ਚੰਗਾਲੀਵਾਲਾ ਦੇ ਜਗਮੇਲ ਸਿੰਘ ਕਤਲ ਕਾਂਡ ‘ਚ ਵੱਡੀ ਅਣਗਹਿਲੀ ਹੋਈ : ਕਥੇਰੀਆ

Neglect, Jagmeel Singh, Assassination, Chharaliwala, Katheria

ਕੌਮੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਵੱਲੋਂ ਪਿੰਡ ਚੰਗਾਲੀਵਾਲਾ ਦਾ ਦੌਰਾ

ਸੰਗਰੂਰ (ਗੁਰਪ੍ਰੀਤ ਸਿੰਘ) ਪੰਜਾਬ ਦੇ ਬਹੁ-ਚਰਚਿਤ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਜੱਗਾ ਦੇ ਕਤਲ ਕਾਂਡ ਨੂੰ ਲੈ ਕੇ ਅੱਜ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਹੋਰ ਮੈਂਬਰ ਪਿੰਡ ਚੰਗਾਲੀਵਾਲਾ ਪੁੱਜੇ ਅਤੇ ਉਨ੍ਹਾਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲਣ ਦਾ ਭਰੋਸਾ ਦਿਵਾਇਆ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਪ੍ਰੋ. ਰਾਮ ਸ਼ੰੰਕਰ ਕਥੇਰੀਆ ਦੀ ਅਗਵਾਈ ਹੇਠ ਉਪ ਚੇਅਰਮੈਨ ਡਾ. ਐਲ. ਮੁਰੂਗਨ, ਮੈਂਬਰ ਡਾ. ਯੋਗੇਂਦਰ ਪਾਸਵਾਨ ‘ਤੇ ਆਧਾਰਿਤ ਇੱਕ ਉਚ ਪੱਧਰੀ ਵਫ਼ਦ ਵੱਲੋਂ ਅੱਜ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਦਾ ਦੌਰਾ ਕਰਕੇ ਮ੍ਰਿਤਕ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਦੇ ਕਾਰਨਾਂ ਅਤੇ ਮੌਤ ਤੋਂ ਪਹਿਲਾਂ ਵਰਤੀ ਗਈ ਕਥਿਤ ਲਾਪਰਵਾਹੀ ਬਾਰੇ ਤੱਥ ਇਕੱਠੇ ਕੀਤੇ ਗਏ। ਵਫ਼ਦ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਪਿੰਡ ਦੇ ਸਰਪੰਚ, ਪੁਲਿਸ ਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਇਸ ਸਬੰਧੀ ਵਿਸਥਾਰ ਵਿੱਚ ਜਾਇਜ਼ਾ ਲਿਆ ਗਿਆ।

ਕਮਿਸ਼ਨ ਦੇ ਚੇਅਰਮੈਨ ਪ੍ਰੋ: ਰਾਮ ਸ਼ੰਕਰ ਕਥੇਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਗਾਲੀਵਾਲਾ ਵਿਖੇ ਵਾਪਰਿਆ ਇਹ ਕਾਂਡ ਸੱਚਮੁੱਚ ਹੀ ਅਣਮਨੁੱਖੀ ਹੈ ਜਿਸ ਤਰੀਕੇ ਨਾਲ ਜਾਤ-ਪਾਤ ਦਾ ਭੇਦ ਭਾਵ ਕਰਕੇ ਦਲਿਤ ਨੌਜਵਾਨ ਜਗਮੇਲ ਸਿੰਘ ਜੱਗਾ ਦਾ ਕਤਲ ਹੋਇਆ ਹੈ, ਉਸ ਤੋਂ ਇਹ ਵੀ ਸਪੱਸ਼ਟ ਹੈ ਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਵੱਡੀ ਭੁੱਲ ਹੋਈ ਹੈ ਉਨ੍ਹਾਂ ਕਿਹਾ ਕਿ ਅੱਜ ਇਸ ਮਾਮਲੇ ਸਬੰਧੀ ਪਰਿਵਾਰ ਨਾਲ ਗੱਲਬਾਤ ਕੀਤੀ ਹੈ, ਪਰਿਵਾਰ ਇਸ ਕਤਲ ਕਾਂਡ ਤੋਂ ਬਾਅਦ ਬਹੁਤ ਹੀ ਖੌਫ਼ਜਦਾ ਹੈ ਕਮਿਸ਼ਨ ਵੱਲੋਂ ਇਸ ਬੇਹੱਦ ਗੰਭੀਰ ਮਸਲੇ ਸਬੰਧੀ ਪੰਜਾਬ ਦੇ ਗ੍ਰਹਿ, ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਅਤੇ ਡੀ.ਜੀ.ਪੀ ਪੰਜਾਬ ਕੋਲੋਂ ਇਸ ਸਬੰਧੀ 15 ਦਿਨਾਂ ‘ਚ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗਦਿਆਂ ਕਮਿਸ਼ਨ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ

ਉਨ੍ਹਾਂ ਆਖਿਆ ਕਿ ਇਸ ਅਣਮਨੁੱਖੀ ਕਾਰੇ ਦਾ ਸਾਰਿਆਂ ਦੇ ਦਿਲਾਂ ਅੰਦਰ ਭਾਰੀ ਦੁੱਖ ਹੈ ਉਨ੍ਹਾਂ ਆਖਿਆ ਕਿ ਜੇਕਰ ਜਗਮੇਲ ਸਿੰਘ ਨਾਲ ਮਾਰਕੁੱਟ ਹੋਈ ਤਾਂ ਪੁਲਿਸ ਨੇ ਮਾਮਲਾ ਦਰਜ਼ ਕਰਨ ਵਿੱਚ ਏਨੀ ਦੇਰੀ ਕਿਵੇਂ ਕੀਤੀ, ਜੇ ਉਸਦੇ ਸਿਰਫ਼ ਸੱਟਾਂ ਹੀ ਲੱਗੀਆਂ ਸਨ ਤਾਂ ਉਸ ਦੇ ਪੈਰ ਕੱਟਣ ਦੀ ਕਿਉਂ ਲੋੜ ਪੈ ਗਈ ਅਤੇ ਪੈਰ ਕੱਟਣ ਪਿੱਛੋਂ ਵੀ ਉਸ ਦੀ ਜਾਨ ਕਿਉਂ ਨਹੀਂ ਬਚਾਈ ਜਾ ਸਕੀ ਇਹ ਵੱਡੇ ਸਵਾਲ ਹਨ ਜਿਨ੍ਹਾਂ ਦੇ ਕਮਿਸ਼ਨ ਜਵਾਬ ਮੰਗਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਮਹਿਸੂਸ ਹੁੰਦਾ ਹੈ ਕਿ ਕਿਸੇ ਨਾ ਕਿਸੇ ਵਿਭਾਗ ਤੋਂ ਇਸ ਮਾਮਲੇ ਵਿੱਚ ਵੱਡੀ ਅਣਗਹਿਲੀ ਹੋਈ ਹੈ ਜਿਸ ਕਾਰਨ ਜਗਮੇਲ ਸਿੰਘ ਦੀ ਜਾਨ ਚਲੀ ਗਈ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਪਿੰਡ ਦੇ ਸਰਪੰਚ, ਪਿੰਡ ਵਾਸੀਆਂ ਤੇ ਜਗਮੇਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ

ਕਥੇਰੀਆ ਨੇ ਇਹ ਵੀ ਕਿਹਾ ਕਿ ਪਰਿਵਾਰ ਵਾਲੇ ਦੋਸ਼ ਲਾ ਰਹੇ ਹਨ ਕਿ ਕਥਿਤ ਕਾਤਲਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਉਹ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦੇ  ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਆਈ.ਜੀ. ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਅਤੇ ਸਾਰੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਵੀ ਕਿਹਾ ਗਿਆ ਹੈ   ਇਸ ਮੌਕੇ ਆਈ.ਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਐਸ.ਡੀ.ਐਮ ਲਹਿਰਾਗਾਗਾ ਕਾਲਾ ਰਾਮ ਕਾਂਸਲ, ਐਸ.ਡੀ.ਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਸਮੇਤ ਪ੍ਰਸ਼ਾਸਨ, ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।