ਰੇਲਵੇ ਅੰਡਰ ਬ੍ਰਿਜ ਦੇ ਦੋਵੇਂ ਪਾਸੇ 70 ਲੱਖ ਦੀ ਲਾਗਤ ਨਾਲ ਪਵੇਗਾ ਸ਼ੈਡ
- ਰੇਲਵੇ ਵਿਭਾਗ ਵੱਲੋਂ ਪਾਇਆ ਜਾਵੇਗਾ ਸ਼ੈਡ, ਦੋ ਹਫ਼ਤਿਆਂ ਅੰਦਰ ਮੁਕੰਮਲ ਹੋਵੇਗੀ ਨਿਰਮਾਣ ਪ੍ਰਕਿਰਿਆ,
- ਅਮਨ ਅਰੋੜਾ ਨੇ ਕੇਂਦਰ ਅਤੇ ਰੇਲਵੇ ਵਿਭਾਗ ਦਾ ਕੀਤਾ ਵਿਸ਼ੇਸ਼ ਧੰਨਵਾਦ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਸਰਗਰਮ ਕੋਸ਼ਿਸ਼ਾਂ ਸਦਕਾ ਸੁਨਾਮ ਸ਼ਹਿਰ ਦੇ ਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਇੱਕ ਹੋਰ ਮੰਗ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦੇ ਨੇੜਿਓਂ ਲੰਘਣ ਵਾਲੇ ਅੰਡਰ ਬ੍ਰਿਜ ਦੇ ਦੋਵੇਂ ਪਾਸੇ ਸ਼ੈਡ ਪਾਉਣ ਲਈ ਰੇਲਵੇ ਵਿਭਾਗ ਨੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਸਬੰਧੀ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ। (Sunam News)
ਅੱਜ ਇਸ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੰਡਰ ਬ੍ਰਿਜ ਦੇ ਦੋਵੇਂ ਪਾਸੇ ਜਾਇਜ਼ਾ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਅਸੀਂ ਵਿਧਾਨ ਸਭਾ ਹਲਕਾ ਸੁਨਾਮ ਦੇ ਸ਼ਹਿਰੀ ਤੇ ਪੇਂਡੂ ਹਿੱਸਿਆਂ ਵਿੱਚ ਵਸਦੇ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਥਾਈ ਹੱਲ ਦੀ ਦਿਸ਼ਾ ਵਿੱਚ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਦੁਖਾਂਤ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਅਤੇ ਇਥੋਂ ਦੇ ਸਿਆਸੀ ਆਗੂਆਂ ਨੇ ਕਦੇ ਵੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਾਰਥਕ ਕਦਮ ਨਹੀਂ ਪੁੱਟੇ ਪਰ ਭਗਵੰਤ ਮਾਨ ਸਰਕਾਰ ਸੂਬੇ ਦੇ ਹਰੇਕ ਹਲਕੇ ਦੇ ਸਰਵਪੱਖੀ ਸੁਧਾਰ ਲਈ ਪਹਿਲੇ ਦਿਨ ਤੋਂ ਹੀ ਕਾਰਜਸ਼ੀਲ ਹੈ।
ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਆਉਂਦੀ ਸੀ ਵੱਡੀ ਮੁਸ਼ਕਿਲ
ਅਮਨ ਅਰੋੜਾ ਨੇ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਸੁਨਾਮ ਸ਼ਹਿਰ ਦਾ ਇਹ ਅੰਡਰ ਬ੍ਰਿਜ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਅਤੇ ਦੋਵਾਂ ਪਾਸਿਆਂ ਉੱਤੇ ਵਸਦੇ ਲੋਕਾਂ ਲਈ ਮੁਸ਼ਕਿਲਾਂ ਦਾ ਵੱਡਾ ਕਾਰਨ ਬਣ ਜਾਂਦਾ ਹੈ ਅਤੇ ਆਵਾਜਾਈ ਵਿੱਚ ਵੀ ਵੱਡੀ ਰੁਕਾਵਟ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 76 ਸਾਲ ਬਾਅਦ ਵੀ ਸਾਡੇ ਸੂਬੇ ਦੀ ਲੋਕ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨ ਨੂੰ ਮਜ਼ਬੂਰ ਹਨ ਪਰ ਪੰਜਾਬ ਸਰਕਾਰ ਨੇ ਲੋਕਾਂ ਦੀ ਸੇਵਾ ਦੇ ਸੰਕਲਪ ਨੂੰ ਸੱਚੇ ਮਨ ਨਾਲ ਪੂਰਾ ਕਰਨ ਦਾ ਤਹੱਈਆ ਕੀਤਾ ਹੈ ਅਤੇ ਸੁਧਾਰ ਦੇ ਇਸ ਟੀਚੇ ਨੂੰ ਪੂਰਾ ਕਰਨ ਲਈ ਹੁਣ ਇਸ ਅੰਡਰ ਬ੍ਰਿਜ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਦਾ ਢੁਕਵਾਂ ਹੱਲ ਹੋਣ ਜਾ ਰਿਹਾ ਹੈ।
ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਦਾ ਕੀਤਾ ਧੰਨਵਾਦ (Sunam News)
ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਦੇ ਹਾਂ ਪੱਖੀ ਹੁੰਗਾਰੇ ਲਈ ਸੁਨਾਮ ਵਾਸੀ ਹਮੇਸ਼ਾਂ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਕਿ ਰੇਲਵੇ ਵੱਲੋਂ 70 ਲੱਖ ਰੁਪਏ ਦੀ ਲਾਗਤ ਨਾਲ ਅੰਡਰ ਬ੍ਰਿਜ ਦੇ ਦੋਵੇਂ ਪਾਸੇ 70-70 ਮੀਟਰ ਦਾ ਸ਼ੈਡ ਪਾਇਆ ਜਾਵੇਗਾ ਅਤੇ ਇਹ ਪ੍ਰੋਜੈਕਟ ਅਗਲੇ ਦੋ ਹਫ਼ਤਿਆਂ ਵਿਚ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ : ਠੇਕਾ ਮੁਲਾਜ਼ਮ ਰੋਹ ‘ਚ, ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੀ ਉਹ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲੋਕਾਂ ਨੂੰ ਦਰਪੇਸ਼ ਇਸ ਸਮੱਸਿਆ ਦੇ ਢੁਕਵੇਂ ਹੱਲ ਲਈ ਮੀਟਿੰਗਾਂ ਕਰਨ ਅਤੇ ਪ੍ਰੋਜੈਕਟ ਆਰੰਭ ਕਰਵਾਉਣ ਲਈ ਯਤਨਸ਼ੀਲ ਸਨ ਅਤੇ ਸ਼ਹਿਰ ਵਾਸੀਆਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ ਕਿ ਰੇਲਵੇ ਵਿਭਾਗ ਨੇ ਇਸ ਪ੍ਰੋਜੈਕਟ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਹੁਣ ਅੰਡਰ ਬ੍ਰਿਜ ਦੇ ਦੋਵਾਂ ਪਾਸਿਆਂ ’ਤੇ ਰੇਲਵੇ ਵਿਭਾਗ ਵੱਲੋਂ ਸ਼ੈਡ ਪਾਇਆ ਜਾਵੇਗਾ ਅਤੇ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਲੋਕ ਪੱਕੇ ਤੌਰ ’ਤੇ ਮੁਕਤੀ ਪਾ ਸਕਣਗੇ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੰਡਰ ਬ੍ਰਿਜ ਦੇ ਦੋਵੇਂ ਪਾਸਿਓਂ ਰੁੜ੍ਹ ਕੇ ਆਉਣ ਵਾਲੇ ਪਾਣੀ ਦੇ ਨਿਕਾਸ ਦੇ ਢੁਕਵੇਂ ਹੱਲ ਲਈ ਫੌਰੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਅੰਡਰ ਬ੍ਰਿਜ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੱਲ ਹੋਣ ਨਾਲ ਰੇਲਵੇ ਲਾਈਨ ਦੇ ਦੋਵੇਂ ਪਾਸੇ ਵਸੇ ਸ਼ਹਿਰ ਵਾਸੀ ਵੱਡੀ ਰਾਹਤ ਮਹਿਸੂਸ ਕਰਨਗੇ। ਇਸ ਮੌਕੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ, ਅਸ਼ਵਨੀ ਕੁਮਾਰ, ਰੇਲਵੇ ਵਿਭਾਗ ਦੇ ਅਧਿਕਾਰੀ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ, ਜਤਿੰਦਰ ਜੈਨ, ਮੁਕੇਸ਼ ਜੁਨੇਜਾ, ਅਜੇ ਜਿੰਦਲ ਮਸਤਾਨੀ ਪ੍ਰਧਾਨ ਰਿਟੇਲ ਕਰਿਆਨਾ ਐਸੋਸੀਏਸ਼ਨ ਸੁਨਾਮ, ਰਾਮ ਲਾਲ ਤਾਇਲ, ਪੁਨੀਤ ਗੋਇਲ ਸਮੇਤ ਹੋਰ ਨੇੜੇ ਦੇ ਲੋਕ ਅਤੇ ਆਗੂ ਵੀ ਹਾਜ਼ਰ ਸਨ।