ਬਰਨਾਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 5 ਗ੍ਰਿਫ਼ਤਾਰ

Barnala Police, Arrested, Robbers

ਗ੍ਰਿਫਤਾਰ ਇੱਕ ਮੁਲਜ਼ਮ ਨੇ ਆਪਣੇ ਹੀ ਜੀਜੇ ਦਾ ਕੀਤਾ ਸੀ ਕਤਲ
ਲੰਘੇ ਦਿਨੀਂ ਸ੍ਰੋਅਦ ਆਗੂ ਨੂੰ ਵੀ ਬਣਾਇਆ ਸੀ ਆਪਣਾ ਨਿਸ਼ਾਨਾਂ

ਜੀਵਨ ਰਾਮਗੜ੍ਹ/ਜਸਵੀਰ ਸਿੰਘ
ਬਰਨਾਲਾ, 23 ਦਸੰਬਰ

ਬਰਨਾਲਾ ਪੁਲਿਸ ਨੇ ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਉੱਪਰ ਹਮਲਾ ਕਰਕੇ ਗੰਭੀਰ ਜਖਮੀ ਕਰਨ ਤੋਂ ਇਲਾਵਾ ਲੁੱਟਾਂ ਖੋਹਾਂ ਤੇ ਜ਼ਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 5 ਮੁਲਜ਼ਮਾਂ ਨੂੰ ਸ਼ਹਿਣਾ ਨਹਿਰ ਤੋਂ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ‘ਚੋਂ ਇੱਕ ਮੁਲਜ਼ਮ ਨੇ ਆਪਣੇ ਹੀ ਜੀਜੇ ਨੂੰ ਉਸ ਦੇ ਬੀਮੇ ਦੇ 20 ਲੱਖ ਰੁਪਏ ਹੜੱਪਣ ਦੇ ਲਾਲਚ ‘ਚ ਜਿਉਂਦਾ ਨਹਿਰ ‘ਚ ਸੁੱਟ ਦਿੱਤਾ ਸੀ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਪੀਪੀਐਸ ਕਪਤਾਨ ਸੁਖਦੇਵ ਸਿੰਘ ਵਿਰਕ ਦੀ ਸੁਪਰਵੀਜਨ ਵਿੱਚ ਪੀਪੀਐਸ ਕੁਲਦੀਪ ਸਿੰਘ ਵਿਰਕ ਤੇ ਉੱਪ ਕਪਤਾਨ ਬਰਨਾਲਾ ਅੱਛਰੂ ਰਾਮ ਸ਼ਰਮਾ ਦੀ ਯੋਗ ਅਗਵਾਈ ਹੇਠ ਸੀਆਈਏ ਇੰਚਾਰਜ਼ ਬਰਨਾਲਾ ਬਲਜੀਤ ਸਿੰਘ ਤੇ ਮੁੱਖ ਅਫ਼ਸਰ ਥਾਣਾ ਸ਼ਹਿਣਾ ਜਗਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਲੁੱਟਾਂ-ਖੋਹਾਂ ਤੇ ਜ਼ਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਹਰਪ੍ਰੀਤ ਦਾਸ ਉਰਫ ਹੈਰੀ, ਰਾਜਵਿੰਦਰ ਸਿੰਘ ਉਰਫ਼ ਰਾਜੂ, ਨਾਰੇਸ ਕੁਮਾਰ ਉਰਫ਼ ਪੱਪੀ ਵਾਸੀਆਨ ਸ਼ਹਿਣਾ, ਦਲਜੀਤ ਸਿੰਘ ਉਰਫ਼ ਹੈਪੀ ਵਾਸੀ ਸੰਧੂ ਕਲਾਂ ਤੇ ਹਰਦੀਪ ਕੁਮਾਰ ਉਰਫ਼ ਬਬਲੂ ਵਾਸੀ ਤਪਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲ਼ਜਮਾਂ ‘ਚੋਂ ਦਲਜੀਤ ਸਿੰਘ ਤੇ ਹਰਪ੍ਰੀਤ ਦਾਸ ਨੇ ਦੁਸਹਿਰੇ ਵਾਲੇ ਦਿਨ ਬਰਨਾਲਾ ਤੋਂ ਇੱਕ ਮੋਬਾਇਲ ਖੋਹਿਆ, ਨਾਰੇਸ ਕੁਮਾਰ, ਹਰਪ੍ਰੀਤ ਦਾਸ, ਦਲਜੀਤ ਸਿੰਘ ਤੇ ਹਰਦੀਪ ਕੁਮਾਰ ਨੇ ਮਿਲਕੇ ਪਿੰਡ ਰੱਲਾ (ਮਾਨਸਾ) ਤੋਂ ਬਾਲੀਆਂ ਖੋਹੀਆਂ, ਪਿੰਡ ਉੱਭਾ (ਮਾਨਸਾ) ਤੋਂ ਇੱਕ ਮੋਬਾਇਲ ਤੇ 330 ਰੁਪਏ ਤੇ ਪਿੰਡ ਭੁੱਚੋ (ਬਠਿੰਡਾ) ਨੇੜਿਓਂ ਇੱਕ ਬਾਲੀ ਖੋਹੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਾਜਮਾਂ ਪਾਸੋਂ ਇੱਕ ਸਵਿਫ਼ਟ ਕਾਰ ਨੰਬਰ ਪੀਬੀ 11 ਏ ਸੀ-0379, 1 ਬੰਦੂਕ 12 ਬੋਰ, 9 ਜਿੰਦਾ ਕਾਰਤੂਸ 12 ਬੋਰ, 3 ਏਅਰ ਪਿਸਟਲ, ਇੱਕ ਪ੍ਰਿੰਟ ਮਸ਼ੀਨ ਤੇ ਇੱਕ ਲੋਹੇ ਦੇ ਦਾਹ ਤੋਂ ਇਲਾਵਾ 20800 ਰੁਪਏ ਦੀ ਜ਼ਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਜਿੰਨ੍ਹਾਂ ਖਿਲਾਫ਼ ਥਾਣਾ ਸ਼ਹਿਣਾ ਵਿਖੇ ਆਈਪੀਸੀ ਦੀ ਧਾਰਾ 399, 402, 489 ਏ, 489 ਬੀ, 489 ਡੀ ਤੇ 25,27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅਕਾਲੀ ਆਗੂ ਨੂੰ ਖੋਹ ਦੀ ਨੀਅਤ ਨਾਲ ਕੀਤਾ ਜਖ਼ਮੀ

ਪੁਲਿਸ ਵੱਲੋਂ ਕਾਬੂ ਕੀਤੇ ਉਕਤ 5 ਮੁਲਜ਼ਮਾਂ ‘ਚੋਂ ਹਰਪ੍ਰੀਤ ਦਾਸ, ਨਾਰੇਸ ਕੁਮਾਰ ਤੇ ਦਲਜੀਤ ਸਿੰਘ ਹੈਪੀ ਨੇ ਮਿਲਕੇ ਲੰਘੀ 16 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਤੋਂ ਉਸ ਦਾ ਲਾਇਸੰਸੀ ਅਸਲਾ ਖੋਹਣ ਦੀ ਨੀਅਤ ਨਾਲ ਉਸ ਨੂੰ ਪਿੰਡ ਭਗਤਪੁਰਾ ਮੌੜ ਨਜ਼ਦੀਕ ਰਸਤੇ ‘ਚ ਘੇਰ ਕੇ ਉਸ ਉੱਪਰ ਹਮਲਾ ਕਰ ਦਿੱਤਾ ਸੀ, ਜਿਸ ‘ਚ ਭਗਵਾਨ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੀ। ਜਿਸ ਸਬੰਧੀ ਥਾਣਾ ਸ਼ਹਿਣਾ ਵਿਖੇ ਆਈਪੀਸੀ ਦੀ ਧਾਰਾ 307, 34, 25-27/54/59 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ ਸਬੰਧਿਤ ਮਾਮਲੇ ‘ਚ ਵਰਤੀ ਗਈ ਮਾਰਤੀ ਕਾਰ ਨੰਬਰ ਪੀਬੀ 60 ਏ 0225 ਵੀ ਬਰਾਮਦ ਕੀਤੀ ਗਈ ਹੈ।

ਬੀਮੇ ਦੇ 20 ਲੱਖ ਹੜੱਪਣ ਲਈ ਕੀਤਾ ਆਪਣੇ ਹੀ ਜੀਜੇ ਦਾ ਕਤਲ

ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ 12 ਜਨਵਰੀ 2017 ਨੂੰ ਹਰਪ੍ਰੀਤ ਦਾਸ ਹੈਰੀ ਨੇ ਆਪਣੇ ਸਾਥੀਆਂ ਰਾਜਵਿੰਦਰ ਸਿੰਘ ਰਾਜੂ ਤੇ ਨਾਰੇਸ ਕੁਮਾਰ ਪੱਪੂ ਨਾਲ ਮਿਲ ਕੇ ਆਪਣੇ ਜੀਜੇ ਨਿਰਮਲ ਦਾਸ ਪੁੱਤਰ ਮੱਘਰ ਦਾਸ ਵਾਸੀ ਵਜੀਦਕੇ ਕਲਾਂ ਜੋ ਨਹਿਰੀ ਵਿਭਾਗ ‘ਚ ਬੇਲਦਾਰ ਸੀ, ਦੇ ਬੀਮੇ ਦੇ 20 ਲੱਖ ਰੁਪਏ ਹੜੱਪਣ ਦੇ ਲਾਲਚ ਵੱਸ ਜਿਉਂਦਾ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਜਿਸ ਸਬੰਧੀ ਉਕਤ ਤਿੰਨੇ ਮੁਲਜ਼ਮਾਂ ਖਿਲਾਫ਼ ਥਾਣਾ ਸ਼ਹਿਣਾ ਵਿਖੇ 22 ਦਸੰਬਰ ਨੂੰ ਮੁਲ਼ਜਮਾਂ ਵੱਲੋਂ ਇਕਰਾਰ ਕਰਨ ਪਿੱਛੋਂ 302, 34, 120 ਬੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।