ਪੁਲਿਸ ਵੱਲੋਂ ਚਾਰ ਜਣੇ ਗ੍ਰਿਫ਼ਤਾਰ
ਨਾਗਪੁਰ: ਗਊ ਦੇਮਾਸ ਨੂੰ ਲੈ ਕੇ ਦੇਸ਼ ਭਰ ਵਿੱਚ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ, ਜਿੱਥੇ ਸਕੂਟਰ ਦੀ ਡਿੱਗੀ ਵਿੱਚ ਕਥਿਤ ਤੌਰ ‘ਤੇ ਗਊ ਦਾ ਮਾਸ ਲਿਜਾਣ ਦੇ ਸ਼ੱਕ ਵਿੱਚ ਭੀੜ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਬੁਰੀ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਬਰਾਮਦ ਮਾਸ ਨੂੰ ਜਾਂਚ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਇਸ ਮਾਮਲੇ ‘ਚ ਪੀੜਤ ਨੇ ਦੱਸਿਆ ਕਿ ਉਹ ਭਾਜਪਾ ਦਾ ਵਰਕਰ ਹੈ।
ਮਾਮਲਾ ਨਾਗਪੁਰ ਦੇ ਭਾਰਸਿੰਗੀ ਪਿੰਡ ਦਾ ਹੈ। ਸਲੀਮ ਇਸਮਾਈਲ ਸ਼ਾਹ ਨਾਂਅ ਦੇ ਇੱਕ ਵਿਅਕਤੀ ‘ਤੇ ਦੋਸ਼ ਹੈ ਕਿ ਉਹ ਸਕੂਟੀ ਦੀ ਡਿੱਗੀ ਵਿੱਚ ਗਊ ਦਾ ਮਾਸ ਰੱਖ ਕੇ ਲਿਜਾ ਰਿਹਾ ਸੀ। ਭਾਰਸਿੰਗੀ ਬੱਸ ਅੱਡੇ ਕੋਲ ਲੋਕਾਂ ਨੇ ਅਚਾਨਕ ਉਸ ਨੂੰ ਘੇਰ ਲਿਆ ਅਤੇ ਸੜਕ ‘ਤੇ ਹੀ ਬੁਰੀ ਤਰ੍ਹਾਂ ਕੁੱਟਣ ਲੱਗੇ। ਜਿਸ ਤੋਂ ਬਾਅਦ ਇਸਮਾਈਲ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੀੜਤ ਨੇ ਦੱਸਿਆ ਭਾਜਪਾ ਵਰਕਰ
ਇਸਮਾਈਲ ਦਾ ਕਹਿਣਾ ਹੈ ਕਿ ਮੈਂ ਛੋਲੇ ਕਪਾਹ ਦਾ ਕੰਮ ਕਰਦਾ ਹਾਂ। ਇਸ ਤੋਂ ਪਹਿਲਾਂ ਮੈਂ ਓਰੀਐਂਟਲ ਦਾ ਕੰਮ ਕਰਦਾ ਸੀ। ਉਹ ਕੰਪਨੀ ਬੰਦ ਹੋ ਗਈ ਤਾਂ ਹੁਣ ਮੈਂ ਛੋਲੇ ਕਪਾਹ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਹਾਂ। ਮੈਂ ਭਾਜਪਾ ‘ਚ ਕਰੀਬ 12 ਸਾਲ ਤੋਂ ਕੰਮ ਕਰ ਰਿਹਾ ਹਾਂ। ਮੈਂ ਪਾਰਟੀ ਵਿੱਚ ਘੱਟ ਗਿਣਤੀ ਸੈੱਲ ਦਾ ਪ੍ਰਧਾਨ ਸੀ ਅਤੇ ਹੁਣ ਕਾਟੋਲ ਤਹਿਸੀਲ ਵਿੱਚ ਮਹਾਂ ਮੰਤਰੀ ਹਾਂ। ਸਕੂਟੀ ਵਿੱਚ ਗਊ ਦਾ ਮਾਸ ਨਹੀਂ ਸੀ, ਉਹ ਮਟਨ ਸੀ।
ਪੀੜਤ ਦੀ ਪਤਨੀ ਜ਼ਰੀਨ ਸਮਾਈਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋ ਰਿਹਾ ਹੈ । ਲੋਕਾਂ ਨੇ ਉਸ ਨੂੰ ਬਹੁਤ ਮਾਰਿਆ ਹੈ। ਮੇਰੇ ਪਤੀ ‘ਤੇ ਗਲਤ ਦੋਸ਼ ਲਾਇਆ ਹੈ। ਉਹ ਮਸਜਿਦ ਦੀ ਕਮੇਟੀ ਦੇ ਇੱਕ ਪ੍ਰੋਗਰਾਮ ਲਈ ਮਟਨ ਲਿਜਾ ਰਹੇ ਸਨ। ਸਾਡਾ ਮਾਸ ਦਾ ਕੋਈ ਕਾਰੋਬਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਆਪਣੇ ਗੁਜਰਾਤ ਦੌਰੇ ਦੌਰਾਨ ਕਥਿਤ ਗਊ ਰੱਖਿਅਕਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਗਊ ਰੱਖਿਅਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਗਾਂ ਲਈ ਕਿਸੇ ਇਨਸਾਨ ਦੀ ਜਾਨ ਲੈਣੀ ਗਊ ਰੱਖਿਆ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸੇ ਗਊ ਰੱਖਿਅਕ ਨੂੰ ਕਾਨੂੰਨ ਨੂੰ ਹੱਥ ‘ਚ ਲੈਣ ਦਾ ਹੱਕ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇਗਾ।
ਨਾਗਪੁਰ ਦੀ ਇਹ ਘਟਨਾ ਦੱਸ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਚਿਤਾਵਨੀ ਦਾ ਕਥਿਤ ਗਊ ਰੱਖਿਅਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਇਸ ਮਾਮਲੇ ਵਿੱਚ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਜ ਸਵੇਰੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।