ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Shehad Bhagat Singh
Shehad Bhagat Singh: ਸਰਦਾਰ ਭਗਤ ਸਿੰਘ ਨਾ ਸਿਰਫ਼ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕਲਕੱਤੇ ਤੋਂ ਅੰਮ੍ਰਿਤਸਰ ਤੱਕ ਬਲਕਿ ਢਾਕਾ ਤੋਂ ਪਿਸ਼ਾਵਰ ਤੱਕ, ਦੁਨੀਆਂ ਵਿੱਚ ਹਰ ਥਾਂ ਗੂੰਜਣ ਵਾਲਾ ਨਾਂਅ ਹੈ ।ਪੰਜਾਬ ਦੀ ਧਰਤੀ ਜਿਨ੍ਹਾਂ ਦੇਸ਼ ਭਗਤਾਂ ਨੂੰ ਪੈਦਾ ਕਰਨ ਸਦਕਾ ਫੁੱਲੀ ਨਹੀਂ ਸਮਾਉਂਦੀ, 23 ਵਰਿ੍ਹਆਂ ਦਾ ਸਦਾ ਜਵਾਨ ਸ਼ਹੀਦ ਭਗਤ ਸਿੰਘ ਵੀ ਉਨ੍ਹਾਂ ਵਿਰਲਿਆਂ ਵਿੱਚੋਂ ਇੱਕ ਹੈ। ਉਹ ਹਰ ਪਲ, ਹਰ ਇੱਛਾ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦਾ ਇਰਾਦਾ ਰੱਖਣ ਵਾਲਾ ਇੱਕ ਜੋਸ਼ੀਲਾ ਕ੍ਰਾਂਤੀਕਾਰੀ ਸੀ। ਸ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦੇ ਲਾਇਲਪੁਰ ਦੇ ਪਿੰਡ ਬੰਗਾ ਚੱਕ 105 ਵਿੱਚ ਪ੍ਰਸਿੱਧ ਕ੍ਰਾਂਤੀਕਾਰੀ ਸ. ਕਿਸ਼ਨ ਸਿੰਘ ਦੇ ਘਰ ਹੋਇਆ। Shehad Bhagat Singh
ਇਹ ਖਬਰ ਵੀ ਪੜ੍ਹੋ : Body Donation: ਬਲਾਕ ਲਹਿਰਾਗਾਗਾ ਦੇ 35ਵੇਂ ਸਰੀਰ ਦਾਨੀ ਬਣੇ ਅਜੈਬ ਸਿੰਘ ਇੰਸਾਂ
ਭਗਤ ਸਿੰਘ ਨੇ ਆਪਣੀ ਮਾਂ ਵਿੱਦਿਆਵਤੀ ਦੇ ਮਹਿਜ਼ ਦੁੱਧ ਨਾਲ ਹੀ ਪੋਸ਼ਣ ਨਹੀਂ ਪਾਇਆ, ਸਗੋਂ ਉਸਨੇ ਤਾਂ ਆਪਣੇ ਬਚਪਨ ਵਿੱਚ ਹੀ ਦੇਸ਼ ਭਗਤੀ ਦਾ ਰਸ ਵੀ ਪੀ ਰੱਖਿਆ ਸੀ । ਆਪਣੇ ਦੇਸ਼ ਵਾਸੀਆਂ ’ਤੇ ਹੁੰਦੀਆਂ ਵਧੀਕੀਆਂ ਨੇ ਉਸ ਨੂੰ ਆਜ਼ਾਦੀ ਦੇ ਮੈਦਾਨ-ਏ-ਜੰਗ ਦਾ ਅਡੋਲ ਸੂਰਮਾ ਬਣਾ ਦਿੱਤਾ ਤੇ ਉਹ ਸਮੁੱਚੀ ਕਿਰਤੀ ਸ਼੍ਰੇਣੀ ਦੀ ਬੰਦ ਖ਼ਲਾਸੀ ਦੀ ਲੋਚਾ ਕਰਨ ਵਾਲਾ ਲੋਕ ਨਾਇਕ ਬਣ ਕੇ ਉੱਭਰਿਆ। ਆਪਣੀ ਬਚਪਨ ਉਮਰੇ ਬੰਦੂਕਾਂ ਨਾਲ ਅੰਗਰੇਜ਼ਾਂ ਨੂੰ ਮਾਰਨ ਵਾਲੀਆਂ ਗੱਲਾਂ ਕਰਨ ਵਾਲੇ ਇਸ ਬਾਲ ਬਾਬਤ ਕਿਸੇ ਨੇ ਇਹ ਭਵਿੱਖਬਾਣੀ ਵੀ ਨਹੀਂ ਕੀਤੀ ਹੋਵੇਗੀ ਕਿ ਇੱਕ ਦਿਨ ਇਹੀ ਬਾਲ ਆਪਣੇ ਵਤਨ ਖ਼ਾਤਰ ਜ਼ਿੰਦਗੀ ਦੀ ਬਹਾਰ ਰੁੱਤੇ ਦੁਨੀਆਂ ਨੂੰ ਐਨੀ ਸ਼ਾਨ ਨਾਲ ਅਲਵਿਦਾ ਆਖੇਗਾ।
ਕਿ ਮਰ ਕੇ ਵੀ ਜਿਉਂਦਾ ਰਹੇਗਾ। ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਬੰਗਾ ਦੇ ਡਿਸਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ । ਉਸ ਦੀਆਂ ਪੁਸ਼ਤਾਂ ਦਾ ਸ਼ੁਰੂ ਤੋਂ ਹੀ ਦੇਸ਼ ਭਗਤੀ ਨਾਲ ਵਾਹ-ਵਾਸਤਾ ਸੀ, ਤਾਂ ਹੀ ਤਾਂ ਉਸ ਦਾ ਇੱਕੋ-ਇੱਕ ਉਦੇਸ਼ ਬਣਿਆ – ਮਨੁੱਖ ਦੀ ਮਨੁੱਖ ਹੱਥੋਂ ਲੁੱਟ ਦਾ ਖਾਤਮਾ। ਆਪਣੇ ਕਾਲਜ ਦੇ ਦਿਨਾਂ ਵਿੱਚ ਕ੍ਰਾਂਤੀਕਾਰੀ ਨੌਜਵਾਨਾਂ ਵਿੱਚ ਹੁੰਦੀਆਂ ਭਾਰਤ ਦੀ ਆਜ਼ਾਦੀ ਪ੍ਰਤੀ ਬਹਿਸਾਂ ਵਿੱਚ ਭਗਤ ਸਿੰਘ ਅਕਸਰ ਦੇਸ਼ ਤੋਂ ਜਾਨ ਤੱਕ ਵਾਰ ਦੇਣ ਦੀਆਂ ਗੱਲਾਂ ਕਰਦਾ ਹੁੰਦਾ ਸੀ। ਉਹ ਅਜਿਹਾ ਨੌਜਵਾਨ ਸੀ ਜੋ ਆਪਣੇ ਵਤਨ ਵਾਸੀਆਂ ਦੇ ਹੰਝੂ ਪੂੰਝਣ ਦੀ ਖਾਤਰ ਆਪਣੀ ਜ਼ਿੰਦਗੀ ਦੇ ਹੁਸੀਨ ਪਲ ਭਾਵ ਵਿਆਹ ਤੋਂ ਇਨਕਾਰ ਕਰਕੇ 1924 ਵਿੱਚ ਕਾਨ੍ਹਪੁਰ ਚਲਾ ਗਿਆ। ਉਹ ਅਕਸਰ ਕਹਿੰਦਾ ਸੀ ਕਿ ਮੈਂ ਤਾਂ ਆਪਣੇ ਦੇਸ਼ ਨੂੰ ਆਜ਼ਾਦ ਹੁੰਦੇ ਵੇਖਣੈ। Shehad Bhagat Singh
ਉਸ ਵਕਤ ਹੀ ਲੱਗਦਾ ਸੀ ਕਿ ਅਜਿਹੇ ਦ੍ਰਿੜ ਹੌਂਸਲੇ ਵਾਲਾ ਨੌਜਵਾਨ ਹੀ ਦੇਸ਼ ਦੀ ਤਕਦੀਰ ਬਦਲੇਗਾ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ:-ਜਿੱਥੇ ਡੁੱਲ੍ਹਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਆਪਣੇ ਮਕਸਦ ਦੀ ਪੂਰਤੀ ਲਈ ਭਗਤ ਸਿੰਘ 1926 ਵਿੱਚ ਨੌਜਵਾਨ ਭਾਰਤ ਸਭਾ ਦਾ ਨੇਤਾ ਬਣ ਕੇ ਉੱਭਰਿਆ। 1928 ਵਿੱਚ ਬਣੀ ਹਿੰਦੁਸਤਾਨ ਰਿਪਬਲਿਕ ਸੋਸ਼ਲਿਸਟ ਐਸੋਸੀਏਸ਼ਨ ਦਾ ਵੀ ਭਗਤ ਸਿੰਘ ਅਹਿਮ ਚਿਹਰਾ ਸੀ । ਵਿਹਲਾ ਰਹਿਣਾ ਦਾ ਜਿਵੇਂ ਉਸ ਯੋਧੇ ਦੇ ਸੁਭਾਅ ਦੇ ਬਿਲਕੁਲ ਉਲਟ ਸੀ। ਉਹ ਤਾਂ ਹਰ ਵਕਤ ਮੁਲਕ ਨੂੰ ਆਜ਼ਾਦ ਕਰਵਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਬਾਰੇ ਸੋਚਦਾ ਰਹਿੰਦਾ ਸੀ। Shehad Bhagat Singh
ਜਦੋਂ ਅੰਗਰੇਜ਼ ਰੂਪੀ ਬੋਲਿਆਂ ਨੂੰ ਸੁਣਾਉਣ ਲਈ ਭਗਤ ਸਿੰਘ ਤੇ ਬੀ. ਕੇ. ਦੱਤ ਦੁਆਰਾ ਅਸੈਂਬਲੀ ਬੰਬ ਕਾਂਡ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਕੇਸ ਦੀ ਅਦਾਲਤੀ ਕਾਰਵਾਈ ਦੌਰਾਨ ਭਗਤ ਸਿੰਘ ਨੇ ਅੰਗਰੇਜ਼ੀ ਅਦਾਲਤਾਂ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਮੰਚ ਬਣਾ ਕੇ ਹਰ ਪੱਖ ਦ੍ਰਿੜਤਾ ਨਾਲ ਹੱਸ ਕੇ ਪੇਸ਼ ਕੀਤਾ। ਲੇਖਕ ਐੱਮ. ਐੱਮ. ਜੁਨੇਜਾ ਆਪਣੀ ਕਿਤਾਬ ‘ਭਗਤ ਸਿੰਘ ਪਰ ਚੁਨਿੰਦਾ ਲੇਖ’ ਦੇ ਸਫ਼ਾ ਨੰਬਰ 110 ’ਤੇ ਲਿਖਦੇ ਹਨ ਕਿ ਇੱਕ ਵਾਰ ਭਗਤ ਸਿੰਘ ਨੂੰ ਅਦਾਲਤ ਵਿੱਚ ਹੱਸਦੇ ਵੇਖ ਮੈਜਿਸਟ੍ਰੇਟ ਸਾਹਿਬ ਬੋਲੇ ਕਿ ਹੱਸ ਕਿਉਂ ਰਿਹਾ ਹੈਂ? ਮੈਨੂੰ ਹੱਸਣਾ ਬਿਲਕੁਲ ਪਸੰਦ ਨਹੀਂ। ਤਾਂ ਉਸ ਵਕਤ ਭਗਤ ਸਿੰਘ ਬੜੇ ਮਾਣ ਨਾਲ ਬੋਲਿਆ ਕਿ ਮੈਜਿਸਟ੍ਰੇਟ ਸਾਹਿਬ, ਅੱਜ ਤੁਹਾਨੂੰ ਮੇਰਾ ਹੱਸਣਾ ਬੁਰਾ ਲੱਗ ਰਿਹਾ ਹੈ, ਪਰ ਉਸ ਵਕਤ ਤੁਸੀਂ ਕੀ ਕਰੋਗੇ ਜਦੋਂ ਮੈਂ ਫਾਂਸੀ ਦੇ ਤਖ਼ਤੇ ’ਤੇ ਖੜ੍ਹਾ ਵੀ ਮੁਸਕਰਾ ਰਿਹਾ ਹੋਵਾਂਗਾ।
ਸ. ਭਗਤ ਸਿੰਘ ਇੱਕ ਕ੍ਰਾਂਤੀਕਾਰੀ ਦੇਸ਼ ਭਗਤ ਹੋਣ ਦੇ ਨਾਲ-ਨਾਲ ਕਲਮ ਦਾ ਧਨੀ ਵੀ ਸੀ । ਉਸ ਨੇ ਦੁਨੀਆਂ ਦੇ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਨੂੰ ਨਾ ਸਿਰਫ ਪੜਿ੍ਹਆ ਸਗੋਂ ਉਨ੍ਹਾਂ ਦਾ ਡੂੰਘਾ ਅਧਿਐਨ ਕਰਕੇ ਭਾਰਤ ਦੀ ਕ੍ਰਾਂਤੀ ਦੇ ਵਿਚਾਰ ਪੇਸ਼ ਕੀਤਾ। ਇਹ ਕ੍ਰਾਂਤੀ ਨੂੰ ਅਜਿਹਾ ਸੱਚ ਮੰਨਦਾ ਸੀ, ਜਿਸ ਤੋਂ ਬਿਨਾ ਮਨੁੱਖੀ ਹਯਾਤੀ ਤਰੱਕੀ ਹੀ ਨਹੀਂ ਕਰ ਸਕਦੀ। ਭਗਤ ਸਿੰਘ ਦੇ ਅਜਿਹੇ ਵਿਚਾਰਾਂ ਨੇ ਹੀ ਦੇਸ਼ ਵਿਰੋਧੀ ਅੰਗਰੇਜ਼ਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ । ਭਗਤ ਸਿੰਘ ਦੇ ਅਜਿਹੇ ਵਿਚਾਰਾਂ ਅਤੇ ਗਤੀਵਿਧੀਆਂ ਨੂੰ ਬੰਦ ਕਰਵਾਉਣ ਦੇ ਮਕਸਦ ਨਾਲ ਅੰਗਰੇਜ਼ਾਂ ਨੇ 1930 ਵਿੱਚ ਲਾਹੌਰ ਸਾਜ਼ਿਸ਼ ਕੇਸ ਦੌਰਾਨ ਉਸ ਲਈ ਸਜ਼ਾ-ਏ-ਮੌਤ ਦਾ ਐਲਾਨ ਕਰ ਦਿੱਤਾ।
ਪਰ ਉਸ ਮਾਤਮ ਦੀ ਘੜੀ ਵਿੱਚ ਵੀ ਇਸ ਸੂਰਬੀਰ ਨੇ ਦੁਖੀ ਹੋਣ ਦੀ ਬਜਾਏ ਇਹ ਕਿਹਾ ਕਿ ਮੈਂ ਉਸ ਪਲ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਾਂਗਾ, ਜਦੋਂ ਮੈਨੂੰ ਮੇਰੇ ਦੇਸ਼ ਦੀ ਕੀਤੀ ਸੇਵਾ ਦਾ ਇਨਾਮ ਮਿਲੇਗਾ। ਪੰਜਾਬ ਦਾ ਇਨਕਲਾਬੀ ਸ਼ਾਇਰ ਅਵਤਾਰ ਸਿੰਘ ਪਾਸ਼ ਲਿਖਦਾ ਹੈ ਕਿ ਆਪਣੀ ਮੌਤ ਦੇ ਬੁਲਾਵੇ ਵਾਲੇ ਦਿਨ ਭਾਵ 23 ਮਾਰਚ 1931 ਨੂੰ ਇਹ ਯੋਧਾ ਬੜੇ ਆਰਾਮ ਨਾਲ ਲੈਨਿਨ ਦੀ ਕਿਤਾਬ ਦਾ ਪੰਨਾ ਮੋੜ ਕੇ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਤਖ਼ਤੇ ਵੱਲ ਵਧਿਆ ਅਤੇ ਹੱਸਦਾ-ਹੱਸਦਾ ਫਾਂਸੀ ’ਤੇ ਝੂਟ ਕੇ ਪਲਾਂ ਵਿੱਚ ਸਾਡੇ ਤੋਂ ਸਰੀਰਕ ਤੌਰ ’ਤੇ ਵਿੱਛੜ ਗਿਆ। ਐਨਾ ਸਭ ਕੁੱਝ ਕਰਨ ਦੇ ਬਾਵਜ਼ੂਦ ਦੇਸ਼ ਤੋਂ ਆਪਣੀ ਜਾਨ ਤੱਕ ਵਾਰ ਦੇਣ ਵਾਲਾ ਇਹ ਅਲਬੇਲਾ, ਮਸਤ ਨੌਜਵਾਨ ਦੇਸ਼ ਭਗਤ, ਜਿਸ ਦੀਆਂ ਲਾਸ਼ਾਂ ਵੀ ਵਾਰਿਸਾਂ ਦੇ ਸਪੁਰਦ ਨਹੀਂ ਹੋਈਆਂ। Shehad Bhagat Singh
ਅਕਸਰ ਕਹਿ ਦਿੰਦਾ ਸੀ ਕਿ ਮੈਂ ਦੇਸ਼ ਦੀ ਜਿੰਨੀ ਸੇਵਾ ਕਰਨੀ ਚਾਹੁੰਦਾ ਸੀ, ਉਸ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਕਰ ਸਕਿਆ । ਅੱਜ ਅਤੇ ਆਉਣ ਵਾਲੇ ਸਮੇਂ ਵਿੱਚ ਲੱਖਾਂ ਲੋਕ ਜਨਮ ਲੈਣਗੇ, ਜਵਾਨ ਹੋਣਗੇ, ਬੁੱਢੇ ਹੋਣਗੇ ਅਤੇ ਮੌਤ ਵੱਲ ਵਧਣਗੇ, ਪਰ ਭਗਤ ਸਿੰਘ ਹਮੇਸ਼ਾ ਜਵਾਨ ਰਹੇਗਾ। ਅੱਜ ਸਾਨੂੰ ਭਗਤ ਸਿੰਘ ਦੇ ਪੂਰਨਿਆਂ ’ਤੇ ਚੱਲਣ ਦੀ ਜ਼ਰੂਰਤ ਹੈ, ਜਿਹੜੇ ਕੱਲ੍ਹ ਵੀ ਸੱਚ ਸਨ ਤੇ ਹਮੇਸ਼ਾ ਸੱਚ ਰਹਿਣਗੇ । ਆਪਣੇ ਮਕਸਦ ਲਈ ਭਗਤ ਸਿੰਘ ਦੀ ਤਸਵੀਰ ਵਰਤਣ ਵਾਲਿਆਂ ਤੋਂ ਖ਼ਬਰਦਾਰ ਰਹਿਣਾ ਅਤੇ ਲੋਕਾਂ ਨੂੰ ਖ਼ਬਰਦਾਰ ਕਰਨਾ ਚਾਹੀਦਾ ਹੈ। ਸ਼ਹੀਦ ਭਗਤ ਦੇ ਵਿਚਾਰਾਂ ’ਤੇ ਚੱਲ ਕੇ ਸਮਾਜ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ ਭਗਤ ਸਿੰਘ ਹਥਿਆਰਾਂ ਵਾਲਾ ਨਹੀਂ, ਸਗੋਂ ਵਿਚਾਰਾਂ ਵਾਲਾ ਵੀ ਹੈ। ਅੱਜ ਉਸ ਪੰਨੇ ਤੋਂ ਅਗਾਂਹ ਵਧਣ ਦੀ ਲੋੜ ਹੈ, ਜਿਹੜਾ ਪੰਨਾਂ ਮੋੜ ਕੇ ਭਗਤ ਸਿੰਘ ਫਾਂਸੀ ਦੇ ਤਖ਼ਤੇ ਵੱਲ ਵਧਿਆ ਸੀ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਘੁੱਦਾ ਮੋ. 99889-17191
ਸੰਦੀਪ ਸਿੰਘ ਲੈਕਚਰਾਰ














