(BJP Candidates) ਭਾਜਪਾ ਨੇ ਕੇਂਦਰੀ ਚੋਣ ਕਮੇਟੀ ਦੀ ਸੱਦੀ ਮੀਟਿੰਗ, ਸੀਟ ਬਟਵਾਰੇ ਸਬੰਧੀ ਵੀ ਹੋਏਗਾ ਐਲਾਨ
- ਭਾਜਪਾ 60 ਅਤੇ ਅਮਰਿੰਦਰ ਦੀ ਪਾਰਟੀ ਨੂੰ ਮਿਲ ਰਹੀਆਂ ਹਨ 43 ਸੀਟਾਂ, ਢੀਂਡਸਾ ਕੋਲ 14 ਸੀਟਾਂ
- ਅੱਜ ਲਾਵੇਗੀ ਭਾਜਪਾ ਹਾਈ ਕਮਾਨ ਮੋਹਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਭਾਰਤੀ ਜਨਤਾ ਪਾਰਟੀ (Bjp) ਵੱਲੋਂ ਅੱਜ ਸ਼ੁੱਕਰਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਸਬੰਧੀ ਆਖਰੀ ਦੌਰ ਦੀ ਮੀਟਿੰਗ ਦਿੱਲੀ ਵਿਖੇ ਸੱਦ ਲਈ ਗਈ ਹੈ ਅਤੇ ਇਸ ਮੀਟਿੰਗ ਦੌਰਾਨ ਗੱਠਜੋੜ ਵਿੱਚ ਸੀਟ ਬਟਵਾਰੇ ਦੇ ਨਾਲ ਹੀ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਜਾਏਗਾ। ਹਾਲਾਂਕਿ ਉਮੀਦਵਾਰਾਂ ਦੀ ਮੁਕੰਮਲ ਲਿਸਟ ਜਾਰੀ ਨਹੀਂ ਕੀਤੀ ਜਾਏਗੀ ਪਰ 40 ਦੇ ਕਰੀਬ ਨਾਂਅ ਪਹਿਲੀ ਸੂਚੀ ਵਿੱਚ ਆਉਣ ਦੇ ਆਸਾਰ ਹਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਇਸ ਸਬੰਧੀ ਸ਼ੁੱਕਰਵਾਰ ਸ਼ਾਮ ਤੱਕ ਫੈਸਲਾ ਕਰ ਲਿਆ ਜਾਏਗਾ ਅਤੇ ਇਸ ਮੀਟਿੰਗ ਵਿੱਚ ਗਜੇਂਦਰ ਸ਼ੇਖਾਵਤ ਦੇ ਨਾਲ ਹੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ।
ਭਾਜਪਾ 60 ਸੀਟਾਂ ’ਤੇ ਚੋਣ ਲੜੇਗੀ
ਭਾਜਪਾ (Bjp) ਵੱਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਕਈ ਗੇੜਾਂ ’ਚ ਇਸ ਸਬੰਧੀ ਚਰਚਾ ਕੀਤੀ ਗਈ ਹੈ ਅਤੇ ਹੁਣ ਇਸ ਚਰਚਾ ਦਾ ਅੰਤ ਕਰਦੇ ਹੋਏ ਫੈਸਲਾ ਲਿਆ ਜਾ ਰਿਹਾ ਹੈ। ਭਾਜਪਾ ਵੱਲੋਂ ਗਠਜੋੜ ਵਿੱਚ ਸੀਟ ਬਟਵਾਰੇ ਸਬੰਧੀ ਵੀ ਲਗਭਗ ਫੈਸਲਾ ਕਰ ਲਿਆ ਗਿਆ ਹੈ। ਭਾਜਪਾ ਖ਼ੁਦ 60 ਸੀਟਾਂ ’ਤੇ ਚੋਣ ਲੜੇਗੀ, ਜਦੋਂ ਕਿ ਅਮਰਿੰਦਰ ਸਿੰਘ ਦੀ ਪਾਰਟੀ ਨੂੰ 43 ਸੀਟਾਂ ਦਿੱਤੀ ਜਾ ਰਹੀਆਂ ਹਨ ਅਤੇ ਸੁਖਦੇਵ ਢੀਂਡਸਾ ਦੀ ਪਾਰਟੀ ਕੋਲ 14 ਸੀਟਾਂ ਹੀ ਰਹਿਣਗੇ।
ਲੁਧਿਆਣਾ ਤੋਂ ਬੈਂਸ ਭਰਾਵਾ ਸਬੰਧੀ ਵੀ ਚਰਚਾ ਚਲ ਰਹੀ ਹੈ ਕਿ ਉਨਾਂ ਨੂੰ ਵੀ ਗਠਜੋੜ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਪਰ ਭਾਜਪਾ ਬੈਂਸ ਭਰਾਵਾਂ ਨੂੰ 4 ਤੋਂ ਜਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੀ। ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਅਮਰਿੰਦਰ ਸਿੰਘ ਦੀ ਪਾਰਟੀ ਦੇ ਹੱਥੋਂ 3 ਅਤੇ ਢੀਂਡਸਾ ਕੋਲੋਂ 1 ਸੀਟ ਵਾਪਸ ਲਈ ਜਾਏਗੀ, ਜਦੋਂ ਕਿ ਭਾਜਪਾ ਆਪਣੇ ਕੋਲ 60 ਸੀਟਾਂ ਹੀ ਰੱਖੇਗੀ। ਸੀਟ ਬਟਵਾਰੇ ਦੇ ਨਾਲ ਉਮੀਦਵਾਰਾਂ ਦੀ ਸੂਚੀ ਸਬੰਧੀ ਵੀ ਸ਼ੁੱਕਰਵਾਰ ਨੂੰ ਹੀ ਦਿੱਲੀ ਵਿਖੇ ਫੈਸਲਾ ਹੋਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ