ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਪੁਲਿਸ ਛਾਉਣੀ ਬਣਿਆ ਜੀਂਦ

ਅੱਠ ਪੈਰਾ ਮਿਲਟਰੀ ਕੰਪਨੀਆਂ ਨੇ ਸੰਭਾਲਿਆ ਮੋਰਚਾ, ਅੱਠ ਹੋਰ ਆਉਣਗੀਆਂ

ਚੰਡੀਗੜ੍ਹ (ਸੱਚ ਕਹੂੰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੇ 15 ਫਰਵਰੀ ਨੂੰ ਹਰਿਆਣਾ ‘ਚ ਜੀਂਦ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਜੀਂਦ ਸ਼ਹਿਰ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਕੱਲ੍ਹ ਤੱਕ ਨੀਮ ਫੌਜੀ ਬਲ ਦੀਆਂ ਅੱਠ ਹੋਰ ਕੰਪਨੀਆਂ ਦੇ ਮੋਰਚਾ ਸੰਭਾਲਣ ਦੀ ਸੰਭਾਵਨਾ ਹੈ।

ਪ੍ਰਦੇਸ਼ ‘ਚ ਖੱਟਰ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਇਹ ਪੰਜਵਾਂ ਮੌਕਾ ਹੈ ਜਦੋਂ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਪੈਰਾ ਮਿਲਟਰੀ ਫੋਰਸ ਨੂੰ ਅੱਗੇ ਕੀਤਾ ਹੈ ਕੇਂਦਰ ਸਰਕਾਰ ਨੇ ਅੱਜ ਹਰਿਆਣਾ ‘ਚ ਪੈਰਾ ਮਿਲਟਰੀ ਫੋਰਸ ਭੇਜ ਦਿੱਤੀ ਜੀਂਦ ਪੁਲਿਸ ਲਾਈਨ ‘ਚ ਪੈਰਾ ਮਿਲਟਰੀ ਫੋਰਸ ਦੀਆਂ ਅੱਠ ਕੰਪਨੀਆਂ ਪਹੁੰਚ ਗਈਆਂ ਹਨ ਤੇ ਜੀਂਦ ਦੀ ਪੁਲਿਸ ਲਾਈਨ ‘ਚ ਪਹੁੰਚ ਕੇ ਡੇਰਾ ਜਮ੍ਹਾਂ ਲਿਆ ਹੈ ਇਨ੍ਹਾਂ ‘ਚ ਇੱਕ ਮਹਿਲਾ ਸੀਆਰਪੀਐਫ ਦੀ ਕੰਪਨੀ ਵੀ ਸ਼ਾਮਲ ਹੈ ਤੇ ਕੱਲ੍ਹ ਸਵੇਰ ਤੱਕ ਪੈਰਾ ਮਿਲਟਰੀ ਦੀਆਂ ਅੱਠ ਹੋਰ ਕੰਪਨੀਆਂ ਮੋਰਚਾ ਸੰਭਾਲ ਲੈਣਗੀਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਸਬੰਧੀ ਜਾਟਾਂ ਦੀ ਧਮਕੀ ਤੋਂ ਬਾਅਦ ਜੀਂਦ ਹਾਈ ਅਲਰਟ ‘ਤੇ ਹੈ ਇਸ ਲਈ ਸਰਕਾਰ ਤੇ ਸੰਗਠਨ ਪੂਰੀ ਤਰ੍ਹਾਂ ਮੁਸਤੈਦ ਹਨ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ਸਬੰਧੀ ਤਿਆਰੀਆਂ ‘ਚ ਜੁਟਿਆ ਹੈ।