ਤਿੰਨ ਮਜ਼ਦੂਰਾਂ ਦੀ ਮੌਤ, ਦੋ ਮਜ਼ਦੂਰ ਗੰਭੀਰ ਜ਼ਖ਼ਮੀ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਸਵੇਰੇ ਪਿੰਡ ਕਣਕਵਾਲ ਭੰਗੂਆ ਵਿਖੇ ਨਵੇਂ ਬਣ ਰਹੇ ਸ਼ੈਲਰ ਦੀ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਕਣਕਵਾਲ ਭੰਗੂਆਂ ਵਿੱਚ ਸ਼ੈਲਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਸੀ, ਜਦੋਂ ਸ਼ੈਲਰ ਦੀ ਇੱਕ ਕੰਧ ਨੂੰ ਪਾਣੀ ਨਾਲ ਗਿੱਲਾ ਕਰਕੇ ਪਲਾਸਟਰ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਕੰਧ ਡਿੱਗ ਗਈ। ਇਸ ਦੌਰਾਨ ਉਸ ਸਮੇਂ ਕੰਮ ਕਰ ਰਹੇ ਪੰਜ ਮਜ਼ਦੂਰ ਕੰਧ ਦੇ ਮਲਬੇ ਹੇਠ ਦੱਬ ਗਏ।
ਇਸ ਸਮੇਂ ਜਨਕ ਰਾਜ (50) ਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਅਤੇ ਅਮਨਦੀਪ ਸਿੰਘ (30) ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਹੀਰੋ ਖੁਰਦ ਨੂੰ ਸਿਵਲ ਹਸਪਤਾਲ ਸੁਨਾਮ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਗੰਭੀਰ ਰੂਪ ‘ਚ ਜ਼ਖਮੀ ਕ੍ਰਿਸ਼ਨ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਰਤਨਗੜ੍ਹ ਪਾਟਿਆਂਵਾਲੀ, ਬਿੱਟੂ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਹੀਰੋ ਖੁਰਦ ਅਤੇ ਜਗਸੀਰ ਸਿੰਘ ਵਾਸੀ ਪਿੰਡ ਧਰਮਗੜ੍ਹ ਨੂੰ ਇਲਾਜ ਲਈ ਸੁਨਾਮ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। (Sunam News)
Also Read : ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਕ੍ਰਿਸ਼ਨ ਅਤੇ ਬਿੱਟੂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਅਤੇ ਬਿੱਟੂ (30) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਹੀਰੋ ਖੁਰਦ ਦੀ ਪਟਿਆਲਾ ਵਿਖੇ ਇਲਾਜ ਅਧੀਨ ਮੌਤ ਹੋ ਗਈ ਹੈ। ਇਸ ਸਬੰਧੀ ਜਦੋਂ ਥਾਣਾ ਧਰਮਗੜ੍ਹ ਦੇ ਐੱਸਐੱਚਓ ਇੰਸਪੈਕਟਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਾਹਮਣੇ ਆਵੇਗਾ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।