-
ਸ਼ੋਸਲ ਮੀਡੀਆ ’ਤੇ ਮਮਤਾ ਛਾਈ, ਭਾਜਪਾ ਦੀ ਹਾਰ ਨੂੰ ਲੈ ਕੇ ਕਸੇ ਤੰਨਜ
-
ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਪੰਜਾਬ ’ਚ ਭਾਜਪਾ ਵਿਰੁੱਧ ਲਹਿਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੱਛਮੀ ਬੰਗਾਲ ਵਿੱਚ ਹੋਈ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਜਿੱਤ ਦਾ ਨਸ਼ਾ ਪੰਜਾਬ ਦੇ ਲੋਕਾਂ ’ਚ ਸਿਰ ਤਰ੍ਹਾਂ ਚੜਿਆ ਹੋਇਆ ਹੈ। ਇੱਥੋਂ ਤੱਕ ਕਿ ਬੰਗਾਲ ’ਚ ਭਾਜਪਾ ਦੀ ਹਾਰ ਦੀ ਹਾਰ ਨੂੰ ਲੈ ਕੇ ਅੱਜ ਸ਼ੋਸਲ ਮੀਡੀਆ ’ਤੇ ਵੀ ਤਰ੍ਹਾਂ-ਤਰ੍ਹਾਂ ਦਾ ਪ੍ਰਚਾਰ ਭਖਿਆ ਰਿਹਾ, ਜਦਕਿ ਮਮਤਾ ਬੈਨਰਜ਼ੀ ਦੇ ਹੱਕ ਵਿੱਚ ਪੋਸਟਾਂ ਦੀ ਭਰਮਾਰ ਰਹੀ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਤੇ ਪੰਜਾਬ ਸਮੇਤ ਪੂਰੇ ਭਾਰਤ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ।
ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਕੇਂਦਰ ਖਿਲਾਫ਼ ਆਪਣੀ ਲੜਾਈ ਲੜ ਰਿਹਾ ਹੈ। ਸੈਂਕੜੇ ਕਿਸਾਨਾਂ ਦੀਆਂ ਮੌਤਾਂ ਹੋ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖੇਤੀ ਬਿੱਲਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਹਰੇਕ ਭਾਸ਼ਣ ਵਿੱਚ ਇਨ੍ਹਾਂ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਪੰਜ ਰਾਜਾਂ ਦੀਆਂ ਹੋਈਆਂ ਚੋਣਾਂ ਵਿੱਚ ਬੰਗਾਲ ਸੂਬੇ ਨੂੰ ਭਾਜਪਾ ਵੱਲੋਂ ਆਪਣੀ ਮੁੱਛ ਦਾ ਸਵਾਲ ਬਣਾਇਆ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੈਬਨਿਟ ਮੰਤਰੀਆਂ ਸਮੇਤ ਭਾਜਪਾ ਦੇ ਮੁੱਖ ਮੰਤਰੀਆਂ ਵੱਲੋਂ ਚੋਣਾਂ ਦੌਰਾਨ ਆਪਣੀ ਪੂਰੀ ਤਾਕਤ ਝੋਕੀ ਹੋਈ ਸੀ। ਜਦਕਿ ਇਕੱਲੀ ਮਮਤਾ ਬੈਨਰਜੀ ਵੱਲੋਂ ਪੂਰੀ ਕੇਂਦਰ ਸਰਕਾਰ ਨਾਲ ਟੱਕਰ ਲਈ ਗਈ। ਕਿਸਾਨ ਜਥੇਬੰਦੀਆਂ ਵੱਲੋਂ ਵੀ ਭਾਜਪਾ ਨੂੰ ਹਰਾਉਣ ਲਈ ਬੰਗਾਲ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੱਜ ਕੇ ਲੋਕਾਂ ’ਚ ਵਿਚਰਿਆ ਗਿਆ।
ਪੰਜਾਬ ਅੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਵਿਰੁੱਧ ਲਹਿਰ ਬਣੀ ਹੋਈ ਹੈ। ਇਸੇ ਲਹਿਰ ਕਾਰਨ ਹੀ ਬੰਗਾਲ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਹਾਰ ਦਾ ਜਸ਼ਨ ਪੰਜਾਬ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਸ਼ੋਸਲ ਮੀਡੀਆ ’ਤੇ ਮਮਤਾ ਬੈਨਰਜ਼ੀ ਨੂੰ ਵਧਾਈਆਂ ਸਮੇਤ, ‘ਸ਼ੇਰ ਦੀ ਬੱਚੀ’ ਅਤੇ ਬੰਗਾਲ ਦੇ ਲੋਕਾਂ ਦੀ ਪ੍ਰਸੰਸਾਂ ਦੀਆਂ ਪੋਸਟਾਂ ਘੁੰਮਦੀਆਂ ਰਹੀਆਂ। ਜਦਕਿ ਦੂਜੇ ਪਾਸੇ ਸ਼ੋਸਲ ਮੀਡੀਆ ’ਤੇ ਵੀ ਭਾਜਪਾ ਦੀਆਂ ਹਾਰ ਵਾਲੀਆਂ ਪੋਸਟਾਂ ਦੀ ਭਰਮਾਰ ਰਹੀ।
ਫੇਸਬੁੱਕ, ਇੰਸਟ੍ਰਾਗ੍ਰਾਮ ਆਦਿ ਪੇਜਾਂ ’ਤੇ ਭਾਜਪਾ ਦੀ ਹਾਰ, ਘੁਮੰਡ ਦੀ ਹਾਰ, ਆਦਿ ਅਨੇਕਾਂ ਪੋਸਟਾਂ ਵਾਇਰਲ ਹੁੰਦੀਆਂ ਰਹੀਆਂ। ਨੌਜਵਾਨ ਗੁਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਬੰਗਾਲ ਦੇ ਨਤੀਜ਼ਿਆਂ ਸਬੰਧੀ ਉਤਸੁਕਤਾ ਵਿੱਚ ਸਨ ਅਤੇ ਜਿਉਂ ਹੀ ਭਾਜਪਾ ਦੀ ਹਾਰ ਅਤੇ ਮਮਤਾ ਬੈਨਰਜ਼ੀ ਦੀ ਜਿੱਤ ਹੋਈ ਤਾਂ ਉਨ੍ਹਾਂ ਵੱਲੋਂ ਖੁਸ਼ੀ ਮਨਾਈ ਗਈ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਮੋਦੀ ਦੀ ਹਾਰ ਸਬੰਧੀ ਖੁਸ਼ੀ ਵੀ ਮਨਾਈ ਗਈ ਅਤੇ ਬੰਗਾਲ ਦੀ ਜਨਤਾ ਨੂੰ ਵਧਾਈ ਵੀ ਦਿੱਤੀ ਗਈ।
ਬੰਗਾਲੀਆਂ ਦਾ ਧੰਨਵਾਦ : ਜਗਮੋਹਨ ਸਿੰਘ
ਇੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਹ ਹੰਕਾਰ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕਿਸਾਨ ਹਿਤੈਸੀ ਆਗੂਆਂ ਵੱਲੋਂ ਬੰਗਾਲ ’ਚ ਜਾਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਪਾਈ ਬੈਠੇ ਮੋਦੀ ਨੂੰ ਹਰਾਉਣ।
ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਭਾਜਪਾ ਅਤੇ ਭਾਜਪਾ ਦੀ ਮਸ਼ੀਨਰੀ ਨੂੰ ਹਰਾ ਕੇ ਇਤਿਹਾਰ ਸ਼ਿਰਜਿਆ ਹੈ। ਇਸ ਲਈ ਉਹ ਬੰਗਾਲੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।