਆਪ ਦੀ ਮਿਆਦ ਪੁੱਗ ਗਈ ਹੈ। ਪੰਜਾਬ ਦੇ ਲੋਕ ਅਸਲੀ ਬਦਲਾਅ ਲਈ ਮੋਦੀ ਸਰਕਾਰ ਮੰਗ ਰਹੇ ਹਨ।

ਇਹ ਵੀ ਪੜ੍ਹੋ: Telangana Weather News: ਤੇਲੰਗਾਨਾ ’ਚ ਭਾਰੀ ਮੀਂਹ ਦੀ ਸੰਭਾਵਨਾ: ਮੌਸਮ ਵਿਭਾਗ

ਬੀਜੇਪੀ ਦੇ ਕੌਮੀ ਆਗੂ ਤਰੁਣ ਚੁੱਘ ਨੇ ਲੈਂਡ ਪੂਲਿੰਗ ਨੀਤੀ ਵਾਪਸੀ ਨੂੰ ਪੰਜਾਬੀਅਤ ਦੀ ਜਿੱਤ ਦੱਸਿਆ। ਉਨ੍ਹਾਂ ਆਪ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਦੀ ਸਿਆਸਤ ਨੂੰ ਫੰਡ ਕਰਨ ਲਈ ‘ਏਟੀਐਮ’ ਬਣਾ ਦਿੱਤਾ ਹੈ। ਆਪ ਵੱਲੋਂ ਪੰਜਾਬ ਲੋਕਾਂ ਲਈ ਨਹੀਂ, ਸਗੋਂ ਮਾਫੀਆ ਅਤੇ ਭ੍ਰਿਸ਼ਟ ਨੇਤਾਵਾਂ ਲਈ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੋਟ ਦਿੱਤੀ ਸੀ ਨਾ ਕਿ ਦਿੱਲੀ ਵਾਲਿਆਂ ਨੂੰ।

ਇਸ ਦੌਰਾਨ ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਬੀਬਾ ਜੈ ਇੰਦਰ ਕੌਰ ਵੱਲੋਂ ਰੈਲੀ ਵਿੱਚ ਆਏ ਹੋਏ ਵੱਡੀ ਗਿਣਤੀ ਆਗੂਆਂ ਤੇ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਰੈਲੀ ਦੌਰਾਨ ਸਾਬਕਾ ਅਕਾਲੀ ਆਗੂ ਸਤਬੀਰ ਸਿੰਘ ਖਟੜਾ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ।ਇਸ ਮੌਕੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਸਾਬਕਾ ਸੀ.ਪੀ.ਐਸ. ਕੇ.ਡੀ. ਭੰਡਾਰੀ, ਜਨਰਲ ਸਕੱਤਰ ਅਨੀਲ ਸਰੀਨ, ਉਪ ਪ੍ਰਧਾਨ ਬਿਕਰਮ ਚੀਮਾ, ਸੁਭਾਸ਼ ਸ਼ਰਮਾ, ਫਤਿਹ ਜੰਗ ਸਿੰਘ ਬਾਜਵਾ, ਵਿਨੀਤ ਜੋਸ਼ੀ, ਪ੍ਰਿਤਪਾਲ ਸਿੰਘ ਬਾਲੀਆਵਾਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ।

ਪੰਜਾਬ ’ਚ ਬੀਜੇਪੀ ਜਿੱਤ ਦੇ ਰਸਤੇ ’ਤੇ : ਪਰਨੀਤ ਕੌਰ

ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਸਾਨਾਂ ਅਤੇ ਬੀਜੇਪੀ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਦਿਖਾਈ ਦੇ ਰਹੀ ਤਾਕਤ ਪੰਜਾਬ ਵਿੱਚ ਬੀਜੇਪੀ ਪਰਿਵਾਰ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਅਸੀਂ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੇ ਰਹੇ ਹਾਂ ਅਤੇ ਇਹ ਰੈਲੀ ਇਸ ਗੱਲ ਦਾ ਸਬੂਤ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਜਿੱਤ ਦੇ ਰਸਤੇ ’ਤੇ ਹੈ। ਇਹ ਸੱਚਮੁੱਚ ਸਾਡੇ ਕਿਸਾਨਾਂ ਅਤੇ ਪੰਜਾਬ ਦੀ ਜਿੱਤ ਹੈ। BJP Punjab