‘ਜੇਕਰ ਹੁਣ ਵੀ ਨਾ ਜਾਗੇ ਤਾਂ ਸਭ ਕੁੱਝ ਹੱਥੋਂ ਨਿੱਕਲ ਜਾਵੇਗਾ’

Bathinda News
ਬਠਿੰਡਾ : ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਣ ਦਾ ਹੋਕਾ ਦਿੰਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ

ਸਮਾਜਿਕ ਬੁਰਾਈਆਂ ਖਿਲਾਫ਼ ਤੇ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਵਿਲੱਖਣ ਅੰਦਾਜ਼ ’ਚ ਕੀਤਾ ਪੇਸ਼ | Bathinda News

ਬਠਿੰਡਾ (ਸੱਚ ਕਹੂੰ ਨਿਊਜ਼)। ਸਮਾਜਿਕ ਬੁਰਾਈਆਂ ਖਿਲਾਫ਼ ਤੇ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਆਪਣੇ ਵਿਲੱਖਣ ਅੰਦਾਜ਼ ’ਚ ਪੇਸ਼ ਕਰਕੇ ਲੋਕਾਂ ਸਾਹਮਣੇ ਰੱਖ ਕੇ ਸਰਕਾਰ ਦੀ ਕਿਰਕਰੀ ਕਰਨ ਵਾਲੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਅੱਜ ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਣ ਦਾ ਹੋਕਾ ਦਿੱਤਾ। ਉਨ੍ਹਾਂ ਆਪਣੇ ਆਪ ਨੂੰ ਨਸ਼ਿਆਂ ਦੇ ਦੈਂਤ ਵੱਲੋਂ ਜਕੜਿਆ ਹੋਇਆ ਪੇਸ਼ ਕਰਕੇ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਪੰਜਾਬ ਨਸ਼ੇ ਦੀ ਗਿ੍ਰਫ਼ਤ ’ਚ ਆ ਗਿਆ ਹੈ। (Bathinda News)

ਵੇਰਵਿਆਂ ਮੁਤਾਬਿਕ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਨਸ਼ਿਆਂ ਦੇ ਦਰਿਆਂ ਨੂੰ ਠੱਲ੍ਹ ਪਾਉਣ ਦਾ ਹੋਕਾ ਦਿੱਤਾ ਹੈ। ਉਨ੍ਹਾਂ ਦਰਸਾਇਆ ਕਿ ਕਿਸ ਤਰ੍ਹਾਂ ਨਸ਼ਾ ਇੱਕ ਦੈਂਤ ਦੇ ਰੂਪ ’ਚ ਲੋਕਾਂ ਨੂੰ ਚਿੰਬੜ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ਸਾਬਕਾ ਕੌਂਸਲਰ ਨੇ ਕਿਹਾ ਕਿ ਉਹ ਅਜਿਹਾ ਕਰਕੇ ਕੋਈ ਪ੍ਰਦਰਸ਼ਨ ਨਹੀਂ ਕਰ ਰਿਹਾ ਸਗੋਂ ਲੋਕਾਂ ਨੂੰ ਜਗਾਉਣ ਦਾ ਹੋਕਾ ਦੇ ਰਿਹਾ ਹੈ ਕਿਉਂਕਿ ਜੇਕਰ ਹੁਣ ਵੀ ਨਾ ਜਾਗੇ ਤਾਂ ਸਭ ਕੁੱਝ ਹੱਥੋਂ ਨਿੱਕਲ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਪਰ ਨਸ਼ਾ ਬੰਦ ਨਹੀਂ ਹੋ ਰਿਹਾ। ਕੁੱਝ ਨੌਜਵਾਨ ਬਾਹਰ ਜਾ ਰਹੇ ਹਨ ਅਤੇ ਕੁੱਝ ਨੂੰ ਨਸ਼ਾ ਖਾ ਰਿਹਾ ਹੈ ਇਸ ਲਈ ਜਵਾਨੀ ਨੂੰ ਬਚਾਉਣ ਦੀ ਲੋੜ ਹੈ।

ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਨਸ਼ਿਆਂ ਖਿਲਾਫ਼ ਜਾਗਣ ਦਾ ਹੋਕਾ

ਪੰਜਾਬ ਪੁਲਿਸ ਦਾ ਜ਼ਿਕਰ ਕਰਦਿਆਂ ਸਾਬਕਾ ਕੌਂਸਲਰ ਨੇ ਕਿਹਾ ਕਿ ਪੁਲਿਸ ਯਤਨ ਕਰਦੀ ਹੈ ਪਰ ਪੁਲਿਸ ਘਰ-ਘਰ ਜਾ ਕੇ ਨਹੀਂ ਬੈਠ ਸਕਦੀ, ਲੋਕਾਂ ਨੂੰ ਆਪਣੀ ਜਮੀਰ ਜਗਾ ਕੇ ਪੁਲਿਸ ਦੀ ਮੱਦਦ ਕਰਨੀ ਪਵੇਗੀ ਤਾਂ ਹੀ ਨਸ਼ੇ ਨੂੰ ਠੱਲ੍ਹ ਪੈ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ’ਚ ਨਸ਼ਿਆਂ ਖਿਲਾਫ਼ ਵਿਸ਼ੇਸ਼ ਕਲਾਸਾਂ ਲੱਗਣੀਆਂ ਚਾਹੀਦੀਆਂ ਹਨ ਤੇ ਉਹ ਖੁਦ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਤਿਆਰ ਹੈ। ਮੈਡੀਕਲ ਨਸ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁੱਝ ਗੋਲੀਆਂ-ਕੈਪਸੂਲ ਲੋਕ ਆਪਣੀ ਸਿਹਤ ਲਈ ਵਰਤਦੇ ਸੀ, ਜਿੰਨ੍ਹਾਂ ਨੂੰ ਹੁਣ ਨਸ਼ੇ ਦੀ ਖਾਤਰ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨਸ਼ਾ ਤਸਕਰ ਕੁੱਝ ਪੈਸਿਆਂ ਦੀ ਖਾਤਰ ਜਵਾਨੀ ਨੂੰ ਖਤਮ ਨਾ ਕਰਨ ਦੀ ਬੇਨਤੀ ਕੀਤੀ। ਵਿਜੇ ਕੁਮਾਰ ਵੱਲੋਂ ਜਦੋਂ ਆਪਣੇ ਆਪ ਨੂੰ ਸੰਗਲਾਂ ’ਚ ਜਕੜ ਕੇ ਦਰਸਾਇਆ ਜਾ ਰਿਹਾ ਸੀ ਕਿ ਪੰਜਾਬ ਨਸ਼ਿਆਂ ’ਚ ਜਕੜਿਆ ਜਾ ਰਿਹਾ ਹੈ ਤਾਂ ਰਾਹਗੀਰਾਂ ਨੇ ਵੀ ਖੜ੍ਹ-ਖੜ੍ਹ ਕੇ ਉਨ੍ਹਾਂ ਨੂੰ ਦੇਖਿਆ।

ਇਹ ਵੀ ਪੜ੍ਹੋ : ਰੱਖੜੀ ਮੌਕੇ ਸਰਕਾਰ ਨੇ ਲਿਆ ਫ਼ੈਸਲਾ, ਕਰ ਦਿੱਤਾ ਐਲਾਨ