ਭਦੌੜ ਕਤਲ ਤੋਂ ਰਹੱਸ ਹਟਾਉਣ ਲਈ ਪੁਲਿਸ ਨੇ ਖੰਘਾਲੇ ਘਰ ਤੇ ਪਰਿਵਾਰਕ ਮੈਂਬਰ

Bhadaur, Murder, Mystery, Police, Investigate, Family, Members, House 

ਜਾਂਚ ਦੀ ਸੂਈ ਨੇੜੇ ਲੱਗੀ

ਭਦੌੜ, ਜੀਵਨ ਰਾਮਗੜ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼

ਭਦੌੜ ਦੇ ਸੰਘਣੀ ਅਬਾਦੀ ਵਾਲੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ‘ਚ ਹੋਏ ਰਹੱਸਮਈ ਕਤਲ ਤੋਂ ਪਰਦਾ ਚੁੱਕਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ। ਜਿਸ ਤਹਿਤ ਅੱਜ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ‘ਚ ਪੁਲਿਸ ਅਧਿਕਾਰੀਆਂ ਨੇ ਬਾਰੀਕੀ ਨਾਲ ਪ੍ਰੀਵਾਰਕ ਮੈਂਬਰਾਂ ਤੇ ਆਂਢ ਗੁਆਂਢ ਤੋਂ ਪੁੱਛ ਪੜਤਾਲ ਕਰਕੇ ਉਨ•ਾ ਦੇ ਬਿਆਨ ਕਲਮ ਬੰਦ ਕੀਤੇ ਅਤੇ ਵਾਰਦਾਤ ਵਾਲੇ ਕਮਰੇ ਦੀ ਪੁਣਛਾਣ ਕੀਤੀ। ਬੇਸ਼ੱਕ ਪੁਲਿਸ ਅਧਿਕਾਰੀਆਂ ਨੇ ਹੁਣ ਤੱਕ ਦੀ ਪੜਤਾਲ ਸਬੰਧੀ ਕੋਈ ਜਾਣਕਾਰੀ ਦੇਣ ਤੋਂ ਟਾਲ਼ਾ ਵੱਟਿਆ ਹੈ ਪ੍ਰੰਤੂ ਘਟਨਾ ਸਥਾਨ ਦੀ ਪੁਣਛਾਣ ਤੋਂ ਮੁਲਜ਼ਮ ਜਾਣੂ-ਪਛਾਣੂ ਜਾਪ ਰਹੇ ਨੇ।

ਪੁਲਿਸ ਅਧਿਕਾਰੀਆਂ ਨੇ ਜਿਥੇ ਮ੍ਰਿਤਕ ਰਾਜ ਰਾਣੀ ਦੇ ਵੱਖ ਰਹਿੰਦੇ ਪੁੱਤਰ ਉਦੈ ਪਾਲ ਤੇ ਪੋਤਰੇ ਦੀਪਕ ਕੁਮਾਰ ਤੋਂ ਗਹਿਰੀ ਪੁੱਛ ਪੜਤਾਲ ਕੀਤੀ ਉਥੇ ਵਾਰਦਾਤ ਵਾਲੇ ਕਮਰੇ ਨੂੰ ਬਾਰੀਕੀ ਨਾਲ ਖੰਘਾਲਿਆ। ਜਿਸ ਦੌਰਾਨ ਮ੍ਰਿਤਕ ਰਾਜ ਰਾਣੀ ਦੇ ਬੈਡ ‘ਚੋਂ 87 ਹਜ਼ਾਰ 3 ਸੌ ਰੁਪਏ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ ਤੋਂ ਇਲਾਵਾ ਚਾਂਦੀ ਦੇ ਕੁਝ ਸਿੱਕੇ ਵੀ ਬਰਾਮਦ ਕੀਤੇ। ਪੁਲਿਸ ਅਧਿਕਾਰੀਆਂ ਨੇ ਪ੍ਰੀਵਾਰਕ ਮੈਂਬਰਾਂ ਨੂੰ ਵੱਖ ਵੱਖ ਕਰਕੇ ਪੁੱਛਗਿੱਛ ਕੀਤੀ।

ਇਸ ਸਮੇਂ ਮ੍ਰਿਤਕ ਰਾਜ ਰਾਣੀ ਦਾ ਦਿੱਲੀ ਰਹਿੰਦਾ ਸੰਜੀਵ ਕੁਮਾਰ ਬੱਬੂ ਤੇ ਉਸਦੀ ਪਤਨੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਦਿੱਲੀ ਰਹਿੰਦੇ ਉਸਦੇ ਪੁੱਤਰ ਸੰਜੀਵ ਕੁਮਾਰ ਨੇ 20 ਕੁ ਦਿਨ ਪਹਿਲਾਂ ਰਿਸਤੇਦਾਰਾਂ ਦੀ ਹਾਜ਼ਰੀ ‘ਚ ਆਪਣੀ ਮਾਂ ਨੂੰ 20 ਲੱਖ ਰੁਪਏ ਨਗਦ ਅਤੇ 40 ਤੋਲੇ ਸੋਨਾ ਵੀ ਦਿੱਤਾ ਸੀ। ਮ੍ਰਿਤਕ ਰਾਜ ਰਾਣੀ ਦਾ ਆਪਣੇ ਪੁੱਤਰਾਂ ਨਾਲ ਪ੍ਰਾਪਰਟੀ ਦਾ ਝਗੜਾ ਵੀ ਚਲਦਾ ਸੀ। ਜਿਸ ਘਰ ‘ਚ ਰਾਜ ਰਾਣੀ ਦਾ ਵਾਸਾ ਸੀ ਉਸ ਘਰ ‘ਤੇ ਉਸਦਾ ਪੋਤਰਾ ਦੀਪਕ ਕੁਮਾਰ ਹੱਕ ਜਿਤਾ ਰਿਹਾ ਸੀ ਕਿਉਂਕਿ ਦੀਪਕ ਕੁਮਾਰ ਆਪਣੇ ਕੋਲ ਮ੍ਰਿਤਕ ਦਾਦੇ ਰਮੇਸ਼ਵਰ ਦਾਸ ਦੁਆਰਾ ਵਸੀਅਤ ਹੋਣ ਦਾ ਦਾਅਵਾ ਕਰਦਾ ਹੈ।

ਵੱਖਰੀ ਜਾਣਕਾਰੀ ਅਨੁਸਾਰ ਰਾਜ ਰਾਣੀ ਦਾ ਭਦੌੜ ਰਹਿੰਦੇ ਆਪਣੇ ਪੁੱਤਰ ਤੇ ਪੋਤਰੇ ਨਾਲ ਇਸੇ ਪ੍ਰਾਪਰਟੀ ਨੂੰ ਲੈ ਕੇ ਤਿੰਨ ਸਾਲ ਤੋਂ ਅਦਾਲਤ ‘ਚ ਵੀ ਕੇਸ ਪੈਂਡਿੰਗ ਹੈ। ਮ੍ਰਿਤਕ ਰਾਜ ਰਾਣੀ ਨੇ ਇੱਕ ਸਾਲ ਪਹਿਲਾਂ ਆਪਣੀ ਕੁਝ ਪ੍ਰਾਪਰਟੀ ਵੀ ਵੇਚੀ ਸੀ। ਜਿਸ ਦੀ 32 ਲੱਖ ਦੇ ਕਰੀਬ ਨਗਦੀ ਬੈਂਕ ‘ਚ ਹੈ। ਵੱਡੀ ਮਾਤਰਾ ‘ਚ ਉਸਨੇ ਸੋਨੇ ਦੇ ਗਹਿਣੇ ਬੈਂਕ ‘ਚ ਲਾਕਰ ਨਾ ਮਿਲਣ ਕਾਰਨ ਘਰ ‘ਚ ਹੀ ਰੱਖੇ ਹੋਏ ਸਨ। ਇਸੇ ਕਾਰਨ ਹੀ ਗੁਆਂਢ ‘ਚ ਰਹਿੰਦੇ ਪੁੱਤਰ ਉਦੈਪਾਲ ਤੇ ਪੋਤਰਾ ਦੀਪਕ ਕੁਮਾਰ ਦੀ ਉਸ ਨਾਲ 3 ਸਾਲ ਤੋਂ ਬੋਲਬਾਣੀ ਬੰਦ ਸੀ।

ਇਸ ਜਾਂਚ ‘ਚ ਦਿਲਚਸਪੀ ਰੱਖ ਰਹੇ ਕੁਝ ਬੌਧਿਕ ਲੋਕਾਂ ਦਾ ਕਹਿਣਾਂ ਹੈ ਕਿ ਵਾਰਦਾਤ ਵਾਲੇ ਕਮਰੇ ‘ਚੋਂ ਅੱਜ ਪੁਣਛਾਣ ਦੌਰਾਨ ਬੈਡ ‘ਚੋਂ ਮਿਲੀ ਨਗਦੀ ਤੇ ਕੁਝ ਗਹਿਣਿਆਂ ਤੋਂ ਇਲਾਵਾ ਅਲਮਾਰੀ ਜਾਂ ਸੇਫ਼ ਆਦਿ ਸੁਰੱਖਿਅਤ ਹੋਣ ਤੋਂ ਜਾਪਦਾ ਹੈ ਕਿ ਕਤਲ ਕਿਸੇ ਲੁੱਟ ਲਈ ਨਹੀਂ ਕੁਝ ਹੋਰ ਮਨਸ਼ਾ ਤਹਿਤ ਕੀਤਾ ਗਿਆ ਹੈ। ਬੌਧਿਕ ਲੋਕਾਂ ਅਨੁਸਾਰ ਜੇਕਰ ਲੁਟੇਰੇ ਇਸ ਵਾਰਦਾਤ ਨੂੰ ਅੰਜ਼ਾਮ ਦਿੰਦੇ ਤਾਂ ਸੇਫ਼ ਅਤੇ ਅਲਮਾਰੀਆਂ ਤੋਂ ਇਲਾਵਾ ਹਰ ਕੋਨਾਂ ਛਾਣ ਮਾਰਦੇ। ਪੁਲਿਸ ਦੀ ਜਾਂਚ ਕਿਸ ਕਰਵਟ ਮੋੜ ਲੈਂਦੀ ਹੈ ਇਹ ਬੇਸ਼ੱਕ ਸਮਾਂ ਦੱਸੇਗਾ ਪ੍ਰੰਤੂ ਪੁਲਿਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਹੁਣ ਇਹ ਮਾਮਲਾ ਪੁਲਿਸ ਲਈ ਪੇਚੀਦਾ ਨਹੀਂ ਰਿਹਾ।

ਅੱਜ ਇਸ ਵਾਰਦਾਤ ਤੋਂ ਰਹੱਸ ਹਟਾਉਣ ਲਈ ਯਤਨਸ਼ੀਲ ਟੀਮ ‘ਚ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੇ ਨਾਲ ਡੀਐਸਪੀ ਡੀ ਸੁਰਜੀਤ ਸਿੰਘ ਧਨੋਆ, ਡੀਐਸਪੀ ਤਪਾ ਤੇਜਿੰਦਰ ਸਿੰਘ, ਸੀਆਈਏ ਬਲਜੀਤ ਸਿੰਘ, ਥਾਣਾ ਭਦੌੜ ਦੇ ਇੰਚਾਰਜ਼ ਪਰਗਟ ਸਿੰਘ ਆਦਿ ਸਮੇਤ ਪੁਲਿਸ ਪਾਰਟੀ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।