ਚਾਰ ਹਜ਼ਾਰ ਤੋਂ ਵੱਧ ਲੀਟਰ ਤੇਲ ਚੋਰੀ ਨੇ ਉਡਾਈ ਕੰਪਨੀ ਦੀ ਨੀਂਦ | Bharat Petroleum
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ‘ਚ ਭਾਰਤ ਪੈਟਰੋਲੀਅਮ ਦੇ ਤੇਲ ਭੰਡਾਰ ਹਾਲੇ ਤੱਕ ਵਰਜਿਤ ਜ਼ੋਨ ‘ਚ ਨਹੀਂ ਆ ਸਕੇ ਹਨ ਵਰ੍ਹਿਆਂ ਤੋਂ ਇੱਥੇ ਤੇਲ ਡਿੱਪੂ ਚੱਲ ਰਹੇ ਹਨ ਪ੍ਰੰਤੂ ਕੰਪਨੀ ਨੇ ਇਸ ਪਾਸੇ ਸੋਚਿਆ ਹੀ ਨਹੀਂ ਹੈ ਉੱਪਰੋਂ ਤੇਲ ਚੋਰਾਂ ਵੱਲੋਂ ਚਾਰਦੀਵਾਰੀ ਦੇ ਅੰਦਰ ਬਣੇ ਟੈਂਕਾਂ ਨੂੰ ਸੰਨ੍ਹ ਲਾਉਣ ਉਪਰੰਤ 4 ਹਜ਼ਾਰ ਲੀਟਰ ਤੋਂ ਵੱਧ ਤੇਲ ਚੋਰੀ ਕਰਕੇ ਕੰਪਨੀ ਪ੍ਰਬੰਧਕਾਂ ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ ਹਾਲਾਂਕਿ ਪੁਲਿਸ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਆਖ ਰਹੀ ਹੈ ਪਰ ਚੋਰਾਂ ਦੀ ਇਸ ਕਾਰਵਾਈ ਨੇ ਇਲਾਕੇ ਦੀ ਸੁਰੱਖਿਆ ਪ੍ਰਤੀ ਸਵਾਲ ਖੜ੍ਹੇ ਕਰ ਦਿੱਤੇ ਹਨ। (Bharat Petroleum)
ਵੇਰਵਿਆਂ ਅਨੁਸਾਰ 6-7 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਭਾਰਤ ਪੈਟਰੋਲੀਅਮ ਦੇ ਡਿੱਪੂ ਦੇ ਅੰਦਰ ਧਾਵਾ ਬੋਲਿਆ ਤੇ ਟੈਂਕ ‘ਚੋਂ 4080 ਲੀਟਰ ਤੇਲ ਚੋਰੀ ਕਰ ਲਿਆ ਥਾਣਾ ਕੈਂਟ ਪੁਲਿਸ ਨੇ ਕੰਪਨੀ ਦੇ ਮੁੱਖ ਪ੍ਰਬੰਧਕ ਰਾਜਨ ਸੰਡ ਦੀ ਸ਼ਿਕਾਇਤ ‘ਤੇ ਧਾਰਾ 457,380 ਤੇ ਪੰਜਾਬ ਪ੍ਰੀਵੈਂਨਸ਼ਨ ਆਫ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ ਦੇ ਸੈਕਸ਼ਨ 4 ਤਹਿਤ ਕੇਸ ਦਰਜ ਕੀਤਾ ਹੈ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਕੰਪਨੀ ਨੂੰ ਭੰਡਾਰਾਂ ਦੀ ਜਾਂਚ ਕਰਨ ‘ਤੇ ਤੇਲ ਚੋਰੀ ਦਾ ਪਤਾ ਲੱਗਾ ਹੈ।
ਉਨ੍ਹਾਂ ਆਖਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਗੌਰਤਲਬ ਹੈ ਕਿ ਬਠਿੰਡਾ-ਮਾਨਸਾ ਰੋਡ ‘ਤੇ ਪਿੰਡ ਫੂਸ ਮੰਡੀ ਦੇ ਰਕਬੇ ‘ਚ ਤਿੰਨ ਤੇਲ ਕੰਪਨੀਆਂ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਦੇ ਵੱਡੇ ਤੇਲ ਭੰਡਾਰ ਹਨ ਜਿੱਥੋਂ ਪੂਰੇ ਮਾਲਵਾ ਖ਼ਿੱਤੇ ਨੂੰ ਤੇਲ ਸਪਲਾਈ ਹੁੰਦਾ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਤਾਂ ਆਪਣੇ ਕਾਰੋਬਾਰ ਦੀ ਸਮਰੱਥਾ ਹੋਰ ਵੀ ਵਧਾਉਣ ਜਾ ਰਹੀ ਹੈ, ਜਿਸ ਨਾਲ ਖਤਰੇ ਹੋਰ ਵੀ ਵਧ ਜਾਣਗੇ ਹੈਰਾਨਕੁੰਨ ਹੈ ਕਿ ਇਹ ਤੇਲ ਡਿੱਪੂ ਬਠਿੰਡਾ ਛਾਉਣੀ ਦੇ ਨਜ਼ਦੀਕ ਵੀ ਪੈਂਦੇ ਹਨ, ਜਿਸ ਕਰਕੇ ਕੋਈ ਮਾੜੀ ਜਿਹੀ ਕੋਤਾਹੀ ਨਾਲ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਭਾਰਤ ਪੈਟਰੋਲੀਅਮ ਦਾ ਤੇਲ ਡਿੱਪੂ ਹਾਲੇ ਤੱਕ ਵਰਜਿਤ ਜ਼ੋਨ ਵਿੱਚ ਨਹੀਂ ਆਉਂਦਾ
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਹਿੰਦੁਸਤਾਨ ਪੈਟਰੋਲੀਅਮ ਦੇ ਤੇਲ ਭੰਡਾਰ ਵਾਲੇ ਡਿੱਪੂ ਨੂੰ ਕਰੀਬ ਸੱਤ ਵਰ੍ਹੇ ਪਹਿਲਾਂ ਵਰਜਿਤ ਜ਼ੋਨ ਐਲਾਨਿਆ ਸੀ ਜਦੋਂ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਵਰਜਿਤ ਜ਼ੋਨ ਐਲਾਨੇ ਜਾਣ ਦੀ ਕਾਰਵਾਈ ਬਾਅਦ ‘ਚ ਹੋਈ ਹੈ ਸੂਤਰ ਦੱਸਦੇ ਹਨ ਕਿ ਭਾਰਤ ਪੈਟਰੋਲੀਅਮ ਦਾ ਤੇਲ ਡਿੱਪੂ ਹਾਲੇ ਤੱਕ ਵਰਜਿਤ ਜ਼ੋਨ ਵਿੱਚ ਨਹੀਂ ਆਉਂਦਾ ਹੈ ਅਤਿ-ਸੰਵੇਦਨਸ਼ੀਲ ਮਾਮਲਾ ਹੋਣ ਕਰਕੇ ਨਾ ਤੇਲ ਕੰਪਨੀ ਨੇ ਲੰਮੇ ਸਮੇਂ ਤੋਂ ਪਹਿਲ ਕੀਤੀ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਵਰਜਿਤ ਜ਼ੋਨ ਦੇ ਮਾਮਲੇ ਨੂੰ ਵੇਖਿਆ ਹੈ ਆਮ ਲੋਕਾਂ ਮੰਗ ਕੀਤੀ ਕਿ ਤੇਲ ਡਿੱਪੂ ਵਾਲੇ ਖ਼ਿੱਤੇ ਨੂੰ ਵਰਜਿਤ ਜ਼ੋਨ ਐਲਾਨਿਆ ਜਾਵੇ ਤੇ ਉਸੇ ਹਾਣ ਦੇ ਪ੍ਰਬੰਧ ਕੀਤੇ ਜਾਣ।
ਅਹਿਮ ਸੂਤਰਾਂ ਨੇ ਦੱਸਿਆ ਕਿ ਅਣਗਹਿਲੀ ਤਾਂ ਇੱਥੋਂ ਤੱਕ ਰਹੀ ਹੈ ਕਿ ਤੇਲ ਡਿੱਪੂਆਂ ਵਾਲੀ ਜਗ੍ਹਾ ਦੀ ਗਿਰਦਾਵਰੀ ਕਾਫੀ ਸਮਾਂ ਕਿਸਾਨਾਂ ਦੇ ਨਾਂਅ ਹੀ ਬੋਲੀ ਜਾਂਦੀ ਸੀ, ਜਿਸ ਨੂੰ ਮਗਰੋਂ ਦਰੁਸਤ ਕੀਤਾ ਗਿਆ ਬਠਿੰਡਾ ਛਾਉਣੀ ਦੇ ਆਸ-ਪਾਸ ਦਾ ਖੇਤਰ ਪਹਿਲਾਂ ਹੀ ਉਸਾਰੀ ਵਾਸਤੇ ਵੀ ਵਰਜਿਤ ਹੈ ਸੂਤਰ ਦੱਸਦੇ ਹਨ ਕਿ ਕੰਪਨੀ ਨੇ ਢਿੱਲ ਹੀ ਵਰਤੀ ਹੋਈ ਹੈ ਜਦੋਂਕਿ ਆਮ ਲੋਕਾਂ ਦੀ ਨਜ਼ਰ ‘ਚ ਇਹ ਤੇਲ ਡਿੱਪੂ ਵਰਜਿਤ ਜ਼ੋਨ ‘ਚ ਹੀ ਹਨ। (Bharat Petroleum)
ਭਾਰਤੀ ਪੈਟਰੋਲੀਅਮ ਦੇ ਮੁੱਖ ਪ੍ਰਬੰਧਕ ਰਾਜਨ ਸੰਡ ਦਾ ਕਹਿਣਾ ਸੀ ਕਿ ਤੇਲ ਡਿੱਪੂਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਉਨ੍ਹਾਂ ਆਖਿਆ ਕਿ ਸੁਰੱਖਿਆ ਗਾਰਡ ਨੇ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਏ ਉਨ੍ਹਾਂ ਦਾਅਵਾ ਕੀਤਾ ਕਿ ਤੇਲ ਭੰਡਾਰ ਵਰਜਿਤ ਜੋਨ ਵਿੱਚ ਹਨ ਤੇ ਨਾ ਹੋਣ ਦੀ ਗੱਲ ਸਹੀ ਨਹੀਂ ਹੈ ਓਧਰ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਦੇ ਪ੍ਰਬੰਧਾਂ ‘ਚ ਰੁੱਝੇ ਹੋਏ ਹਨ ਇਸ ਲਈ ਉਹ ਬਾਅਦ ‘ਚ ਦੱਸਣਗੇ। (Bharat Petroleum)