ਪ੍ਰਸ਼ਾਸਨ ਦੇ ਯਤਨਾਂ ਮਗਰੋਂ ਦੋਹਾਂ ਧਿਰਾਂ ’ਚ ਸਮਝੌਤੇ ਮਗਰੋਂ ਜਾਮ ਖੋਲ੍ਹਿਆ
(ਭੂਸਨ ਸਿੰਗਲਾ) ਪਾਤੜਾਂ। ਸਬ ਡਵੀਜਨ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਵਿਖੇ ਵਿਧਵਾ ਔਰਤ ਦੀ ਜ਼ਮੀਨ ਸਬੰਧੀ ਚੱਲ ਰਹੇ ਵਿਵਾਦ ਸਬੰਧੀ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਾਤੜਾਂ ਥਾਣੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਇੱਕਤਰ ਕਿਸਾਨਾਂ ਨੇ ਨਾਅਰੇਬਾਜੀ ਕਰਦਿਆਂ ਜ਼ਮੀਨ ’ਤੇ ਕਬਜਾ ਕਰਨ ਦੇ ਦੋਸ਼ ਲਗਾਉਂਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ। ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰਨ ਮਗਰੋਂ ਹਰਕਤ ਵਿੱਚ ਆਉਣ ’ਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਜਿਸ ਮਗਰੋਂ ਕਿਸਾਨਾਂ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ।
ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਪਿੰਡ ਮੌਲਵੀਵਾਲਾ ਦੀ ਵਸਨੀਕ ਵਿਧਵਾ ਔਰਤ ਕਸ਼ਮੀਰ ਕੌਰ ਵੱਲੋਂ ਆਪਣੀ ਜ਼ਮੀਨ ਵੇਚ ਦਿੱਤੀ ਗਈ ਸੀ ਪਰ ਉਸਦੇ ਜੇਠ ਦਾ ਲੜਕਾ ਬਲਵੰਤ ਸਿੰਘ ਜ਼ਮੀਨ ’ਤੇ ਅੱਖ ਟਿਕਾਈ ਬੈਠਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਕੌਰ ਨੇ ਆਪਣੀ ਜ਼ਮੀਨ ਸੁਖਵਿੰਦਰ ਸਿੰਘ ਨੂੰ ਠੇਕੇ ’ਤੇ ਦਿੱਤੀ ਹੋਈ ਸੀ ਪਰ ਹੁਣ ਫਸਲ ਦੀ ਕਟਾਈ ਬਲਵੰਤ ਸਿੰਘ ਨੇ ਕਰਨ ਦੀ ਕੋਸ਼ਿਸ਼ ਕੀਤੀ ਜਿਸ ਸਬੰਧੀ ਜਥੇਬੰਦੀ ਵੱਲੋਂ ਦਿੱਤੀ ਚਿਤਾਵਨੀ ਮਗਰੋਂ ਰੋਸ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਠੇਕੇ ’ਤੇ ਜ਼ਮੀਨ ਲੈਣ ਵਾਲੇ ਸੁਖਵਿੰਦਰ ਸਿੰਘ ਨਾਲ ਸਮਝੌਤਾ ਹੋ ਗਿਆ ਹੈ। ਜਿਸ ਅਨੁਸਾਰ ਸੁਖਵਿੰਦਰ ਸਿੰਘ ਝੋਨੇ ਦੀ ਫਸਲ ਕੱਟਣ ਉਪਰੰਤ ਜ਼ਮੀਨ ਵਿਹਲੀ ਕਰਕੇ ਕਸ਼ਮੀਰ ਕੌਰ ਨੂੰ ਸੌਂਪ ਦੇਵੇਗਾ ਅਤੇ ਬਾਕੀ ਬਚਦੀ ਠੇਕੇ ਦੀ ਰਕਮ ਦਾ ਹਿਸਾਬ ਕਰ ਲਿਆ ਜਾਵੇਗਾ।
ਦੂਜੀ ਧਿਰ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਚਾਚੀ ਕਸ਼ਮੀਰ ਕੌਰ ਸਮੇਂ ਸਮੇਂ ’ਤੇ ਉਸ ਕੋਲੋਂ ਪੈਸੇ ਲੈਂਦੀ ਰਹੀ ਹੈ ਜਿਸ ਦੇ ਬਦਲੇ ਉਸ ਸਮੇਤ ਸੁਰੇਸ਼ਪਾਲ ਸਿੰਘ ਨਾਲ ਜ਼ਮੀਨ ਦਾ ਬਿਆਨਾ ਕੀਤਾ ਹੋਇਆ ਸੀ ਪਰ ਹੁਣ ਧੋਖੇ ਨਾਲ ਜ਼ਮੀਨ ਅੱਗੇ ਵੇਚ ਦਿੱਤੀ ਹੈ ਜਿਸ ਨੂੰ ਲੈ ਕੇ ਮਾਣਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ