ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ਦੇ ਦੂਜੇ ਗੇੜ ‘ਚ ਹੁਣ ਤੱਕ ਕੋਈ ਕੰਮਕਾਜ ਨਾ ਹੋਣ ਸਕਣ ਤੋਂ ਚਿੰਤਤ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਜਟ ਪਾਸ ਕਰਵਾਉਣ ਲਈ ਰਣਨੀਤੀ ‘ਤੇ ਅੱਜ ਵਿਚਾਰ ਕੀਤਾ ਅਤੇ ਪਾਰਟੀ ਸਾਂਸਦਾਂ ਨੂੰ 13 ਤੋਂ 15 ਮਾਰਚ ਤੱਕ ਦੋਵਾਂ ਸਦਨਾਂ ‘ਚ ਮੌਜ਼ੂਦ ਰਹਿਣ ਸਬੰਧੀ ਵ੍ਹਿਪ ਜਾਰੀ ਕੀਤਾ ਪਾਰਟੀ ਸੂਤਰਾਂ ਨੇ ਇੱਥੇ ਦੱਸਿਆ ਕਿ ਭਾਜਪਾ ਸੰਸਦੀ ਦਲ ਦੀ ਅੱਜ ਸਵੇਰੇ ਸੰਸਦ ਭਵਨ ਦੀ ਲਾਇਬ੍ਰੇਰੀ ਹਾਲ ‘ਚ ਹੋਈ ਮੀਟਿੰਗ ‘ਚ ਇਹ ਵਿਚਾਰ-ਵਟਾਂਦਰਾ ਕੀਤਾ ਗਿਆ।
ਪਾਰਟੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਗਿਆਨ ਭਵਨ ‘ਚ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕਰਨੀ ਸੀ ਜਿਸ ਕਾਰਨ ਉਹ ਮੀਟਿੰਗ ‘ਚ ਮੌਜ਼ੂਦ ਨਹੀਂ ਸਨ ਜਦੋਂਕਿ ਭਾਜਪਾ ਪ੍ਰਧਾਨ ਸ਼ਾਹ ਨੇ ਵੀ ਕੁਝ ਨਹੀਂ ਕਿਹਾ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ, ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਅਤੇ ਅਰਜੁਨਰਾਮ ਮੇਘਵਾਲ ਨੇ ਮੈਂਬਰਾਂ ਨੂੰ ਸੰਸਦ ਦੇ ਦੋਵਾਂ ਸਦਨਾਂ ‘ਚ ਸੂਚੀਬੱਧ ਬਿੱਲਾਂ ਬਾਰੇ ਦੱਸਿਆ ਅਤੇ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਅਗਲੇ ਤਿੰਨ ਦਿਨਾਂ ਤੱਕ ਸਦਨ ‘ਚ ਜ਼ਰੂਰੀ ਰੂਪ ਨਾਲ ਮੌਜ਼ੂਦ ਰਹਿਣ ਦੀ ਅਪੀਲ ਕੀਤੀ ਪਾਰਟੀ ਨੇ ਇਸ ਸਬੰਧੀ ਸਾਰੇ ਸਾਂਸਦਾਂ ਨੂੰ ਤਿੰਨ ਦਿਨ ਦਾ ਵ੍ਹਿਪ ਜਾਰੀ ਕੀਤਾ ਹੈ।
ਸੱਤਵੇਂ ਦਿਨ ਵੀ ਰਾਜ ਸਭਾ ਰਹੀ ਠੱਪ
ਰਾਜ ਸਭਾ ‘ਚ ਵਿਰੋਧੀ ਪਾਰਟੀਆਂ ਨੇ ਜਨਤਕ ਖੇਤਰ ਦੇ ਬੈਂਕਾਂ ‘ਚ ਘਪਲੇ, ਕਾਵੇਰੀ ਬੋਰਡ ਮੈਨੇਜਮੈਂਟ ਦੇ ਗਠਨ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀਆਂ ਮੰਗਾਂ ਸਬੰਧੀ ਅੱਜ ਸੱਤਵੇਂ ਦਿਨ ਵੀ ਭਾਰੀ ਹੰਗਾਮਾ ਹੋਇਆ ਜਿਸ ਕਾਰਨ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਉਪ ਸਪੀਕਰ ਪੀ. ਜੇ. ਕੁਰੀਅਨ ਨੇ ਲੰਚ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਲੋਕ ਮਹੱਤਵ ਦੇ ਵਿਸ਼ੇ ‘ਤੇ ਧਿਆਨ ਦਿਵਾਉਣ ਦੇ ਮਾਮਲੇ ‘ਤੇ ਬੋਲਣ ਲਈ ਚੁੰਨੀਭਾਈ ਕਾਂਜੀਭਾਈ ਗੋਹਲ ਦਾ ਨਾਂਅ ਬੋਲਿਆ ਤਾਂ ਕਾਂਗਰਸ, ਏਡੀਐਮਕੇ, ਡੀਐਮਕੇ, ਤੇਲਗੂ ਦੇਸ਼ਮ ਪਾਰਟੀ, ਵਾਈਐਸਆਰ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਦੇ ਮੈਂਬਰ ਆਪਣੀਆਂ ਸੀਟਾਂ ਤੋਂ ਉੱਠ ਕੇ ਆਸਣ ਨੇੜੇ ਆਉਣ ਲੱਗੇ ਇਸ ‘ਤੇ ਕੁਰੀਅਨ ਨੇ ਮੈਂਬਰਾਂ ਨੂੰ ਵਾਪਸ ਪਰਤਣ ਅਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ, ਪਰ ਇਸਦਾ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ ਇਸ ਤੋਂ ਬਾਅਦ ਉਨ੍ਹਾਂ ਨੇ ਸਿਰਫ ਦੋ ਮਿੰਟਾਂ ਅੰਦਰ ਸਦਨ ਦੀ ਕਾਰਵਾਈ ਬੁੱਧਵਾਰ ਸਵੇਰ ਤੱਕ ਲਈ ਮੁਲਤਵੀ ਕਰ ਦਿੱਤੀ।
ਸਰਕਾਰ ਦੀ ਸੰਸਦ ਨਾ ਚੱਲਣ ਦੇਣ ਦੀ ਸਾਜਿਸ਼: ਕਾਂਗਰਸ
ਨਵੀਂ ਦਿੱਲੀ ਕਾਂਗਰਸ ਨੇ ਸੰਸਦ ‘ਚ ਜਾਰੀ ਅੜਿੱਕੇ ਲਈ ਭਾਰਤੀ ਜਨਤਾ ਪਾਰਟੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਅੱਜ ਦੋਸ਼ ਲਾਇਆ ਕਿ ਮੋਦੀ ਸਰਕਾਰ ਸਾਜਿਸ਼ ਤਹਿਤ ਸੰਸਦ ‘ਚ ਲੋਕ ਮਹੱਤਵ ਦੇ ਮੁੱਦਿਆਂ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ ਅਤੇ ਵਿਰੋਧੀ ਧਿਰ ਨੂੰ ਮੌਕਾ ਦਿੱਤੇ ਬਿਨਾ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਜਾ ਰਹੀ ਹੈ।
ਲੋਕ ਸਭਾ ‘ਚ ਕਾਂਗਰਸ ਦੇ ਆਗੂ ਮਲਿਕਾਰੁਜਨ ਖੜਗੇ ਨੇ ਇੱਥੇ ਦੋਸ਼ ਲਾਇਆ ਕਿ ਸਰਕਾਰ ਸੰਸਦ ਦੀ ਕਾਰਵਾਈ ਜਾਣ-ਬੁੱਝ ਕੇ ਨਹੀਂ ਚੱਲਣ ਦੇ ਰਹੀ ਹੈ ਤੇ ਉਹ ਬੈਂਕ ਘਪਲੇ ਦੇ ਨਾਲ ਹੀ ਲੋਕ ਮਹੱਤਵ ਦੇ ਹੋਰ ਮੁੱਦਿਆਂ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ ਇਸ ਲਈ ਵਿਰੋਧੀ ਧਿਰ ਦੇ ਹੰਗਾਮੇ ਦਾ ਬਹਾਨਾ ਲੈ ਕੇ ਕਾਰਵਾਈ ਮੁਲਤਵੀ ਕੀਤੀ ਜਾ ਰਹੀ ਹੈ ਬਜਟ ਸੈਸ਼ਨ ਦੇ ਦੂਜੇ ਗੇੜ ‘ਚ ਉਹ ਵੇਖ ਰਹੇ ਹਨ ਕਿ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਅਤੇ ਵਿਰੋਧੀ ਧਿਰ ਦੇ ਮੈਂਬਰ ਆਪਣੀ ਮੰਗ ਚੁੱਕਦੇ ਹਨ ਅਤੇ ਸਦਨ ਦੀ ਕਾਰਵਾਈ ਤੁਰੰਤ ਮੁਲਤਵੀ ਕਰ ਦਿੱਤੀ ਜਾਂਦੀ ਹੈ।