ਤਬਾਦਲਾ ਨੀਤੀ ‘ਚ ਵੱਡਾ ‘ਘਪਲਾ’, ਬਿਨ ਪੋਸਟ ਹੀ ਹੋ ਗਏ 1540 ਅਧਿਆਪਕਾਂ ਦੇ ਤਬਾਦਲੇ

Big Scam, Transfer Policy, 1540 teachers,  Transferred,  Without posting

ਪੋਸਟ ਨਾ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤਨਖਾਹ ਦੇਣ ਤੋਂ ਕੀਤਾ ਇਨਕਾਰ ਤਾਂ ਖੁੱਲ੍ਹੀ ਤਬਾਦਲਾ ਨੀਤੀ ਦੀ ਪੋਲ

ਅਸ਼ਵਨੀ ਚਾਵਲਾ/ਚੰਡੀਗੜ੍ਹ। ਅਧਿਆਪਕ ਤਬਾਦਲਾ ਨੀਤੀ ਰਾਹੀਂ ਪਾਰਦਰਸ਼ਤਾ ਦੀ ਗੱਲ ਕਰਨ ਵਾਲੇ ਸਿੱਖਿਆ ਵਿਭਾਗ ਨੇ ਹੀ ਤਬਾਦਲੇ ਕਰਨ ਵਿੱਚ ਕਥਿਤ ਵੱਡਾ ਘਪਲਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਇਸ ਤਬਾਦਲਾ ਨੀਤੀ ਤਹਿਤ 1540 ਅਧਿਆਪਕਾਂ ਦਾ ਇਹੋ ਜਿਹੇ ਸਕੂਲਾਂ ‘ਚ ਤਬਾਦਲਾ ਕਰ ਦਿੱਤਾ, ਜਿਹੜੇ ਸਕੂਲ ਵਿੱਚ ਕੋਈ ਪੋਸਟ ਹੀ ਖ਼ਾਲੀ ਨਹੀਂ ਸੀ ਫਿਰ ਵੀ ਸਿੱਖਿਆ ਵਿਭਾਗ ਨੇ ਨਾ ਸਿਰਫ਼ ਤਬਾਦਲੇ ਕੀਤੇ, ਸਗੋਂ ਉਨ੍ਹਾਂ ਨੂੰ ਸਕੂਲ ਵਿੱਚ ਜੁਆਇਨ ਵੀ ਕਰਵਾਇਆ ਹੈ। ਮਾਮਲੇ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸਕੂਲ ਮੁਖੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹੋ ਜਿਹੇ ਅਧਿਆਪਕਾਂ ਨੂੰ ਤਨਖ਼ਾਹ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਅਧਿਆਪਕ ਤਬਾਦਲਾ ਨੀਤੀ ਵਿੱਚ ਹੋਈ ਇਸ ਗਲਤੀ ਨੂੰ ਸੁਧਾਰਨ ਦੀ ਬਜਾਇ ਸਿੱਖਿਆ ਵਿਭਾਗ ਨੇ ਉਨ੍ਹਾਂ ਸਕੂਲਾਂ ਵਿੱਚ ਹੀ ਨਵੀਂ ਪੋਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿੱਥੇ ਉਨ੍ਹਾਂ ਅਧਿਆਪਕਾਂ ਦੇ ਤਬਾਦਲੇ ਕੀਤੇ ਗਏ ਸਨ। ਨਵੀਂਆਂ ਪੋਸਟਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਧਿਆਪਕਾਂ ਨੂੰ ਜਿੱਥੇ ਤਨਖ਼ਾਹ ਮਿਲ ਜਾਏਗੀ, ਉੱਥੇ ਹੀ ਤਬਾਦਲਾ ਨੀਤੀ ਵਿੱਚ ਹੋਏ ਘਪਲੇ ‘ਤੇ ਵੀ ਪਰਦਾ ਪਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਤਬਾਦਲੇ ਵਿੱਚ ਮੰਤਰੀਆਂ ਤੇ ਵਿਧਾਇਕਾਂ ਸਣੇ ਸਿਆਸੀ ਲੀਡਰਾਂ ਦਾ ਦਬਾਅ ਖ਼ਤਮ ਕਰਨ ਲਈ ਇੱਕ ਤਬਾਦਲਾ ਨੀਤੀ 2019 ਤਿਆਰ ਕੀਤੀ ਗਈ ਸੀ, ਜਿਸ ਰਾਹੀਂ ਸਿਰਫ਼ ਅਧਿਆਪਕਾਂ ਨੂੰ ਮਿਲਣ ਵਾਲੇ ਨੰਬਰਾਂ ਰਾਹੀਂ ਕੰਪਿਊਟਰ ਨੇ ਹੀ ਤਬਾਦਲੇ ਕਰਨੇ ਸਨ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਤਬਾਦਲਾ ਨੀਤੀ ਨੂੰ ਜਾਰੀ ਕਰਨ ਮੌਕੇ ਕਿਹਾ ਸੀ ਕਿ ਇਸ ਵਿੱਚ ਸਿਰਫ਼ ਕੰਪਿਊਟਰ ਹੀ ਮਾਲਕ ਹੈ ਤੇ ਕਿਸੇ ਵੀ ਗਲਤੀ ਜਾਂ ਫਿਰ ਘਪਲੇਬਾਜ਼ੀ ਦੀ ਗੁਜਾਇੰਸ਼ ਨਹੀਂ ਹੋਏਗੀ।

ਸਿੱਖਿਆ ਮੰਤਰੀ ਦੇ ਇਸ ਐਲਾਨ ਦੇ ਬਾਵਜੂਦ 1540 ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਸਕੂਲਾਂ ਵਿੱਚ ਕਰਨ ਦੀ ਕੰਪਿਊਟਰ ਨੇ ਮਨਜ਼ੂਰੀ ਦੇ ਦਿੱਤੀ, ਜਿਹੜੇ ਸਕੂਲਾਂ ਵਿੱਚ ਅਧਿਆਪਕ ਦੀ ਪੋਸਟ ਖਾਲੀ ਹੀ ਨਹੀਂ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਹੈ ਕਿ ਜੇਕਰ ਸਕੂਲ ਵਿੱਚ ਕੋਈ ਪੋਸਟ ਹੀ ਖ਼ਾਲੀ ਨਹੀਂ ਹੈ ਤਾਂ ਕੰਪਿਊਟਰ ਵਿੱਚ ਉਸ ਸਕੂਲ ਦੀ ਪੋਸਟ ਖ਼ਾਲੀ ਕਿਵੇਂ ਦਿਖਾਈ ਦਿੱਤੀ ਤੇ ਕਿਸ ਤਰੀਕੇ ਨਾਲ ਤਬਾਦਲਾ ਹੋ ਗਿਆ। ਇਸ ਤਬਾਦਲੇ ਦੇ ਹੋਣ ਤੋਂ ਬਾਅਦ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਸਕੂਲ ਮੁਖੀ ਨੇ ਉਕਤ ਅਧਿਆਪਕਾਂ ਨੂੰ ਆਪਣੇ ਸਕੂਲ ‘ਚ ਜੁਆਇੰਨ ਕਰਵਾਇਆ ਤਾਂ ਉਨ੍ਹਾਂ  ਸਿੱਖਿਆ ਵਿਭਾਗ ਦੇ ਇਸ ਘਪਲੇ ਜਾਂ ਫਿਰ ਗਲਤੀ ਨੂੰ ਫੜਨ ਦੀ ਬਜਾਇ ਉਸੇ ਗਲਤੀ ਨੂੰ ਖ਼ੁਦ ਕਿਉਂ ਦੁਹਰਾਇਆ।

ਇੰਨਾ ਹੋਣ ਦੇ ਬਾਅਦ ਜਦੋਂ ਤਨਖ਼ਾਹ ਦੇਣ ਦੀ ਗੱਲ ਆਈ ਤਾਂ ਖਜਾਨਾ ਵਿਭਾਗ ਤੋਂ ਇਨ੍ਹਾਂ ਸਾਰੇ 1540 ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਸਕੀ, ਕਿਉਂਕਿ ਖਜਾਨਾ ਵਿਭਾਗ ਨੇ ਬਿਨਾਂ ਪੋਸਟ ਤੋਂ ਅਧਿਆਪਕ ਨੂੰ ਤਨਖਾਹ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪਿਛਲੇ 3 ਮਹੀਨੇ ਜੁਲਾਈ, ਅਗਸਤ ਤੇ ਸਤੰਬਰ ਤੋਂ ਅਧਿਆਪਕ ਤਨਖ਼ਾਹ ਲੈਣ ਲਈ ਦਰ-ਦਰ ਦੀਆਂ ਠੋਕਰ ਖਾ ਰਹੇ ਹਨ। ਇਸ ਘਪਲੇ ਜਾਂ ਗਲਤੀ ਬਾਰੇ ਸਿੱਖਿਆ ਵਿਭਾਗ ਨੇ ਇਸ ਨੂੰ ਦਰੁਸਤ ਕਰਦੇ ਹੋਏ ਅਧਿਆਪਕਾਂ ਦੇ ਤਬਾਦਲੇ ਨੂੰ ਰੱਦ ਕਰਨ ਦੀ ਬਜਾਇ ਇਸ ਘਪਲੇ ਜਾਂ ਗਲਤੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਉਨ੍ਹਾਂ ਸਾਰੇ ਸਕੂਲਾਂ ‘ਚ ਅਧਿਆਪਕਾਂ ਦੀਆਂ ਪੋਸਟਾਂ ਨੂੰ ਮਨਜ਼ੂਰ ਕਰ ਦਿੱਤਾ ਹੈ। ਹੁਣ ਇਹ ਸਾਰੇ 1540 ਅਧਿਆਪਕ ਉਨ੍ਹਾਂ ਸਕੂਲਾਂ ਵਿੱਚ ਹੀ ਰਹਿਣਗੇ।

ਮੇਰੀ ਕੋਈ ਗਲਤੀ ਨਹੀਂ, ਡੀਪੀਆਈ ਹੀ ਦੇ ਸਕਣਗੇ ਜਵਾਬ

ਸਿੱਖਿਆ ਵਿਭਾਗ ‘ਚ ਤਬਾਦਲਾ ਨੀਤੀ ਤਹਿਤ ਸਾਫ਼ਟਵੇਅਰ ਦੀ ਦੇਖਰੇਖ ਕਰਨ ਵਾਲੇ ਏਐੱਸਪੀਡੀ ਐਚ. ਆਰ. ਮਨੋਜ ਕੁਮਾਰ ਨੇ ਕਿਹਾ ਉਨ੍ਹਾਂ ਦੀ ਇਸ ਮਾਮਲੇ ਵਿੱਚ ਕੋਈ ਗਲਤੀ ਨਹੀਂ ਹੈ ਅਤੇ ਨਾ ਹੀ ਉਹ ਇਸ ਤਰ੍ਹਾਂ ਦੇ ਮਾਮਲੇ ‘ਚ ਕੋਈ ਜਵਾਬ ਦੇ ਸਕਦੇ ਹਨ। ਜਿਹੜੀਆਂ ਪੋਸਟਾਂ ਡੀਪੀਆਈ ਦਫ਼ਤਰ ਵੱਲੋਂ ਉਨ੍ਹਾਂ ਕੋਲ ਪੁੱਜੀਆਂ, ਉਨ੍ਹਾਂ ਪੋਸਟਾਂ ਨੂੰ ਖ਼ਾਲੀ ਦਿਖਾਉਂਦੇ ਹੋਏ ਸਾਫ਼ਟਵੇਅਰ ਰਾਹੀਂ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਜਿਆਦਾ ਜਾਣਕਾਰੀ ਡੀਪੀਆਈ ਹੀ ਦੇਣਗੇ।

ਡੀਪੀਆਈ ਨੇ ਕੀਤਾ ਸਵੀਕਾਰ ਪਹਿਲਾਂ ਹੋਏ ਤਬਾਦਲੇ ਫਿਰ ਮਨਜ਼ੂਰ ਹੋਈਆਂ ਪੋਸਟਾਂ

ਡੀਪੀਆਈ ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਬਿਨਾਂ ਪੋਸਟ ਤੋਂ ਤਬਾਦਲੇ ਕਰਨ ਸਬੰਧੀ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਇੱਥੇ ਹੀ ਉਨ੍ਹਾਂ ਨੇ ਇਹ ਵੀ ਸਵੀਕਾਰ ਕਰ ਲਿਆ ਕਿ ਜੁਲਾਈ-ਅਗਸਤ ਵਿੱਚ 1540 ਅਧਿਆਪਕਾਂ ਦੇ ਤਬਾਦਲੇ ਉਨ੍ਹਾਂ ਸਕੂਲਾਂ ਵਿੱਚ ਹੋ ਗਏ ਸਨ, ਜਿੱਥੇ ਪੋਸਟਾਂ ਮਨਜ਼ੂਰਸ਼ੁਦਾ ਨਹੀਂ ਸਨ ਪਰ ਹੁਣ ਪਿਛਲੇ ਹਫ਼ਤੇ ਹੀ ਉਨ੍ਹਾਂ ਸਾਰੀਆਂ ਪੋਸਟਾਂ ਨੂੰ ਮਨਜ਼ੂਰ ਕਰਦੇ ਹੋਏ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਜਿਨ੍ਹਾਂ ਅਧਿਆਪਕਾਂ ਦੇ ਤਬਾਦਲੇ ਜਿੱਥੇ ਹੋਏ ਹਨ, ਉਹ ਉੱਥੇ ਹੀ ਕੰਮ ਕਰਦੇ ਹੋਏ ਤਨਖ਼ਾਹ ਲੈਣ ਯੋਗ ਹੋ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।