ਭਾਜਪਾ ਦੇ ਚਾਣੱਕਿਆ ਅਮਿਤ ਸ਼ਾਹ ਦੇ ਤਿੰਨ ਸਾਲ

BJP, Amit Shah, Article

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਜੋਂ ਅਮਿਤ ਸ਼ਾਹ ਦਾ ਤਿੰਨ ਵਰ੍ਹਿਆਂ ਦਾ ਕਾਰਜਕਾਲ ਬੇਮਿਸਾਲ ਸਫ਼ਲਤਾ ਨਾਲ ਭਰਿਆ ਰਿਹਾ ਹੈ ਪਾਰਟੀ ਦੇ ਚਾਣੱਕਿਆ ਕਹੇ ਜਾਣ ਵਾਲੇ ਇਸ ਸ਼ਖ਼ਸ ਨੇ ਜਦੋਂ ਤੋਂ ਪਾਰਟੀ ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਪਿੱਛੇ ਮੁੜ ਕੇ ਨਹੀਂ  ਦੇਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਤੇ ਸੁਚੱਜੀ ਅਗਵਾਈ ਤੇ ਅਮਿਤ ਸ਼ਾਹ ਦੇ ਚੁਣਾਵੀ ਰਣ ਕੌਸ਼ਲ ਦੀ ਬਦੌਲਤ 1980 ਦੇ ਦਹਾਕੇ ‘ਚ ਅਛੂਤ ਜਿਹੀ ਮੰਨੀ ਜਾਣ ਵਾਲੀ ਭਾਜਪਾ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਸਥਾਪਤ ਹੋ ਗਈ ਹੈ ਅਮਿਤ ਸ਼ਾਹ ਨੂੰ ਇਹ ਮੁਕਾਮ ਵਿਰਾਸਤ ‘ਚ ਨਹੀਂ ਮਿਲਿਆ ਸਗੋਂ  ਇੱਥੋਂ ਤੱਕ  ਪਹੁੰਚਣ ਲਈ ਉਨ੍ਹਾਂ ਦੀ ਲਗਨ, ਸਖ਼ਤ ਮਿਹਨਤ ਤੇ ਬੁੱਧੀ ਕੌਸ਼ਲ ਤੇ  ਯੋਗ ਪ੍ਰਬੰਧਾਂ ਦਾ ਅਹਿਮ ਯੋਗਦਾਨ ਹੈ
ਸ਼ਿਕਾਗੋ ਦੇ ਕਾਰੋਬਾਰੀ ਅਨਿਲ ਚੰਦਰ ਸ਼ਾਹ ਦੇ ਮੁੰਬਈ ਸਥਿੱਤ ਘਰ ਵਿਖੇ 1964 ‘ਚ ਅਮਿਤ ਸ਼ਾਹ ਦਾ ਜਨਮ ਹੋਇਆ ਉਨ੍ਹਾਂ ਨੇ ਬਾਇਓਕੈਮਿਸਟਰੀ ‘ਚ ਬੀਐਸਸੀ ਤੱਕ ਸਿੱਖਿਆ ਹਾਸਲ ਕੀਤੀ ਇਸ ਤੋਂ ਬਾਦ ਉਹ ਕੁਝ ਸਮੇਂ ਤੱਕ ਪਿਤਾ ਦੇ ਕਾਰੋਬਾਰ ‘ਚ ਹੱਥ ਵੰਡਾਉਣ ਲੱਗੇ ਫ਼ੇਰ ਕੁਝ ਸਮੇਂ ਤੱਕ ਸ਼ੇਅਰ ਬ੍ਰੋਕਰ ਦੇ ਕਾਰੋਬਾਰ ‘ਚ ਹੱਥ ਅਜ਼ਮਾਏ ਪਰ ਉਨ੍ਹਾਂ ਦੇ

ਦਿਮਾਗ ‘ਚ ਕੁਝ ਹੋਰ ਵੱਡਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਇੱਥੇ ਵੀ ਟਿਕਣ ਨਾ ਦਿੱਤਾ ਉਸੇ ਦੌਰਾਨ  ਉਹ ਆਰਐਸਐਸ ਨਾਲ ਜੁੜ ਗਏ ਤੇ ਭਾਜਪਾ ਦੇ ਸਰਗਰਮ ਮੈਂਬਰ ਵੀ ਬਣ ਗਏ ਰਾਸ਼ਟਰੀ ਸਵੈ ਸੇਵਕ ਸੰਘ ‘ਚ ਸ਼ਾਮਲ ਹੋਣ ਤੋਂ ਬਾਦ ਅਮਿਤ ਸ਼ਾਹ ਨੇ ਸੰਘ ਦੇ  ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਲਈ ਚਾਰ ਵਰ੍ਹਿਆਂ ਤੱਕ ਸਖ਼ਤ ਮਿਹਨਤ ਨਾਲ ਕੰਮ ਕੀਤਾ ਉਸੇ ਦੌਰਾਨ ਭਾਜਪਾ ਸੰਘ ਦਾ  ਰਾਜਨੀਤਿਕ ਵਿੰਗ ਬਣ ਕੇ ਉੱਭਰਿਆ ਤੇ ਅਮਿਤ ਸ਼ਾਹ 1984-85 ‘ਚ ਪਾਰਟੀ ਦੇ ਸਥਾਈ ਮੈਂਬਰ ਬਣੇ ਭਾਜਪਾ ਮੈਂਬਰ ਦੇ ਰੂਪ ‘ਚ ਉਨ੍ਹਾਂ ਨੂੰ ਅਹਿਮਦਾਬਾਦ ਦੇ ਨਰਾਇਣ  ਵਾਰਡ  ‘ਚ ਪੋਲ ਏਜੰਟ ਦੀ ਪਹਿਲੀ ਜ਼ਿੰਮੇਵਾਰੀ ਸੌਂਪੀ ਗਈ

ਉਸ ਤੋਂ ਬਾਦ ਉਹ ਇਸੇ ਵਾਰਡ ਤੋਂ ਸਕੱਤਰ ਬਣਾਏ ਗਏ ਇਸ ਤਰ੍ਹਾਂ ਜ਼ਿੰਮੇਵਾਰੀਆਂ ਨੂੰ ਸਫ਼ਲਤਾਪੂਰਵਕ ਨਿਭਾਉਂਦੇ ਰਹਿਣ ਕਾਰਨ ਅਮਿਤ ਸ਼ਾਹ ਉੱਚੇ ਅਹੁਦਿਆਂ  ਲਈ ਚੁਣੇ ਗਏ ਸ਼ਾਹ ਨੇ ਨੌਜਵਾਨ ਪਾਰਟੀ ਦੇ ਪ੍ਰਚਾਰ-ਪ੍ਰਸਾਰ ਲਈ ਦਿਨ-ਰਾਤ ਇੱਕ ਕਰਦਿਆਂ ਪੂਰੀ ਕੂਟਨੀਤਿਕ ਮੁਹਾਰਤ ਦਾ ਸਬੂਤ ਦਿੱਤਾ 1989 ਦੀਆਂ ਲੋਕ ਸਭਾ ਚੋਣਾਂ ਅਮਿਤ ਸ਼ਾਹ ਦੇ ਸਿਆਸੀ ਜੀਵਨ ਲਈ ਟਰਨਿੰਗ ਪੁਆਇੰਟ ਸਾਬਤ ਹੋਈਆਂ, ਜਦੋਂ ਉਨ੍ਹਾਂ ਨੂੰ ਭਾਜਪਾ ਦੇ ਜਨ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਗਾਂਧੀ ਨਗਰ ਲੋਕ ਸਭਾ ਸੀਟ ਦੇ ਚੋਣ  ਪ੍ਰਬੰਧਕ ਦੀ ਜ਼ਿੰਮੇਵਾਰੀ ਸੌਂਪੀ ਗਈ ਦੋਵਾਂ ਦਾ ਇਹ ਗਠਜੋੜ ਅਜਿਹਾ ਬਣਿਆ ਕਿ ਦੋ ਦਹਾਕਿਆਂ ਭਾਵ 2009 ਦੀਆਂ ਲੋਕ ਸਭਾ ਚੋਣਾਂ ਤੱਕ ਅਮਿਤ ਸ਼ਾਹ ਅਡਵਾਨੀ ਦੀ ਚੋਣ ਰਣਨੀਤੀ ਤਿਆਰ ਕਰਦੇ ਰਹੇ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਦੋਂ ਗਾਂਧੀ ਨਗਰ ਤੋਂ ਲੋਕ ਸਭਾ ਚੋਣ ਲੜੇ ਤਾਂ ਅਮਿਤ ਸ਼ਾਹ ਹੀ ਚੋਣ ਇੰਚਾਰਜ ਬਣਾਏ ਗਏ ਸਨ ਇਸ ਤੋਂ ਬਾਦ ਅਮਿਤ ਸ਼ਾਹ ਗੁਜਰਾਤ ਦੇ ਚੈਸ ਐਸੋਸਿਏਸ਼ਨ ਪ੍ਰਧਾਨ, ਗੁਜਰਾਤ ਕ੍ਰਿਕਟ ਐਸੋਸਿਏਸ਼ਨ ਉੱਪ ਪ੍ਰਧਾਨ, ਗੁਜਰਾਤ ਸਟੇਟ ਫ਼ਾਇਨਾਂਸ ਕਾਰਪੋਰੇਸ਼ਨ ਲਿਮਿਟਡ ਦੇ ਪ੍ਰਧਾਨ, ਅਹਿਮਦਾਬਾਦ ਜ਼ਿਲ੍ਹਾਂ ਕੋ-ਆਪ੍ਰੇਟਿਵ ਬੈਂਕ ਦੇ ਚੇਅਰਮੈਨ ਵੀ ਬਣੇ 2003 ‘ਚ ਜਦੋਂ ਦੁਬਾਰਾ ਗੁਜਰਾਤ ‘ਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਤਾਂ ਅਮਿਤ ਸ਼ਾਹ ਨੂੰ ਰਾਜ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਅਤੇ ਗ੍ਰਹਿ ਮੰਤਰਾਲੇ ਸਮੇਤ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ

ਇਸ ਤੋਂ ਬਾਦ ਆਪਣੇ ਯੋਗਤਾ ਦੇ ਦਮ ‘ਤੇ ਤੱਤਕਾਲੀ ਮੁੱਖ ਮੰਤਰੀ ਮੋਦੀ ਦੇ ਚਹੇਤੇ, ਭਰੋਸੇਮੰਦ ਅਤੇ ਕਰੀਬੀ ਆਗੂਆਂ ‘ਚ ਸ਼ੁਮਾਰ ਹੋਏ ਸ਼ਾਹ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਹਿਮਦਾਬਾਦ ਸੀਟ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਚੁਣੇ ਗਏ ਪ੍ਰਾਪਤੀਆਂ ਭਰੇ ਸਿਆਸੀ ਜੀਵਨ ‘ਚ ਉਨ੍ਹਾਂ ਦੇ ਨਾਂਅ ਨਾਲ ਕੁਝ ਵਿਵਾਦ ਵੀ ਜੁੜੇ ਰਹੇ ਗੁਜਰਾਤ ਦੇ ਗ੍ਰਹਿ ਮੰਤਰੀ ਰਹਿੰਦਿਆਂ ਉਨ੍ਹਾਂ ‘ਤੇ ਸੋਹਰਾਬੂਦੀਨ ਅਤੇ ਗਾਇਤਰੀ ਤੁਲਸੀ ਦੇ ਫ਼ਰਜ਼ੀ ਮੁਕਾਬਲੇ ਦੇ ਦੋਸ਼ ਲੱਗੇ ਇਸ ਦੇ ਚਲਦਿਆਂ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਵੀ ਜਾਣਾ ਪਿਆ ਇਸ ਤੋਂ ਬਾਦ ਉਨ੍ਹਾਂ ਨੂੰ ਜਮਾਨਤ ਮਿਲ ਗਈ ਪਰੰਤੂ ਕੋਰਟ ਨੇ ਸਬੂਤਾਂ ਨਾਲ ਛੇੜਛਾੜ ਦੇ ਸ਼ੱਕ ਦੇ ਮੱਦੇਨਜ਼ਰ ਉਨ੍ਹਾਂ  ਦੇ ਗੁਜਰਾਤ ਤੋਂ ਬਾਹਰ ਜਾਣ ‘ਤੇ ਰੋਕ ਲਾ ਦਿੱਤੀ ਸੀ ਉਤਾਰ-ਚੜ੍ਹਾਅ ਭਰੇ ਇਸ ਦੌਰ ‘ਚ ਸ਼ਾਹ ਨੇ ਸਬਰ ਦਾ ਪੱਲਾ ਫ਼ੜੀ ਰੱਖਿਆ ਅਤੇ ਅਖੀਰ ਕੋਰਟ ਨੇ ਇਨ੍ਹਾਂ ਦੋਵਾਂ ਕੇਸਾਂ ‘ਚ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਉਥੇ ਸਮ -ਵਿਸ਼ਮ ਹਾਲਾਤਾਂ ‘ਚ ਘਿਰੇ ਸ਼ਾਹ ਪਾਰਟੀ ਅਗਵਾਈ ‘ਚ ਲਗਾਤਾਰ ਆਪਣਾ ਵਿਸ਼ਵਾਸ ਜਮਾਉਂਦੇ ਰਹੇ

ਫੇਰ 2014 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਅਤੇ ਅਮਿਤ ਸ਼ਾਹ ਨੂੰ ਇਨ੍ਹਾਂ ਚੋਣਾਂ ਅੰਦਰ ਉੱਤਰ ਪ੍ਰਦੇਸ਼ ਦਾ ਕਾਰਜਭਾਰ ਸੌਂਪਿਆ ਗਿਆ ਸ਼ਾਹ ਨੇ ਇੱਕ ਵਾਰ ਫ਼ੇਰ ਆਪਣੇ ਚੋਣਾਵੀ ਰਣ ਕੌਸ਼ਲ ਨੂੰ ਧਾਰ ਦਿੱਤੀ ਅਤੇ ਮੋਦੀ ਲਹਿਰ ‘ਤੇ ਸਵਾਰ ਭਾਜਪਾ ਨੇ 282 ਸੀਟਾਂ ‘ਤੇ ਜਿੱਤ ਹਾਸਲ ਕੀਤੀ, ਜਿਨ੍ਹਾਂ ‘ਚ ਇਕੱਲੇ ਉੱਤਰ ਪ੍ਰਦੇਸ਼ ‘ਚ 42.3% ਵੋਟਾਂ ਨਾਲ ਪਾਰਟੀ ਨੇ 80 ‘ਚੋਂ 71 ਸੀਟਾਂ ਜਿੱਤੀਆਂ, ਜੋ 1989 ਦੀਆਂ ਚੋਣਾਂ ਤੋਂ ਬਾਦ ਕਿਸੇ ਵੀ ਪਾਰਟੀ ਨੂੰ ਸੂਬੇ ‘ਚ ਮਿਲੀਆਂ ਸਭ ਤੋਂ ਜ਼ਿਆਦਾ ਵੋਟਾਂ ਸਨ ਇਸ ਜਿੱਤ ਤੋਂ ਬਾਗੋਬਾਗ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਨੂੰ ਉਨ੍ਹਾਂ ਨੂੰ ਰਾਸ਼ਟਰੀ ਪ੍ਰਧਾਨ ਦੇ ਅਹੁਦੇ ‘ਤੇ ਨਿਯੁਕਤ ਕਰ ਦਿੱਤਾ

ਇਸ ਤੋਂ ਬਾਦ ਅਮਿਤ ਸ਼ਾਹ ਦੀ ਅਗਵਾਈ ‘ਚ ਦੇਸ਼ ਭਰ ਅੰਦਰ ਭਾਜਪਾ ਦੀ ‘ਮਹਾਂਮੈਂਬਰਸ਼ਿਪ ਮੁਹਿੰਮ’ ਚਲਾਈ ਗਈ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਭਾਜਪਾ ਨਾਲ ਜੁੜੇ ਅਮਿਤ ਸ਼ਾਹ ਨੇ ਪਾਰਟੀ ਆਗੂਆਂ, ਕਾਰਕਰਤਾਵਾਂ ਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਲਈ ਪਹਿਲੀ ਵਾਰ ‘ਲੋਕ ਸੰਵਾਦ’ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ ਆਮ ਲੋਕ, ਵਰਕਰ ਅਤੇ ਪਾਰਟੀ ਆਗੂ ਬਿਨਾ ਪਹਿਲਾਂ ਸਮਾਂ ਲਏ ਵੀ ਮਿਲਦੇ ਹਨ ਭਾਜਪਾ ਪ੍ਰਧਾਨ ਨੇ ਚੋਣ ਰੈਲੀਆਂ ਦੇ ਨਾਲ-ਨਾਲ ਵਰਕਰ ਸੰਮੇਲਨਾਂ ‘ਤੇ ਵੀ ਧਿਆਨ ਕਤੇਂਦਰਿਤ ਕੀਤਾ ਉਥੇ ਹੀ ਦੇਸ਼ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਨੂੰ ਵੀ ਪਾਰਟੀ ਨਾਲ ਜੋੜਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਤਾਂ ਕਿ ਦੇਸ਼ ਨੂੰ ਭਾਜਪਾ ਅਤੇ ਸਰਕਾਰ ਦੇ ਵਿਜ਼ਨ ਤੋਂ ਸਹੀ ਮਾਇਨਿਆਂ ‘ਚ ਜਾਣੂ ਕਰਵਾਇਆ ਜਾ ਸਕੇ

ਸ਼ਾਹ ਦੀ ਸਰਪ੍ਰਸਤੀ ‘ਚ ਭਾਜਪਾ ਨੇ ਹਰ ਪੱਧਰ ‘ਤੇ ਚੋਣਾਵੀ ਸ਼ਫਲਤਾ ਦੇ ਨਵੇਂ ਝੰਡੇ ਗੱਡੇ ਭਾਵੇਂ ਉਹ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ, ਭਾਵੇਂਟ ਉਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣ ਜਾਂ ਫ਼ਿਰ ਜ਼ਿਮਨੀ ਚੋਣਾਂ ਸ਼ਾਹ ਦੇ ਪ੍ਰਧਾਨਗੀ ਦੇ ਸਮੇਂ ‘ਚ ਜਿੰਨੀਆਂ ਵੀ ਚੋਣਾਂ ਹੋਈਆਂ, ਲਗਭਗ ਸਾਰੀਆਂ ਚੋਣਾਂ ‘ਚ ਭਾਜਪਾ ਨੇ ਜਿੱਤ ਹਾਸਲ ਕੀਤੀ ਜਿਨ੍ਹਾਂ ਸੂਬਿਆਂ ‘ਚ ਭਾਜਪਾ ਸਰਕਾਰ ਨਹੀਂ ਬਣਾ ਸਕੀ, ਉਥੇ ਵੀ ਭਾਜਪਾ ਦੀ ਵੋਟ ਫ਼ੀਸਦੀ ‘ਚ ਇਜ਼ਾਫਾ ਹੋਇਆ ਅੱਜ ਦੇਸ਼ ਦੇ 29 ਵਿੱਚੋਂ 18 ਸੂਬਿਆਂ ਅੰਦਰ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੀਆਂ ਸਰਕਾਰਾਂ ਹਨ

2017 ‘ਚ ਹੋਈਆਂ ਪੰਜ ਸੂਬਿਆਂ ਦੀਆਂ ਚੋਣਾਂ ‘ਚੋਂ ਭਾਜਪਾ ਨੇ ਚਾਰ ਸੂਬਿਆਂ ‘ਚ ਜਿੱਤ ਹਾਸਲ ਕੀਤੀ ਉਥੇ ਹੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਪਾਰਟੀ ਨੇ ਤਿੰਨ ਚੌਥਾਈ ਬਹੁਮਤ ਪ੍ਰਾਪਤ ਕੀਤਾ ਅੱਜ ਦੇਸ਼ ਦੇ ਲੱਗਭਗ ਸਾਰੇ ਵੱਡੇ ਸੂਬਿਆਂ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ, ਗੁਜਰਾਤ ਤੇ ਬਿਹਾਰ ‘ਚ ਭਾਜਪਾ ਦੀਆਂ ਸਰਕਾਰਾਂ ਹਨ ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ, ਉੱਤਰਾਖੰਡ, ਮਣੀਪੁਰ ਤੇ ਗੋਆ ‘ਚ ਵੀ ਭਾਜਪਾ ਨੇ ਗੱਡੇ ਜੰਮੂ-ਕਸ਼ਮੀਰ, ਅਸਾਮ ਤੇ ਮਣੀਪੁਰ ‘ਚ   ਤਾਂ ਅਜ਼ਾਦੀ ਤੋਂ ਬਾਦ ਪਹਿਲੀ ਵਾਰ ਭਾਜਪਾ ਗਠਜੋੜ ਦੀ ਸਰਕਾਰ ਬਣੀ ਹਰਿਆਣਾ’ਚ ਭਾਜਪਾ ਨੇ ਪਹਿਲੀ ਵਾਰ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ ਕੇਰਲ ਵਿਧਾਨ ਸਭਾ ‘ਚ ਅਜ਼ਾਦੀ ਤੋਂ ਬਾਦ ਪਹਿਲੀ ਵਾਰ ਭਾਜਪਾ ਨੇ ਹਾਜ਼ਰੀ ਦਰਜ ਕਰਵਾਈ ਪੂਰਬ-ਉੱਤਰ ਦੇ ਚਾਰ ਸੂਬਿਆਂ ‘ਚ ਭਾਜਪਾ ਅਤੇ ਐਨਡੀਏ ਦੀ ਸਰਕਾਰ ਹੈ ਮਹਾਂਰਾਸ਼ਟਰ , ਓਡੀਸ਼ਾ, ਗੁਜਰਾਤ, ਰਾਜਸਥਾਨ, ਚੰਡੀਗੜ੍ਹ, ਹਰਿਆਣਾ, ਦਿੱਲੀ, ਕੇਰਲਾ  ਤੇ ਪੱਛਮੀ ਬੰਗਾਲ ‘ਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ‘ਚ ਭਾਜਪਾ ਦੀ  ਬੇਮਿਸਾਲ ਸਫ਼ਲਤਾ ਮਿਲੀ ਓਡੀਸ਼ਾ ‘ਚ ਹੋਈਆਂ ਚੋਣਾਂ ‘ਚ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ

ਮੌਜ਼ੂਦਾ ਸਮੇਂ ਭਾਜਪਾ ਤੇ ਐਨਡੀਏ ਦੇ 33 ਭਾਈਵਾਲ ਹਨ, ਮਹਾਂਰਾਸ਼ਟਰ ‘ਚ ਸ਼ਿਵ ਸੈਨਾ, ਬਿਹਾਰ ‘ਚ  ਜੇਡੀਯੂ, ਜੰਮੂ-ਕਸ਼ਮੀਰ ‘ਚ ਪੀਡੀਪੀ, ਪੰਜਾਬ ‘ਚ ਅਕਾਲੀ ਦਲ ਬਾਦਲ, ਬੋਡੋਲੈਂਡ ਪੀਪਲਜ਼ ਫ਼ਰੰਟ, ਅਸਾਮ ਗਣ ਪ੍ਰੀਸ਼ਦ, ਭਾਰਤ ਧਰਮ ਜਨ ਸੈਨਾ, ਮਹਾਂਰਾਸ਼ਟਰ ਗੋਮਾਂਤਕ ਪਾਰਟੀ, ਪੱਤਾਲੀ  ਮੱਕਾਲ ਕਾਚੀ, ਰਿਪਬਲਿਕ ਪਾਰਟੀ ਆਫ਼ ਇੰਡੀਆ (ਅਠਾਵਲੇ), ਆੱਲ ਇੰਡੀਆ ਐਨ. , ਕਾਂਗਰਸ, ਲੋਕਜਨ ਸ਼ਕਤੀ ਪਾਰਟੀ, ਤੇਲਗੂ ਦੇਸ਼ਮ,ਕੇਰਲਾ ਕਾਂਗਰਸ, ਆਪਣਾਦਲ,  ਮਣੀਪੁਰ ਪੀਪਲਜ਼ ਪਾਰਟੀ ਤੇ ਨਾਗਾ ਪੀਪਲਜ਼ ਫ਼ਰੰਟ ਆਦਿ ਪਾਰਟੀਆਂ ਸ਼ਾਮਲ ਹਨ ਗੁਜਰਾਤ ‘ਚ ਸ਼ਾਹ ਤੇ ਸਮਰਿਤੀ ਇਰਾਨੀ ਦੀ ਜਿੱਤ ਨਾਲ ਹੀ ਹੁਣ ਭਾਜਪਾ ਰਾਜ ਸਭਾ ‘ਚ ਵੀ ਬਹੁਤਮਤ ਦੇ ਨੇੜੇ ਪਹੁੰਚ ਗਿਆ ਹੈ,ਜਿਸ ਨਾਲ ਆਉਣ ਵਾਲੇ ਸਮੇਂ ਸੰਸਦ ‘ਚ ਅਹਿਮ ਬਿਲਾਂ ਤੇ ਕਾਨੂੰਨਾਂ ਨੂੰ ਪਾਸ ਕਰਵਾਉਣ ਦਾ ਰਾਹ ਅਸਾਨ ਹੋਵੇਗਾ

ਇਨ੍ਹਾਂ ਹਾਲਾਤਾਂ ਤੇ ਐਨਡੀਏ 2019 ਦੀਆਂ ਲੋਕ ਸਭਾ ਚੋਣਾਂ ‘ਚ 2014 ਵਾਲੀ ਸਫ਼ਲਤਾ ਦੁਹਰਾਉਂਦੀ ਨਜ਼ਰ ਆ ਰਹੀ ਹੈ, ਕਿਉਂਕਿ  ਅਜੇ ਤੱਕ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ‘ਚ ਉਨ੍ਹਾਂ ਸਾਹਮਣੇ ਕੋਈ ਵੱਡੀ ਚੁਣੌਤੀ ਨਹੀਂ ਦਿਖ ਰਹੀ ਇਸ ਟੀਚੇ ਨੂੰ ਹਾਸਲ ਕਰਨ ਲਈ ਉਸ ਨੂੰ ਪੰਜਾਬ ‘ਚ ਅਕਾਲੀ ਦਲ, ਆਂਧਰ ਪ੍ਰਦੇਸ਼ ‘ਚ ਤੇਲਗੂ ਦੇਸ਼ਮ ਤੇ ਮਹਾਂਰਾਸ਼ਟਰ ‘ਚ ਸਹਿਯੋਗੀ ਸ਼ਿਵਸੈਨਾ ਵਰਗੀਆਂ ਪਾਰਟੀਆਂ ਨੂੰ ਸੰਤੁਸ਼ਟ ਰੱਖਣਾ ਪਵੇਗਾ, ਨਹੀਂ ਤਾਂ ਖੇਡ ਵਿਗੜ ਸਕਦੀ ਹੈ

ਜਸਵਿੰਦਰ ਇੰਸਾਂ, ਮੋ. 99916-10627

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।