Shambhu Border: ਪਟਿਆਲਾ (ਸੱਚ ਕਹੂੰ ਨਿਊਜ਼/ਖੁਸ਼ਵੀਰ ਸਿੰਘ ਤੂਰ)। 6 ਮਈ ਨੂੰ ਸ਼ੰਭੂ ਸਰਹੱਦ ’ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਸਬੰਧ ’ਚ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਕੁਝ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ, ਜਦੋਂ ਕਿ ਜ਼ਿਆਦਾਤਰ ਕਿਸਾਨ ਆਗੂ ਰੂਪੋਸ਼ ਹੋ ਗਏ। ਭਾਕਿਯੂ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪੁਲਿਸ ਨੇ ਸਵੇਰੇ-ਸਵੇਰੇ ਇਲਾਕੇ ’ਚ ਛਾਪਾ ਮਾਰਿਆ ਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਡਰਾਇਆ-ਧਮਕਾਇਆ। ਪੁਲਿਸ ਨੇ ਸਵੇਰੇ ਘਰਾਂ ’ਤੇ ਛਾਪੇਮਾਰੀ ਕੀਤੀ ਤੇ ਯੂਨੀਅਨ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੂੰ ਹਿਰਾਸਤ ’ਚ ਲੈ ਲਿਆ ਤੇ ਉਸਨੂੰ ਕਿਸੇ ਅਣਜਾਣ ਥਾਂ ’ਤੇ ਲੈ ਗਈ। ਇਸ ਤੋਂ ਇਲਾਵਾ ਕਿਸਾਨ ਆਗੂ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। Shambhu Border
ਇਹ ਖਬਰ ਵੀ ਪੜ੍ਹੋ : Punjab News: ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਕੀਤਾ ਨਾਕਾਮ
ਅਧਿਕਾਰੀਆਂ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਪਰ ਕਿਸਾਨ ਆਗੂ ਰੂਪੋਸ਼ ਹੋਣ ਕਾਰਨ ਫੜੇ ਨਹੀਂ ਜਾ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਸੀਐਮ ਮਾਨ ਆਪਣੇ ਆਪ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਸਮਰਥਕ ਕਹਿੰਦੇ ਸਨ ਤੇ ਹਰ ਹਾਲਾਤ ਵਿੱਚ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਗੱਲ ਕਰਦੇ ਸਨ, ਪਰ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੇ ਆਪਣਾ ਰੰਗ ਬਦਲ ਲਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ’ਚ ਕਿਸਾਨ ਸ਼ੰਭੂ ਬਾਰਡਰ ਥਾਣੇ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਨਗੇ। ਜੇਕਰ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰਕਾਰ ਤੇ ਪੁਲਿਸ ਦਾ ਉਨ੍ਹਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। Shambhu Border
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਥਾਣਾ ਸੰਭੂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਭਾਰੀ ਪੁਲਿਸ ਫੋਰਸ ਤੈਨਾਤ ਹੋਣ ਕਾਰਨ ਹੁਣ ਤੱਕ ਥਾਣੇ ਅੱਗੇ ਕੋਈ ਵੀ ਕਿਸਾਨ ਨਹੀਂ ਪਹੁੰਚ ਸਕਿਆ ਕਿਉਂਕਿ ਕਿਸਾਨਾਂ ਨੂੰ ਪਹਿਲਾਂ ਹੀ ਵੱਖ ਵੱਖ ਜਗ੍ਹਾ ਤੋਂ ਡਿਟੇਨ ਕਰ ਲਿਆ ਗਿਆ ਹੈ ਅਤੇ ਜਿਸ ਕਾਰਨ ਸੰਭੂ ਥਾਣੇ ਅੱਗੇ ਹੁਣ ਤੱਕ ਕੋਈ ਵੀ ਕਿਸਾਨ ਨਹੀਂ ਅੱਪੜ ਸਕਿਆ। ਦੱਸਣ ਯੋਗ ਹੈ ਕਿ ਥਾਣਾ ਸ਼ੰਭੂ ਪੁਲਿਸ ਦੇ ਐਸ ਐਚ ਓ ਵੱਲੋਂ ਕਿਸਾਨਾਂ ਦੇ ਨਾਲ ਕੀਤੀ ਗਈ ਧੱਕੇਸ਼ਾਹੀ ਅਤੇ ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਦੇ ਖੁਰਦ ਬੁਰਦ ਹੋਏ ਸਮਾਨ ਦੀ ਲਈ ਥਾਣਾ ਸ਼ੰਭੂ ਦਾ ਘਿਰਾਓ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਜਿਸ ਕਾਰਨ ਸੋਮਵਾਰ ਦੀ ਦੁਪਹਿਰ ਤੋਂ ਥਾਣਾ ਸ਼ੰਭੂ, ਥਾਣਾ ਸਦਰ, ਘਨੋਰ ਅਤੇ ਖੇੜੀ ਗੰਡਿਆ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਸ਼ੰਭੂ ਨੂੰ ਜਾਣ ਵਾਲੇ ਰਸਤਿਆਂ ਉੱਤੇ ਨਾਕਾਬੰਦੀ ਕਰ ਦਿੱਤੀ ਸੀ। ਜਿਸ ਦੇ ਚਲਦਿਆਂ ਮੰਗਲਵਾਰ ਦੇ ਤੜਕੇ ਤੋਂ ਐਸਪੀ ਪਟਿਆਲਾ ਪਲਵਿੰਦਰ ਸਿੰਘ ਚੀਮਾ, ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ, ਥਾਣਾ ਸਿਟੀ ਐਸਐਚ ਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ, ਥਾਣਾ ਸਦਰ ਐਸ ਐਚ ਓ ਐਸਆਈ ਗੁਰਮੀਤ ਸਿੰਘ, ਥਾਣਾ ਘਨੌਰ ਐਸਐਚ ਓ ਸਾਹਿਬ ਸਿੰਘ, ਥਾਣਾ ਖੇੜੀ ਗੰਡਿਆ ਐਸਐਚ ਓ ਸਵਰਨ ਸਿੰਘ ਵੱਲੋਂ ਭਾਰੀ ਪੁਲਿਸ ਫੋਰਸ ਸਮੇਤ ਕਿਸਾਨਾਂ ਨੂੰ ਧਰਨੇ ਵਾਲੀ ਥਾਂ ਤੱਕ ਪੁੱਜਣ ਤੋਂ ਰੋਕਣ ਦੇ ਲਈ ਵੱਖ ਵੱਖ ਥਾਵਾਂ ਤੇ ਮਿੱਟੀ ਨਾਲ ਭਰੇ ਟਿੱਪਰਾਂ ਦੇ ਨਾਲ ਬੈਰੀਕੇਟਿੰਗ ਕਰਕੇ ਨਾਕਾਬੰਦੀ ਕੀਤੀ ਹੋਈ ਹੈ।