ਲਾਵਾਰਿਸ ਹਾਲਤ ’ਚ ਮਿਲੇ ਸੂਟਕੇਸ ਕਾਰਨ ਬਠਿੰਡਾ ਪੁਲਿਸ ਪੱਬਾਂ ਭਾਰ
ਸੁਖਜੀਤ ਮਾਨ, ਬਠਿੰਡਾ। ਸਰਹੱਦੀ ਖੇਤਰ ’ਚ ਟਿਫਨ ਬੰਬ ਅਤੇ ਭਾਰੀ ਮਾਤਰਾ ’ਚ ਵਿਸਫੋਟਕ ਸਮੱਗਰੀ ਮਿਲਣ ਤੋਂ ਬਾਅਦ ਵਾਪਰ ਰਹੀਆਂ ਅਜਿਹੀਆਂ ਹੀ ਘਟਨਾਵਾਂ ਦੀ ਲੜੀ ਤਹਿਤ ਅੱਜ ਬਠਿੰਡਾ ਗੋਨਿਆਣਾ ਮੁੱਖ ਸੜਕ ’ਤੇ ਗਣੇਸ਼ਾ ਬਸਤੀ ਲਾਗੇ ਸਥਿਤ ਨਿਰੰਕਾਰੀ ਭਵਨ ਤੋਂ ਕੁੱਝ ਦੂਰੀ ’ਤੇ ਦੇਰ ਸ਼ਾਮ ਕਾਰ ਦੇ ਕੋਲ ਲਾਵਾਰਿਸ ਹਾਲਤ ਵਿੱਚ ਇੱਕ ਸ਼ੱਕੀ ਸੂਟਕੇਸ ਮਿਲਿਆ ਹੈ। ਇਸ ਸੂਟਕੇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤਾ, ਡਾਗ ਸੁਕਐਡ ਅਤੇ ਹੋਰ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ। ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਉਸ ਤਰਫ ਜਾਣ ਨਹੀਂ ਦਿੱਤਾ ਜਾ ਰਿਹਾ। ਅੱਜ ਅੰਮ੍ਰਿਤਸਰ ਵਿੱਚ ਗਰਨੇਡ ਮਿਲਣ ਉਪਰੰਤ ਬਠਿੰਡਾ ’ਚ ਬੈਗ ਦਾ ਮਾਮਲਾ ਸਾਹਮਣੇ ਆਉਣ ਕਾਰਨ ਪੁਲਿਸ ਮੁਸਤੈਦ ਹੋ ਗਈ ਹੈ। ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਅਧਿਕਾਰੀਆਂ ਨੇ ਵੀ ਮੌਕਾ ਦੇਖਿਆ ਅਤੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਲਾਕੇ ’ਚ ਸੁਰੱਖਿਆ ਬਲਾਂ ਦੀ ਵੱਡੀ ਨਫਰੀ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਇਸ ਕੌਮੀ ਸੜਕ ਮਾਰਗ ’ਤੇ ਆਵਾਜਾਈ ਰੋਕ ਦਿੱਤੀ ਹੈ ਅਤੇ ਗੱਡੀਆਂ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਉਣਾ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਫਿਲਹਾਲ ਕੁੱਝ ਵੀ ਨਹੀਂ ਦੱਸ ਰਹੇ ਹਨ ਅਤੇ ਪੜਤਾਲ ਕਰਨ ਬਾਰੇ ਹੀ ਆਖਿਆ ਜਾ ਰਿਹਾ ਹੈ। ਪੁਲਿਸ ਦੀ ਸੋਚ ਹੈ ਕਿ ਸੂਟਕੇਸ ਸੁੱਟਣ ਵਾਲਾ ਕਾਰਾ ਅਜਾਦੀ ਦਿਵਸ ਮੌਕੇ ਦਹਿਸ਼ਤ ਦਾ ਮਹੌਲ ਬਣਾਉਣ ਲਈ ਕੀਤਾ ਗਿਆ ਹੋ ਸਕਦਾ ਹੈ। ਪਤਾ ਲੱਗਿਆ ਹੈ ਕਿ ਕਿਸੇ ਧਮਾਕਾ ਖੇਜ਼ ਸਮੱਗਰੀ ਦੀ ਸੰਭਾਵਨਾ ਨੂੰ ਦੇਖਦਿਆਂ ਫੌਜ ਦੇ ਬੰਬ ਨਿਰੋਧਕ ਦਸਤਿਆਂ ਨੂੰ ਸੱਦ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਆਖਰੀ ਖਬਰਾਂ ਲਿਖੇ ਜਾਣ ਤੱਕ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਸਨ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ