ਮਨੀਸ਼ ਸਿਸੋਦੀਆ ਨਾਲ 25 ਨੂੰ ਹਿਮਾਚਲ ਜਾਣਗੇ ਭਗਵੰਤ ਮਾਨ, ਕੈਬਨਿਟ ਮੀਟਿੰਗ ਨੂੰ ਕੀਤਾ ਗਿਆ ਮੁਲਤਵੀ

CM maan

ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਦੂਜੀ ਗਰੰਟੀ, ਊਨਾ ਵਿਖੇ ਰੱਖਿਆ ਗਿਐ ਪ੍ਰੋਗਰਾਮ

  • 25 ਅਗਸਤ ਦੀ ਥਾਂ ’ਤੇ ਪੰਜਾਬ ਕੈਬਨਿਟ ਮੀਟਿੰਗ ਹੁਣ 26 ਨੂੰ ਹੋਵੇਗੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਹਿਮਾਚਲ ਜਾ ਰਹੇ ਹਨ। ਹਿਮਾਚਲ ਦੇ ਊਨਾ ਵਿਖੇ 25 ਅਗਸਤ ਨੂੰ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਕਾਰਨ ਸੂਬਾ ਸਰਕਾਰ ਦੀ ਕੈਬਨਿਟ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਕੈਬਨਿਟ ਮੀਟਿੰਗ ਹੁਣ 25 ਅਗਸਤ ਦੀ ਥਾਂ ’ਤੇ 26 ਅਗਸਤ ਨੂੰ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਦਾ ਅਚਾਨਕ ਹਿਮਾਚਲ ਪ੍ਰਦੇਸ਼ ਦਾ ਪ੍ਰੋਗਰਾਮ ਆਉਣ ਕਰਕੇ ਹੀ ਉਨ੍ਹਾਂ ਦੇ ਆਦੇਸ਼ਾਂ ਤੋਂ ਬਾਅਦ ਇਸ ਕੈਬਨਿਟ ਮੀਟਿੰਗ ਨੂੰ ਅਗਲੇ ਦਿਨ ਤੱਕ ਲਈ ਮੁਲਤਵੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਕੁਝ ਮਹੀਨਿਆਂ ਬਾਅਦ ਵਿਧਾਨ ਚੋਣਾਂ ਹਨ ਆਮ ਆਦਮੀ ਪਾਰਟੀ ਕਾਫ਼ੀ ਜ਼ਿਆਦਾ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹੈ। ਹਿਮਾਚਲ ਪ੍ਰਦੇਸ਼ ਵਿੱਚ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਜ਼ਿਆਦਾਤਰ ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਹੀ ਜਾ ਰਹੇ ਹਨ।

25 ਅਗਸਤ ਨੂੰ ਆਮ ਆਦਮੀ ਪਾਰਟੀ ਹਿਮਾਚਲ ਲਈ ਦੂਜੀ ਗਰੰਟੀ ਦਾ ਕਰੇਗੀ ਐਲਾਨ

ਬੀਤੇ ਹਫ਼ਤੇ ਹੀ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਗਰੰਟੀ ਦੇਣ ਲਈ ਸ਼ਿਮਲਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਭਗਵੰਤ ਮਾਨ ਵੱਲੋਂ ਸ਼ਿਮਲਾ ਜਾ ਕੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਪਹਿਲੀ ਗਰੰਟੀ ਦਾ ਐਲਾਨ ਕੀਤਾ ਗਿਆ ਸੀ। ਹੁਣ 25 ਅਗਸਤ ਨੂੰ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਲਈ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਣਾ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਬਣ ਗਿਆ ਹੈ ਅਤੇ 25 ਅਗਸਤ ਨੂੰ ਭਗਵੰਤ ਮਾਨ ਊਨਾ ਵਿਖੇ ਪਾਰਟੀ ਵੱਲੋਂ ਦੂਜੀ ਗਰੰਟੀ ਦਿੰਦੇ ਨਜ਼ਰ ਆਉਣਗੇ।

ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਵੀ ਕੈਬਨਿਟ ਦੀ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਸੀ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਆਉਣ ਵਾਲੇ ਹਿਮਾਚਲ ਪ੍ਰਦੇਸ਼ ਦੀ ਚੋਣਾਂ ਦਾ ਅਸਰ ਪੰਜਾਬ ਵਿੱਚ ਪਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਜ਼ਿਆਦਾਤਰ ਕੈਬਨਿਟ ਮੰਤਰੀ ਹਿਮਾਚਲ ਪ੍ਰਦੇਸ਼ ਵਿੱਚ ਹੀ ਦਿਖਾਈ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ