ਰਾਣਾ ਸੋਢੀ ਨੇ ਏਸ਼ਿਆਈ ਖੇਡਾਂ ਲਈ ਖਿਡਾਰੀਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

Best wishes, Rana Sodhi, Asian, Games

 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੱਡੀ ਗਿਣਤੀ ‘ਚ ਹਾਜ਼ਰੀ ਲਾਉਣਗੇ ਪੰਜਾਬੀ ਖਿਡਾਰੀ

 ਏਸ਼ਿਆਈ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਮਿਲੇਗਾ ਕ੍ਰਮਵਾਰ 26 ਲੱਖ, 16 ਲੱਖ ਤੇ 11 ਲੱਖ ਰੁਪਏ ਦਾ ਇਨਾਮ

ਐਸ.ਏ.ਐਸ. ਨਗਰ (ਮੁਹਾਲੀ), ਸੱਚ ਕਹੂੰ ਨਿਊਜ਼

”ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ 18 ਅਗਸਤ ਨੂੰ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਹਾਕੀ ਅਤੇ ਰੋਇੰਗ ਟੀਮਾਂ ਵਿੱਚ ਤਾਂ ਅੱਧਿਓ ਵੱਧ ਖਿਡਾਰੀ ਪੰਜਾਬ ਦੇ ਹਨ। ਸਾਰੀਆਂ ਖੇਡਾਂ ਨੂੰ ਮਿਲਾ ਕੇ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਦੀ ਗਿਣਤੀ 40 ਤੋਂ ਵੱਧ ਬਣਦੀ ਹੈ ਜਿਨ•ਾਂ ਤੋਂ ਤਮਗਿਆਂ ਲਈ ਵੱਡੀਆਂ ਆਸਾਂ ਹਨ।” ਇਹ ਗੱਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਮੁਹਾਲੀ ਸਥਿਤ ਸੈਕਟਰ 63 ਤੇ 78 ਵਿੱਚ ਖੇਡ ਕੰਪਲੈਕਸਾਂ ਦਾ ਦੌਰਾ ਕਰਨ ਉਪਰੰਤ ਜਾਰੀ ਬਿਆਨ ਵਿੱਚ ਕਹੀ।

ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਇਕੱਠਿਆਂ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ

ਰਾਣਾ ਸੋਢੀ ਨੇ ਏਸ਼ਿਆਈ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੇ ਭਾਰਤੀ ਖੇਡ ਦਲ ਨੂੰ ਵਧਾਈਆਂ ਦਿੰਦਿਆਂ ਚੰਗੇ ਪ੍ਰਦਰਸ਼ਨ ਦੀ ਆਸ ਪ੍ਰਗਟਾਈ। ਉਨ•ਾਂ ਪੰਜਾਬੀ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਖੇਡ ਨੀਤੀ ਅਨੁਸਾਰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਉਨ•ਾਂ ਵੇਰਵੇ ਦਿੰਦੇ ਹੋਏ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਕ੍ਰਮਵਾਰ 26 ਲੱਖ ਰੁਪਏ, 16 ਲੱਖ ਰੁਪਏ ਤੇ 11 ਲੱਖ ਰੁਪਏ ਨਗਦ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਏਸ਼ਿਆਈ ਖੇਡਾਂ ਤੋਂ ਬਾਅਦ ਇਕ ਸਮਾਗਮ ਰੱਖਿਆ ਜਾਵੇਗਾ ਜਿਸ ਵਿੱਚ ਜਕਾਰਤਾ ਏਸ਼ਿਆਈ ਖੇਡਾਂ ਅਤੇ ਇਸ ਵਰ•ੇ ਅਪਰੈਲ ਮਹੀਨੇ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ।

ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਮੁੱਢ ਤੋਂ ਹੀ ਮੋਹਰੀ ਸੂਬਾ ਰਿਹਾ ਹੈ ਅਤੇ ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖੇਡ ਦਲ ਵਿੱਚ ਪੰਜਾਬੀ ਖਿਡਾਰੀਆਂ ਦੀ ਵੱਡੀ ਗਿਣਤੀ ਹੁੰਦੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦਾ ਖੇਡਾਂ ਵਿੱਚ ਪ੍ਰਦਰਸ਼ਨ ਮਾੜਾ ਰਿਹਾ ਸੀ ਅਤੇ ਮੁੜ ਤੋਂ ਸੂਬੇ ਨੂੰ ਖੇਡਾਂ ਵਿੱਚ ਅੱਗੇ ਲਿਆਉਣ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਵਾਰ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਏਸ਼ਿਆਈ ਖੇਡਾਂ ਲਈ ਹਾਕੀ ਟੀਮ ਵਿੱਚ ਅੱਠ ਖਿਡਾਰੀ, ਰੋਇੰਗ ਟੀਮ ਵਿੱਚ 9 ਖਿਡਾਰੀ ਪੰਜਾਬ ਤੋਂ ਹਨ।

 ਖੇਡ ਮੰਤਰੀ ਨੇ ਮੁਹਾਲੀ ਸਥਿਤ ਦੋ ਖੇਡ ਕੰਪਲੈਕਸਾਂ ਦੇ ਸੁੰਦਰੀਕਰਨ ਅਤੇ ਰੱਖ-ਰਖਾਵ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਇਸ ਤੋਂ ਇਲਾਵਾ ਹੈਂਡਬਾਲ ਵਿੱਚ ਤਿੰਨ ਮਹਿਲਾ ਤੇ ਦੋ ਪੁਰਸ਼, ਅਥਲੈਟਿਕਸ ਵਿੱਚ ਤਿੰਨ, ਸਾਈਕਲਿੰਗ, ਨਿਸ਼ਾਨੇਬਾਜ਼ੀ, ਕੁਸ਼ਤੀ ਤੇ ਮਹਿਲਾ ਕਬੱਡੀ ਵਿੱਚ ਦੋ-ਦੋ ਅਤੇ ਮਾਰਸ਼ਲ ਆਰਟ ਤੇ ਵੇਟਲਿਫਟਿੰਗ ਵਿੱਚ ਇਕ-ਇਕ ਖਿਡਾਰੀ ਪੰਜਾਬ ਤੋਂ ਹੈ। ਉਨ•ਾਂ ਆਸ ਪ੍ਰਗਟਾਈ ਕਿ ਭਾਰਤ ਦੀ ਤਮਗਾ ਸੂਚੀ ਵਿੱਚ ਪੰਜਾਬੀ ਖਿਡਾਰੀ ਆਪਣਾ ਅਹਿਮ ਯੋਗਦਾਨ ਪਾਉਣਗੇ।

ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰ ਕੇ ਇਸ ਖੇਤਰ ਵਿੱਚ ਪੰਜਾਬ ਦਾ ਖੁੱਸਿਆ ਹੋਇਆ ਵੱਕਾਰ ਮੁੜ ਕਾਇਮ ਕਰਨ ਲਈ ਯਤਨਸ਼ੀਲ ਹੈ। ਪ੍ਰਾਈਵੇਟ/ਕਾਰਪੋਰੇਟ ਖੇਤਰ ਨਾਲ ਸਬੰਧਤ ਖੇਡ ਪ੍ਰੇਮੀਆਂ ਦੇ ਨਾਲ-ਨਾਲ ਕਈ ਪਰਵਾਸੀ ਭਾਰਤੀ ਵੀ ਇਸ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਵੱਲੋਂ ਅਜਿਹੇ ਖੇਡ ਪ੍ਰੇਮੀ ਨਾਲ ਰਲ ਕੇ ਖੇਡਾਂ ਦੇ ਚਹੁੰ-ਮੁਖੀ ਵਿਕਾਸ ਲਈ ਉਪਰਾਲੇ ਕੀਤੇ ਜਾਣਗੇ।

 ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਰਪੋਰੇਟ ਖੇਤਰ ਨਾਲ ਸਬੰਧਤ ਖੇਡ ਪ੍ਰੇਮੀਆਂ ਦਾ ਲਿਆ ਜਾਵੇਗਾ ਸਹਿਯੋਗ

ਇਸੇ ਦੌਰਾਨ ਸੈਕਟਰ 63 ਦੇ ਸਪੋਰਟਸ ਕੰਪਲੈਕਸ ਦਾ ਦੌਰਾ ਕਰਦਿਆਂ ਰਾਣਾ ਸੋਢੀ ਨੇ ਹਾਕੀ ਸਟੇਡੀਅਮ ਦੇ ਸੁੰਦਰੀਕਰਨ ਸਬੰਧੀ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਨਾਲ ਹੀ ਇਥੇ ਬਣਾਈ ਜਾ ਰਹੀ ਸਪੋਰਟਸ ਹੋਸਟਲ ਦੀ ਇਮਾਰਤ ਅਤੇ ਖੇਡ ਕੰਪਲੈਕਸ ਵਿਚਲੇ ਵੱਖ ਵੱਖ ਮੈਦਾਨਾਂ ਦਾ ਜਾਇਜ਼ਾ ਲਿਆ। ਇਸੇ ਤਰ•ਾਂ ਉਨ•ਾਂ ਸੈਕਟਰ 78 ਸਥਿਤ ਖੇਡ ਕੰਪਲੈਕਸ ਦੀ ਬਿਹਤਰੀ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਖੇਡ ਮੰਤਰੀ ਨੇ ਕਿਹਾ ਕਿ ਮੁਹਾਲੀ ਦੇ ਦੋਵੇਂ ਖੇਡ ਕੰਪਲੈਕਸਾਂ ਦੇ ਜਾਇਜ਼ੇ ਦੌਰਾਨ ਜੋ ਵੀ ਕਮੀਆਂ ਉਨ•ਾਂ ਦੇ ਧਿਆਨ ਵਿੱਚ ਆਈਆਂ ਹਨ, ਉਨ•ਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਆਧੁਨਿਕ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ (ਤਕਨੀਕੀ) ਸ. ਸੁਖਬੀਰ ਸਿੰਘ ਗਰੇਵਾਲ ਤੇ ਡਾਇਰੈਕਟਰ (ਪ੍ਰਸ਼ਾਸਨ) ਆਰ.ਐਸ. ਸਿੰਘ ਸੋਢੀ ਅਤੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।