ਬੇਸਿੱਟਾ ਰਹੀਂ ਐਸ.ਵਾਈ.ਐਲ. ਦੀ ਮੀਟਿੰਗ, ਭਗਵੰਤ ਮਾਨ ਨੇ ਦਿੱਤਾ ਨਵਾਂ ਸੁਝਾਅ

SYL

SYL : ਭਗਵੰਤ ਮਾਨ ਨੇ ਦਿੱਤਾ ਵਾਈ.ਐਸ.ਐਲ. ਬਣਾਉਣ ਦਾ ਸੁਝਾਅ, ਹਰਿਆਣਾ ਕਰੇਗਾ ਸ਼ਿਕਾਇਤ

  • ਐਸ.ਵਾਈ.ਐਲ. ਦੀ ਥਾਂ ਵਾਈ.ਐਸ.ਐਲ. ਦੀ ਕਰੋਂ ਗੱਲ, ਯਮੁਨਾ ਸਤਲੁਜ ਲਿੰਕ ਕਰੋ ਤਿਆਰ : ਭਗਵੰਤ ਮਾਨ
  • ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਪੰਜਾਬ, ਸੁਪਰੀਮ ਕੋਰਟ ’ਚ ਕਰਾਂਗੇ ਸ਼ਿਕਾਇਤ : ਖੱਟਰ

(ਅਸ਼ਵਨੀ ਚਾਵਲਾ) ਚੰਡੀਗੜ। ਐਸ.ਵਾਈ.ਐਲ. (SYL) ਨੂੰ ਲੈ ਕੇ ਦਿੱਲੀ ਵਿਖੇ ਹੋਏ ਮੀਟਿੰਗ ਇੱਕ ਵਾਰ ਫਿਰ ਤੋਂ ਬੇਸਿੱਟਾ ਰਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣਾ ਸਟੈਂਡ ਬਰਕਰਾਰ ਰੱਖਦੇ ਹੋਏ ਐਸ.ਵਾਈ.ਐਲ. ਰਾਹੀਂ ਇੱਕ ਵੀ ਪਾਣੀ ਦੀ ਬੂੰਦ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਇਸ ਨਾਲ ਹੀ ਐਸ.ਵਾਈ.ਐਲ. ਦੀ ਥਾਂ ’ਤੇ ਵਾਈ.ਐਸ. ਐਲ. ਬਣਾਉਣ ਦਾ ਸੁਝਾਅ ਦੇ ਦਿੱਤਾ। ਜਿਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਰਾਜ਼ ਹੋ ਗਏ ਅਤੇ ਉਨਾਂ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੀ ਸ਼ਿਕਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਆਪਣੇ ਆਪਣੇ ਸਟੈਂਡ ’ਤੇ ਕਾਇਮ  (SYL)

ਇਸ ਮੀਟਿੰਗ ਨੂੰ ਕਰਵਾ ਰਹੇ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ ਵਲੋਂ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਹ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਰਿਪੋਰਟ ਜਰੂਰ ਦੇਣਗੇ। ਹੁਣ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਹੀ ਹੋਏਗੀ, ਕਿਉਂਕਿ ਪੰਜਾਬ ਅਤੇ ਹਰਿਆਣਾ ਆਪਣੇ ਆਪਣੇ ਪਹਿਲਾਂ ਵਾਲੇ ਸਟੈਂਡ ’ਤੇ ਅੜੇ ਹੋਏ ਹਨ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਹਰਿਆਣਾ ਅਤੇ ਪੰਜਾਬ ਦੀ ਮੀਟਿੰਗ ਕਰਵਾਈ ਜਾ ਰਹੀ ਸੀ ਤਾਂ ਕਿ ਅਦਾਲਤ ਤੋਂ ਬਾਹਰ ਹੀ ਦੋਹੇ ਸੂਬਿਆਂ ਵਿਚਕਾਰ ਪਾਣੀ ਦੀ ਇਸ ਲੜਾਈ ਨੂੰ ਖ਼ਤਮ ਕੀਤਾ ਜਾ ਸਕੇ ਪਰ ਕਈ ਵਾਰ ਮੀਟਿੰਗਾਂ ਹੋਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਆਪਣੇ ਆਪਣੇ ਸਟੈਂਡ ’ਤੇ ਕਾਇਮ ਹਨ ਪਰ ਫਿਰ ਵੀ ਕੇਂਦਰ ਸਰਕਾਰ ਵਲੋਂ ਇੱਕ ਤੋਂ ਬਾਅਦ ਇੱਕ ਮੀਟਿੰਗ ਨੂੰ ਕਰਵਾਇਆ ਜਾ ਰਿਹਾ ਸੀ।

ਬੀਤੇ 2-3 ਮਹੀਨੇ ਪਹਿਲਾਂ ਚੰਡੀਗੜ ਵਿਖੇ ਦੋਹੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ ਵਲੋਂ ਦਿੱਲੀ ਵਿਖੇ ਮੀਟਿੰਗ ਰੱਖੀ ਗਈ ਸੀ ਤਾਂ ਕਿ ਇਸ ਮਾਮਲੇ ਦਾ ਹਲ਼ ਕੱਢਿਆ ਜਾ ਸਕੇ ਪਰ ਹੁਣ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੀ ਹੈ। (SYL)

ਸਾਡੇ ਕੋਲ ਨਹੀਂ ਵਾਧੂ ਪਾਣੀ, ਯਮੁਨਾ  ਲਿੰਕ ਨਹਿਰ ਨੂੰ ਤਿਆਰ ਕਰੇ ਹਰਿਆਣਾ : ਭਗਵੰਤ ਮਾਨ

Mann Government

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨਾਂ ਨੇ ਮੀਟਿੰਗ ਵਿੱਚ ਸੁਝਾਅ ਦਿੱਤਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਹੱਲ ਇਸੇ ਦੇ ਨਾਅ ਵਿੱਚ ਹੀ ਹੈ। ਇਸ ਨੂੰ ਉਲਟਾ ਕਰਦੇ ਹੋਏ ਵਾਈਐਸਐਲ ਮਤਲਬ ਯਮੁਨਾ ਸਤਲੁਜ ਲਿੰਕ ਨਹਿਰ ਕਰ ਦਿੱਤਾ ਜਾਵੇ ਤਾਂ ਯਮੁਨਾ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ। ਉਨਾਂ ਕਿਹਾ ਕਿ ਪੰਜਾਬ ਪਹਿਲਾ ਵੀ ਕਈ ਵਾਰ ਕਹਿ ਚੁੱਕਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤਾਂ ਪਾਣੀ ਦੇਣ ਦਾ ਸੁਆਲ ਹੀ ਖੜਾ ਨਹੀਂ ਹੁੰਦਾ ਹੈ। ਉਨਾਂ ਕਿਹਾ ਕਿ ਟਿ੍ਰਬਿਊਨਲ ਨੂੰ ਆਦੇਸ਼ ਦਿੰਦੇ ਹੋਏ ਪਾਣੀ ਦੀ ਚੈਕਿੰਗ ਕਰ ਲਈ ਜਾਵੇ, ਕਿਉਂਕਿ ਪੰਜਾਬ ਪਹਿਲਾਂ ਤੋਂ ਹੀ ਆਪਣੇ ਹਿੱਸੇ ਵਿੱਚ ਆਉਣ ਵਾਲੇ ਪਾਣੀ ਤੋਂ ਘੱਟ ਲੈ ਰਿਹਾ ਹੈ।

ਸੁਪਰੀਮ ਕੋਰਟ ਦੇ ਆਦੇਸ਼ ਮੰਨਣ ਨੂੰ ਤਿਆਰ ਨਹੀਂ ਪੰਜਾਬ : ਖੱਟਰ

Kisan, Unions, Fail, Negotiate, Haryana, Government

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਣੀ ਦੀ ਵੰਡ ਨੂੰ ਲੈ ਕੇ ਸੁਆਲ ਚੁੱਕ ਰਹੇ ਹਨ, ਜਦੋਂ ਕਿ ਹਰਿਆਣਾ ਇਸ ਸਮੇਂ ਪਾਣੀ ਨੂੰ ਲੈ ਕੇ ਗੱਲ ਹੀ ਨਹੀਂ ਕਰ ਰਿਹਾ ਹੈ, ਕਿਉਂਕਿ ਇਸ ਮੌਜੂਦਾ ਸਮੇਂ ਤਾਂ ਐਸ.ਵਾਈ.ਐਲ. (SYL) ਨਹਿਰ ਨੂੰ ਬਣਾਉਣਾ ਦਾ ਮੁੱਦਾ ਹੈ ਅਤੇ ਸੁਪਰੀਮ ਕੋਰਟ ਵਲੋਂ ਪਹਿਲਾਂ ਨਹਿਰ ਨੂੰ ਬਣਾਉਣ ਦੇ ਆਦੇਸ਼ ਦਿੱਤੇ ਹੋਏ ਹਨ, ਜਦੋਂ ਕਿ ਪਾਣੀ ਦੀ ਵੰਡ ਬਾਰੇ ਬਾਅਦ ਵਿੱਚ ਗੱਲ ਕੀਤੀ ਜਾਏਗੀ। ਉਨਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਲਿੰਕ ਨਹਿਰ ਨੂੰ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਸੁਪਰੀਮ ਕੋਰਟ ਦੇ ਆਦੇਸ਼ ਵੀ ਨਹੀਂ ਮੰਨੇ ਜਾ ਰਹੇ ਹਨ। ਇਸ ਲਈ ਹਰਿਆਣਾ ਵਲੋਂ ਸੁਪਰੀਮ ਕੋਰਟ ਵਿੱਚ ਦੱਸਿਆ ਜਾਏਗਾ ਕਿ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਹੀ ਨਹੀਂ ਮੰਨਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ