New Act in Punjab: ਸੱਤਾ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਭੂਮਿਕਾ ’ਤੇ ਸੁਆਲ
- ਸਿਰਫ਼ 10 ਮਿੰਟਾਂ ਵਿੱਚ ਪਾਸ ਹੋ ਗਏ 3 ਅਹਿਮ ਬਿੱਲ, ਕਿਸੇ ਵੀ ਵਿਧਾਇਕ ਨੇ ਨਾ ਕੀਤੀ ਕੋਈ ਬਹਿਸ ਤੇ ਨਾ ਹੀ ਬਿੱਲ ਬਾਰੇ ਪੁੱਛਿਆ | New Act in Punjab
- ਵਿਰੋਧੀ ਧਿਰ ਦੇ ਵਿਧਾਇਕਾਂ ਨੇ ਬਿੱਲ ਖੋਲ੍ਹ ਕੇ ਚੰਗੀ ਤਰ੍ਹਾਂ ਪੜ੍ਹਨ ਤੱਕ ਦੀ ਵੀ ਨਹੀਂ ਕੀਤੀ ਕੋਸ਼ਿਸ਼
New Act in Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਬਿਨਾਂ ਬਹਿਸ ਅਤੇ ਜਾਣਕਾਰੀ ਤੋਂ ਹੀ ਬਿੱਲ ਪਾਸ ਹੋ ਰਹੇ ਹਨ ਅਤੇ ਇਸ ਤਰ੍ਹਾਂ ਬਿੱਲ ਪਾਸ ਹੋਣ ਨਾਲ ਚੰਗੇ ਕਾਨੂੰਨ ਕਿਸ ਤਰੀਕੇ ਨਾਲ ਬਣਨਗੇ, ਇਹ ਵੱਡਾ ਸੁਆਲ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਖੜ੍ਹਾ ਹੋ ਗਿਆ ਹੈ।
ਸਿਰਫ਼ ਸੱਤਾ ਧਿਰ ਹੀ ਨਹੀਂ, ਸਗੋਂ ਵਿਰੋਧੀ ਧਿਰ ਦੇ ਵੀ ਕਿਸੇ ਵਿਧਾਇਕ ਵੱਲੋਂ ਆਪਣੀ ਸੀਟ ਤੋਂ ਖੜੇ੍ਹ ਹੋ ਕੇ ਬਣਾਏ ਜਾ ਰਹੇ ਨਵੇਂ ਕਾਨੂੰਨ ਲਈ ਪੇਸ਼ ਕੀਤੇ ਗਏ ਬਿੱਲ ਵਿੱਚ ਕੋਈ ਘਾਟ ਕੱਢਣਾ ਤਾਂ ਦੂੂਰ ਉਸ ਬਾਰੇ ਪੁੱਛਣਾ ਤੱਕ ਠੀਕ ਨਹੀਂ ਸਮਝਿਆ। ਜਿਸ ਕਾਰਨ ਸਿਰਫ਼ 10 ਮਿੰਟਾਂ ਵਿੱਚ ਹੀ 3 ਅਹਿਮ ਬਿੱਲ ਪਾਸ ਹੋ ਗਏ। ਇਨ੍ਹਾਂ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਕਾਨੂੰਨ ਦਾ ਰੂਪ ਲੈ ਲੈਣਗੇ। ਵਿਧਾਨ ਸਭਾ ਵਿੱਚ ਵਿਧਾਇਕਾਂ ਵੱਲੋਂ ਪੇਸ਼ ਹੋ ਰਹੇ ਬਿੱਲਾਂ ਬਾਰੇ ਕੋਈ ਦਿਲਚਸਪੀ ਤੱਕ ਨਹੀਂ ਦਿਖਾਈ ਗਈ, ਜਿਹੜੀ ਕਿ ਕਾਫ਼ੀ ਜ਼ਿਆਦਾ ਚਿੰਤਾ ਦਾ ਵੀ ਵਿਸ਼ਾ ਹੈ।
Read Also : Power Bills in Punjab: ਪੰਜਾਬ ’ਚ 300 ਯੂਨਿਟ ਬਿਜਲੀ ਦਾ ਨਵਾਂ ਅਪਡੇਟ, ਹੋਇਆ ਵੱਡਾ ਬਦਲਾਅ
ਜਾਣਕਾਰੀ ਅਨੁਸਾਰ ਪੰਜਾਬ ਦੀ ਜਨਤਾ ਲਈ ਤਿਆਰ ਕੀਤੇ ਜਾਣ ਵਾਲੇ ਨਵੇਂ ਕਾਨੂੰਨ ਅਤੇ ਪੁਰਾਣੇ ਕਾਨੂੰਨ ਵਿੱਚ ਫੇਰਬਦਲ ਕਰਨ ਲਈ ਵਿਧਾਨ ਸਭਾ ਵਿੱਚ ਹੀ ਬਿੱਲ ਪੇਸ਼ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਬਿੱਲਾਂ ਨੂੰ ਪੇਸ਼ ਕਰਨ ਮੌਕੇ ਵਿਧਾਇਕਾਂ ਵੱਲੋਂ ਉਸ ਨੂੰ ਲੈ ਕੇ ਜੰਮ ਕੇ ਬਹਿਸ ਵੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਪੰਜਾਬ ਦੇ ਲੋਕਾਂ ’ਤੇ ਹੋਣ ਵਾਲੇ ਅਸਰ ਬਾਰੇ ਵੀ ਮੁਕੰਮਲ ਚਰਚਾ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਕਈ ਵਾਰ ਵਿਰੋਧੀ ਧਿਰ ਵੱਲੋਂ ਬਹਿਸ ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ ਗਲਤ ਕਰਾਰ ਦਿੰਦੇ ਹੋਏ ਬਿੱਲ ਨੂੰ ਵਾਪਸ ਲੈਣ ਦੀ ਮੰਗ ਤੱਕ ਕੀਤੀ ਜਾਂਦੀ ਰਹੀ ਹੈ ਜਾਂ ਫਿਰ ਬਿੱਲ ਵਿੱਚ ਕਮੀ ਨੂੰ ਉਜਾਗਰ ਕਰਦੇ ਹੋਏ ਬਿੱਲ ਵਿੱਚ ਸੋਧ ਕਰਵਾਉਣ ਤੱਕ ਦੀ ਮੰਗ ਕਰ ਦਿੱਤੀ ਜਾਂਦੀ ਹੈ।
New Act in Punjab
ਪਿਛਲੇ ਸਮੇਂ ਦੌਰਾਨ ਕਈ ਵਾਰ ਸੱਤਾਧਾਰੀ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਿੱਲ ’ਤੇ ਚਰਚਾ ਹੋਣ ਤੋਂ ਬਾਅਦ ਬਿੱਲ ਨੂੰ ਵਾਪਸ ਲੈਣ ਦਾ ਫੈਸਲਾ ਸੱਤਾਧਾਰੀ ਪਾਰਟੀ ਵੱਲੋਂ ਕੀਤਾ ਗਿਆ ਹੈ, ਕਿਉਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਇਹ ਅਹਿਸਾਸ ਕਰਵਾਇਆ ਗਿਆ ਸੀ ਕਿ ਉਹ ਕਾਨੂੰਨ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ। ਇਸ ਕਾਰਨ ਹੀ ਵਿਧਾਨ ਸਭਾ ਵਿੱਚ ਪੇਸ਼ ਹੋਣ ’ਤੇ ਬਿੱਲ ’ਤੇ ਬਹਿਸ ਕਰਵਾਉਣ ਲਈ ਖ਼ੁਦ ਸਪੀਕਰ ਵੱਲੋਂ ਸਾਰੇ ਵਿਧਾਇਕਾਂ ਤੋਂ ਪੁੱਛਿਆ ਜਾਂਦਾ ਹੈ ਅਤੇ ਬਿੱਲ ’ਤੇ ਬਹਿਸ ਕਰਨ ਲਈ ਖੁੱਲ੍ਹਾ ਸਮਾਂ ਤੱਕ ਦਿੱਤਾ ਜਾਂਦਾ ਹੈ ਪਰ ਹੁਣ ਇਹੋ ਜਿਹਾ ਹੁੰਦਾ ਹੀ ਨਜ਼ਰ ਨਹੀਂ ਆ ਰਿਹਾ। ਸੱਤਾਧਾਰੀ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਿੱਲ ਕੁਝ ਹੀ ਮਿੰਟ ਵਿੱਚ ਪਾਸ ਹੋ ਰਹੇ ਹਨ ਤੇ ਉਨ੍ਹਾਂ ’ਤੇ ਬਹਿਸ ਜਾਂ ਫਿਰ ਚਰਚਾ ਤੱਕ ਨਹੀਂ ਕੀਤੀ ਜਾ ਰਹੀ ਜਿਹੜੀ ਕਿ ਉਸ ਬਿੱਲ ਦੇ ਨਾਲ ਤਿਆਰ ਹੋਣ ਵਾਲੇ ਕਾਨੂੰਨ ਲਈ ਵੀ ਠੀਕ ਨਹੀਂ ਹੈ।
ਪੇਸ਼ ਹੋਏ ਇਨ੍ਹਾਂ ਤਿੰਨੇ ਬਿੱਲ ’ਤੇ ਨਹੀਂ ਹੋਈ ਬਹਿਸ
ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਦ ਇੰਡੀਅਨ ਸਟੈਂਪ (ਪੰਜਾਬ ਸੋਧਨਾ) ਬਿੱਲ, 2025 ਅਤੇ ਦ ਟਰਾਂਸਫਰ ਆਫ਼ ਪ੍ਰੀਜ਼ਨਰਜ਼ (ਪੰਜਾਬ ਸੋਧਨਾ) ਬਿੱਲ 2025 ਅਤੇ ਦ ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਜ਼ ਐਂਡ ਸਟਾਕਿਸਟਸ ਐਂਡ ਰਿਟੇਲਰਜ਼ ਬਿੱਲ 2025 ਪੇਸ਼ ਕੀਤਾ ਗਿਆ ਸੀ। ਇਨ੍ਹਾਂ ਤਿੰਨੇ ਬਿੱਲਾਂ ’ਤੇ ਬਹਿਸ ਜਾਂ ਫਿਰ ਚਰਚਾ ਕਰਨ ਲਈ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਵਿਰੋਧੀ ਧਿਰ ਅਤੇ ਸੱਤਾ ਧਿਰ ਦੇ ਵਿਧਾਇਕਾਂ ਤੋਂ 3-3 ਵਾਰ ਪੁੱਛਿਆ ਗਿਆ ਸੀ ਪਰ ਕਿਸੇ ਵੀ ਵਿਧਾਇਕ ਨੇ ਨਾ ਹੀ ਚਰਚਾ ਕੀਤੀ ਅਤੇ ਨਾ ਹੀ ਪੇਸ਼ ਕੀਤੇ ਗਏ ਬਿੱਲ ਬਾਰੇ ਡਿਟੇਲ ਵਿੱਚ ਜਾਣਕਾਰੀ ਮੰਗੀ ਗਈ।
ਸਦਨ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਪਰ ਚਰਚਾ ਤੋਂ ਭੱਜ ਰਹੇ ਹਨ ਵਿਧਾਇਕ
ਕਿਸੇ ਵੀ ਵਿਧਾਨ ਸਭਾ ਦੇ ਸਦਨ ਦਾ ਸਭ ਤੋਂ ਮੁੱਖ ਕੰਮ ਆਪਣੇ ਸੂਬੇ ਦੀ ਜਨਤਾ ਲਈ ਕਾਨੂੰਨ ਬਣਾਉਣਾ ਜਾਂ ਫਿਰ ਪੁਰਾਣੇ ਕਾਨੂੰਨ ਵਿੱਚ ਸੋਧ ਕਰਨਾ ਹੀ ਹੁੰਦਾ ਹੈ ਤਾਂ ਕਿ ਇਸ ਦਾ ਫਾਇਦਾ ਸੂਬੇ ਦੀ ਜਨਤਾ ਨੂੰ ਮਿਲ ਸਕੇ। ਨਵੇਂ ਬਣ ਰਹੇ ਕਾਨੂੰਨ ਦੀ ਜਾਣਕਾਰੀ ਵਿਧਾਇਕਾਂ ਨੂੰ ਵੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਵੀ ਪਤਾ ਚੱਲ ਸਕੇ ਕਿ ਉਨ੍ਹਾਂ ਨੇ ਕਿਹੜੇ ਕਾਨੂੰਨ ਨੂੰ ਤਿਆਰ ਕਰਨ ਵਿੱਚ ਆਪਣੀ ਸਹਿਮਤੀ ਜਤਾਈ ਹੈ ਅਤੇ ਕਿਹੜੇ ਕਾਨੂੰਨ ਨੂੰ ਬਣਾਉਣ ਦਾ ਵਿਰੋਧ ਕੀਤਾ ਹੈ ਪਰ ਪੰਜਾਬ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਇਹੋ ਜਿਹਾ ਕੁਝ ਵੀ ਦਿਖਾਈ ਨਹੀਂ ਦਿੱਤਾ।
ਸੱਤਾਧਿਰ ਦੇ ਵਿਧਾਇਕ ਹਮੇਸ਼ਾ ਹੀ ਪੇਸ਼ ਕੀਤੇ ਗਏ ਬਿੱਲ ਦਾ ਸਾਥ ਦਿੰਦੇ ਹਨ ਪਰ ਵਿਰੋਧੀ ਧਿਰ ਵੱਲੋਂ ਆਪਣੀ ਭੂਮਿਕਾ ਨਿਭਾਉਂਦੇ ਹੋਏ ਪੇਸ਼ ਹੋਏ ਬਿੱਲ ਦੀ ਜੜ੍ਹ ਤੱਕ ਜਾ ਕੇ ਜਾਣਕਾਰੀ ਹਾਸਲ ਕਰਦੇ ਹੋਏ ਬਹਿਸ ਕੀਤੀ ਜਾਂਦੀ ਹੈ ਪਰ ਹੁਣ ਵਿਧਾਨ ਸਭਾ ਵਿੱਚ ਇਹੋ ਜਿਹਾ ਦਿਖਾਈ ਨਹੀਂ ਦੇ ਰਿਹਾ ਹੈ।