ਜਿਸ ਦੇ ਨਾਂਅ ਦਾ ਆਉਂਦੈ ਫੋਨ, ਉਹ ਬਣ ਰਿਹੈ ਜ਼ਿਲ੍ਹਾ ਪ੍ਰਧਾਨ
ਪੰਜਾਬ ਭਰ ‘ਚ ਚੱਲ ਰਹੀ ਐ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ, ਜ਼ਿਆਦਾਤਰ ਜ਼ਿਲ੍ਹੇ ‘ਚ ਬਣ ਚੁੱਕੇ ਹਨ ਪ੍ਰਧਾਨ
ਸੰਗਠਨ ਤੇ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਕੋਈ ਨਹੀਂ ਬੋਲਣ ਨੂੰ ਤਿਆਰ, ਅੰਦਰਖਾਤੇ ਸੁਲਗ ਰਹੀ ਐ ਚਿੰਗਾਰੀ
ਅਸ਼ਵਨੀ ਚਾਵਲਾ/ਚੰਡੀਗੜ੍ਹ। ਭਾਜਪਾ ‘ਚ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੱਲ ਰਹੀਆਂ ਚੋਣਾਂ ਸਿਰਫ਼ ਦਿਖਾਵਾ ਬਣ ਕੇ ਰਹਿ ਗਈਆਂ ਹਨ, ਕਿਉਂਕਿ ਜਿਹੜੇ ਵੀ ਉਮੀਦਵਾਰ ਦੇ ਹੱਕ ‘ਚ ਪੰਜਾਬ ਚੋਣ ਇੰਚਾਰਜ ਦਾ ਫੋਨ ਆਉਂਦਾ ਹੈ, ਉਸ ਨੂੰ ਹੀ ਪ੍ਰਧਾਨ ਥਾਪਿਆ ਜਾ ਰਿਹਾ ਹੈ ਇਸ ਕਾਰਨ ਹੁਣ ਤੱਕ ਪੰਜਾਬ ਦੇ 90 ਫੀਸਦੀ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋ ਚੁੱਕੀ ਹੈ ਤੇ ਕਿਸੇ ਵੀ ਜ਼ਿਲ੍ਹੇ ‘ਚ ਵੋਟਿੰਗ ਨਹੀਂ ਹੋਈ ਹੈ, ਸਗੋਂ ਸਰਵਸੰਮਤੀ ਦੇ ਨਾਂਅ ‘ਤੇ ਸਿਰਫ਼ ਪ੍ਰਧਾਨ ਥਾਪਿਆ ਜਾ ਰਿਹਾ ਹੈ।
ਇੱਥੇ ਹੀ ਜ਼ਿਲ੍ਹਾ ਪ੍ਰਧਾਨ ਬਣਨ ਦੀ ਦੌੜ ‘ਚ ਸ਼ਾਮਲ ਬਾਕੀ ਉਮੀਦਵਾਰਾਂ ਨੂੰ ਮਿੱਠੀ ਗੋਲੀ ਦੇ ਕੇ ਘਰ ਤੋਰਿਆ ਜਾ ਰਿਹਾ ਹੈ, ਕਿਉਂਕਿ ਇਹ ਬਾਕੀ ਦੇ ਉਮੀਦਵਾਰਾਂ ਤੋਂ ਪਹਿਲਾਂ ਨਾਮਜ਼ਦਗੀ ਕਾਗ਼ਜ਼ ਪਹਿਲਾਂ ਹੀ ਭਰਕੇ ਲੈਣ ਦੇ ਚਲਦੇ ਇਹ ਕੁਝ ਕਰ ਵੀ ਨਹੀਂ ਸਕਦੇ ਹਨ। ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਦੌਰਾਨ ਸਿੱਧਾ ਹੀ ਲਿਸਟ ਭੇਜਣ ਦੀ ਥਾਂ ‘ਤੇ ਇਹ ਦਿਖਾਵਾ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਅੰਦਰ ਖਾਤੇ ਚਿੰਗਾਰੀ ਵੀ ਸੁਲਗਣੀ ਸ਼ੁਰੂ ਹੋ ਗਈ ਹੈ ਪਰ ਫਿਲਹਾਲ ਅਜੇ ਕੋਈ ਵੀ ਉਮੀਦਵਾਰ ਖੁੱਲ੍ਹ ਕੇ ਮੀਡੀਆ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
ਹਰ ਜ਼ਿਲ੍ਹੇ ‘ਚ ਹੋ ਰਹੀ ਐ ਸਰਵਸੰਮਤੀ, ਕਿਤੇ ਵੀ ਨਹੀਂ ਹੋਈ ਹੁਣ ਤੱਕ ਚੋਣ
ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਦੇਸ਼ ਭਰ ਵਿੱਚ ਸੰਗਠਨ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਸੂਬੇ ਵਿੱਚ ਇਸ ਸਮੇਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਚੱਲ ਰਹੀ ਹੈ। ਇਸ ਪ੍ਰਕਿਰਿਆ ਨੂੰ ਲੈ ਕੇ ਹਫ਼ਤਾ ਭਰ ਤੋਂ ਹਰ ਜ਼ਿਲ੍ਹੇ ਵਿੱਚ ਚਾਹਵਾਨ ਉਮੀਦਵਾਰਾਂ ਤੋਂ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਫਾਰਮ ਭਰਵਾਏ ਗਏ ਸਨ। ਇਨ੍ਹਾਂ ਫਾਰਮ ਨੂੰ ਭਰਨ ਤੋਂ ਹਰ ਉਮੀਦਵਾਰ ਦੇ ਦਿਲ ‘ਚ ਪ੍ਰਧਾਨ ਬਣਨ ਦੀ ਇੱਛਾ ਬਾਹਰ ਆਉਣ ਦੇ ਨਾਲ ਹੀ ਉਸ ਵੱਲੋਂ ਸੰਗਠਨ ਮਹਾਂ ਮੰਤਰੀਆਂ ਤੋਂ ਲੈ ਕੇ ਦਿੱਲੀ ਤੱਕ ਵੀ ਜੋਰ ਅਜ਼ਮਾਇਸ਼ ਕੀਤੀ ਗਈ।
ਇਸ ਜੋਰ ਅਜ਼ਮਾਇਸ਼ ਵਿੱਚ ਹੀ ਜਿਹੜਾ ਸਫ਼ਲ ਹੋ ਗਿਆ, ਉਸੇ ਦੀ ਲਾਟਰੀ ਖੁੱਲ੍ਹ ਰਹੀ ਹੈ, ਕਿਉਂਕਿ ਜਿਹੜੇ ਉਮੀਦਵਾਰ ਚੋਣ ਪ੍ਰਕਿਰਿਆ ਦੌਰਾਨ ਮੰਡਲ ਪ੍ਰਧਾਨ ਤੇ ਹੋਰ ਵੋਟਰਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਸ਼ ਵਿੱਚ ਸਨ, ਉਨ੍ਹਾਂ ਨੂੰ ਘਰ ਦਾ ਰਸਤਾ ਹੀ ਫੜਨਾ ਪਿਆ ਹੈ। ਇਨ੍ਹਾਂ ਜ਼ਿਲ੍ਹਾ ਚੋਣਾਂ ‘ਚ ਕਿਸੇ ਵੀ ਤਰ੍ਹਾਂ ਦੀ ਵੋਟਿੰਗ ਹੋਣੀ ਹੀ ਨਹੀਂ ਸੀ, ਇਹ ਸਾਰਾ ਕੁਝ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪੰਜਾਬ ਦੇ ਚੋਣ ਇੰਚਾਰਜ ਅਨਿਲ ਸਰੀਨ ਵੱਲੋਂ ਹਰ ਜ਼ਿਲ੍ਹੇ ਦੇ ਚੋਣ ਅਧਿਕਾਰੀ ਕੋਲ ਇੱਕ ਫੋਨ ਜਾ ਰਿਹਾ ਹੈ, ਜਿਸ ਫੋਨ ਰਾਹੀਂ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ‘ਚ ਕਿਹੜੇ ਉਮੀਦਵਾਰ ਨੂੰ ਪ੍ਰਧਾਨ ਬਣਾਉਣਾ ਹੈ ਤੇ ਬਾਕੀਆਂ ਨੂੰ ਕਿਸ ਤਰੀਕੇ ਨਾਲ ਬਿਠਾਉਣਾ ਹੈ।
ਇਸ ਤਰ੍ਹਾਂ ਦੇ ਫੋਨ ਆਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਕਿ ਸਰਵਸੰਮਤੀ ਨਾਲ ਹਾਈਕਮਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਨੂੰ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕੀਤਾ ਜਾਂਦਾ ਹੈ, ਜਦੋਂ ਕਿ ਬਾਕੀਆਂ ਦੇ ਕਾਗ਼ਜ਼ ਵਾਪਸੀ ਦੇ ਫਾਰਮ ਸਵੀਕਾਰ ਕੀਤੇ ਜਾਂਦੇ ਹਨ। ਇੱਥੇ ਹੀ ਜਿਨ੍ਹਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ ਹੈ, ਉਨ੍ਹਾਂ ਨੂੰ ਪਹਿਲਾਂ ਹੀ ਆਦੇਸ਼ ਦੇ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਵੀ ਤਰੀਕੇ ਦਾ ਵਿਰੋਧ ਨਹੀਂ ਕਰਨਾ, ਜੇਕਰ ਕਿਸੇ ਨੇ ਵਿਰੋਧ ਕੀਤਾ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਵੀ ਰਸਤਾ ਦਿਖਾਇਆ ਜਾ ਸਕਦਾ ਹੈ।
ਅਨਿਲ ਸਰੀਨ ਦੇ ਫੋਨ ਦੀ ਘੰਟੀ ਵੱਜਦੇ ਹੀ ਵੰਡ ਦਿੱਤੇ ਜਾਂਦੇ ਹਨ ਲੱਡੂ
ਸੂਬੇ ਦੇ ਜ਼ਿਲ੍ਹਿਆਂ ‘ਚ ਪ੍ਰਧਾਨ ਦੀ ਕੁਰਸੀ ਹਾਸਲ ਕਰਨ ਵਾਲੇ ਉਮੀਦਵਾਰਾਂ ਵਿੱਚੋਂ ਇੱਕ ਉਮੀਦਵਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਉਹ ਦੇ ਨਾਂਅ ‘ਤੇ ਹਾਈਕਮਾਨ ਨੇ ਸਹਿਮਤੀ ਜਤਾ ਦਿੱਤੀ ਹੈ ਤੇ ਕਿਸੇ ਵੀ ਸਮੇਂ ਉਸ ਦੇ ਨਾਂਅ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਲਈ ਉਕਤ ਉਮੀਦਵਾਰ ਪਹਿਲਾਂ ਤੋਂ ਹੀ ਲੱਡੂ ਤੇ ਹਾਰ ਤਿਆਰ ਕਰਕੇ ਮੀਟਿੰਗ ‘ਚ ਆ ਰਿਹਾ ਹੈ। ਜਿਵੇਂ ਹੀ ਅਨਿਲ ਸਰੀਨ ਦੇ ਫੋਨ ਦੀ ਘੰਟੀ ਵੱਜਦੀ ਹੈ, ਉਸ ਤੋਂ ਕੁਝ ਮਿੰਟ ਬਾਅਦ ਹੀ ਲੱਡੂ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਦੇਖ ਕੇ ਦੂਜੇ ਉਮੀਦਵਾਰ ਵੀ ਹੈਰਾਨ ਹੋ ਰਹੇ ਹਨ ਕਿ ਪ੍ਰਧਾਨ ਬਣਨ ਵਾਲਾ ਉਮੀਦਵਾਰ ਪਹਿਲਾਂ ਤੋਂ ਹੀ ਪੂਰੀ ਤਿਆਰੀ ਨਾਲ ਆਇਆ ਹੈ।
ਨਾਮਜ਼ਦਗੀ ਕਾਗ਼ਜ਼ ਤੋਂ ਪਹਿਲਾਂ ਲਏ ਗਏ ਸਨ ਕਾਗ਼ਜ਼ ਵਾਪਸੀ ਦੇ ਫਾਰਮ
ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੌਰਾਨ ਚੋਣ ਅਧਿਕਾਰੀ ਵੱਲੋਂ ਹਰ ਉਮੀਦਵਾਰ ਤੋਂ ਨਾਮਜ਼ਦਗੀ ਕਾਗ਼ਜ਼ ਲੈਣ ਤੋਂ ਪਹਿਲਾਂ ਹੀ ਕਾਗ਼ਜ਼ ਵਾਪਸੀ ਦੇ ਫਾਰਮ ਲੈ ਗਏ ਸਨ। ਇਹ ਪ੍ਰਕਿਰਿਆ ਇਸ ਕਰਕੇ ਕੀਤੀ ਗਈ ਸੀ ਕਿ ਜਦੋਂ ਸੂਬਾ ਚੋਣ ਅਧਿਕਾਰੀ ਅਨਿਲ ਸਰੀਨ ਦਾ ਫੋਨ ਆਏ ਤਾਂ ਬਾਕੀ ਉਮੀਦਵਾਰਾਂ ਦੇ ਕਾਗ਼ਜ਼ ਵਾਪਸੀ ਦੇ ਫਾਰਮ ਅਧਿਕਾਰਤ ਤੌਰ ‘ਤੇ ਜਮ੍ਹਾ ਕਰਦੇ ਹੋਏ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੀ ਦੌੜ ‘ਚੋਂ ਬਾਹਰ ਕਰ ਦਿੱਤਾ ਜਾਵੇ ਤਾਂ ਕਿ ਵਿਰੋਧ ਕਰਨ ਦੇ ਬਾਵਜੂਦ ਉਹ ਉਮੀਦਵਾਰ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਖਲਲ ਨਾ ਪਾ ਸਕੇ।
ਸਰਵਸੰਮਤੀ ਨਾਲ ਹੀ ਹੋ ਰਹੀ ਐ ਚੋਣ : ਅਨਿਲ ਸਰੀਨ
ਸੂਬਾ ਚੋਣ ਅਧਿਕਾਰੀ ਅਨਿਲ ਸਰੀਨ ਨੇ ਕਿਹਾ ਕਿ ਕਿਸੇ ਵੀ ਜ਼ਿਲ੍ਹੇ ‘ਚ ਫੋਨ ਕਰਦੇ ਹੋਏ ਪ੍ਰਧਾਨ ਥਾਪਣ ਦੀ ਪ੍ਰਕਿਰਿਆ ਨਹੀਂ ਕੀਤੀ ਜਾ ਰਹੀ। ਸਾਡਾ ਕੰਮ ਪਹਿਲਾਂ ਸਰਵਸੰਮਤੀ ਨਾਲ ਚੋਣ ਕਰਵਾਉਣ ਦਾ ਹੈ ਪਰ ਜੇਕਰ ਸਰਵਸੰਮਤੀ ਨਾ ਹੋਵੇ ਤਾਂ ਚੋਣ ਕਰਵਾਈ ਜਾਏਗੀ ਪਰ ਪੰਜਾਬ ਵਿੱਚ ਹੁਣ ਤੱਕ ਹਰ ਥਾਈਂ ਸਰਵਸੰਮਤੀ ਨਾਲ ਹੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਫੋਨ ਰਾਹੀਂ ਹੀ ਪ੍ਰਧਾਨ ਬਣਾਉਣੇ ਸਨ ਤਾਂ ਅਸੀਂ ਲਿਸਟ ਹੀ ਜਾਰੀ ਕਰ ਦਿੰਦੇ। ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।