Barnala by-election: ਮਲਕੀਤ ਕੀਤੂ, ਕੇਵਲ ਢਿੱਲੋਂ ਤੇ ਮੀਤ ਹੇਅਰ ਲਗਾਤਾਰ ਦੋ-ਦੋ ਵਾਰ ਰਹੇ ਨੇ ਵਿਧਾਇਕ
Barnala by-election: ਬਰਨਾਲਾ (ਗੁਰਪ੍ਰੀਤ ਸਿੰਘ)। ਆਉਣ ਵਾਲੀ 13 ਨਵੰਬਰ ਨੂੰ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਐਲਾਨ ਹੋ ਚੁੱਕਿਆ ਹੈ। ਬਰਨਾਲਾ ਵਿਧਾਨ ਸਭਾ ਹਲਕੇ ’ਚ ਇਹ ਸੀਟ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਆਮ ਆਦਮੀ ਪਾਰਟੀ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਜਿੱਤਦੀ ਰਹੀ ਹੈ। ਦਿਲਚਸਪ ਗੱਲ ਇਹ ਰਹੀ ਹੈ ਕਿ ਬਰਨਾਲਾ ਦੇ ਵੋਟਰ ਲਗਾਤਾਰ ਤੀਜੀ ਵਾਰ ਕਿਸੇ ਨੂੰ ਵਿਧਾਇਕ ਨਹੀਂ ਬਣਾਉਂਦੇ। ਇਹ ਗੱਲ ਦੀ ਗਵਾਹੀ ਪਿਛਲੇ ਪੱਚੀ ਸਾਲਾਂ ਵਿੱਚ ਵਿਧਾਨ ਸਭਾ ਦੀਆਂ ਹੋਈਆਂ 6 ਚੋਣਾਂ ਭਰ ਰਹੀਆਂ ਹਨ।
ਬਰਨਾਲਾ ਵਿਧਾਨ ਸਭਾ ਹਲਕਾ ਆਮ ਆਦਮੀ ਪਾਰਟੀ ਦਾ ਗੜ੍ਹ ਰਿਹਾ ਹੈ। 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਚੋਣ ਜਿੱਤਦੇ ਰਹੇ ਹਨ। ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਸੰਖਿਆ 1 ਲੱਖ 77 ਹਜ਼ਾਰ 305 ਹੈ ਅਤੇ ਮੌਜ਼ੂਦਾ ਸਮੇਂ ਵਿੱਚ ਚੋਣ ਕਮਿਸ਼ਨ ਵੱਲੋਂ 212 ਪੋਲਿੰਗ ਸਟੇਸ਼ਨ ਹਨ। ਬਰਨਾਲਾ ਵਿਧਾਨ ਸਭਾ ਹਲਕਾ ਮੁੱਖ ਤੌਰ ’ਤੇ ਸ਼ਹਿਰੀ ਹੈ, ਇੱਥੇ 90 ਹਜ਼ਾਰ ਦੇ ਕਰੀਬ ਸ਼ਹਿਰੀ ਵੋਟਰ ਹਨ।
Barnala by-election
ਜੇਕਰ ਇੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਮੌਜ਼ੂਦਾ ਸਰਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਾਰਟੀ ਵੱਲੋਂ ਹਾਲੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ। ਜੇਕਰ ਸੱਤਾਧਾਰੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਸਥਿਤੀ ਸਪੱਸ਼ਟ ਨਹੀਂ ਹੋਈ। ਇੱਥੇ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਦਲਬੀਰ ਸਿੰਘ ਗੋਲਡੀ ਬਰਨਾਲਾ ਤੋਂ ਆਪ ਦੇ ਉਮੀਦਵਾਰ ਹੋ ਸਕਦੇ ਹਨ, ਕਦੇ ਬਲਜੀਤ ਪੰਨੂ ਦਾ ਨਾਂਅ ਲਿਆ ਜਾ ਰਿਹਾ ਸੀ ਪਰ ਮੀਤ ਹੇਅਰ ਦੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਨੂੰ ਇੱਥੋਂ ਪਾਰਟੀ ਟਿਕਟ ਮਿਲਣੀ ਮੁਸ਼ਕਿਲ ਹੈ। ਟਿਕਟ ਦੇ ਦਾਅਵੇਦਾਰਾਂ ਵਿੱਚ ਮੀਤ ਹੇਅਰ ਦੇ ਨਿੱਜੀ ਸਹਾਇਕ ਹਸਨ ਭਾਰਦਵਾਜ ਵੀ ਸ਼ਾਮਿਲ ਹਨ।
Read Also: Supreme Court: ਅਪੰਗ ਵੀ ਬਰਾਬਰ ਹੱਕਦਾਰ
ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਵੀ ਹਨ, ਨੇ ਪਿਛਲੇ ਲੰਮੇ ਸਮੇਂ ਤੋਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਵਿਜੈਇੰਦਰ ਸਿੰਗਲਾ ਦਾ ਵੀ ਨਾਂਅ ਲਿਆ ਜਾ ਰਿਹਾ ਹੈ ਪਰ ਕਾਂਗਰਸ ਵੱਲੋਂ ਹਾਲੇ ਤੱਕ ਕੋਈ ਨਾਂਅ ਤੈਅ ਨਹੀਂ ਕੀਤਾ ਗਿਆ। ਭਾਜਪਾ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਪਿਛਲੇ ਸਮੇਂ ਤੋਂ ਇੱਥੇ ਸਰਗਰਮ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ, ਉਹ ਇੱਥੋਂ ਭਾਜਪਾ ਦੇ ਉਮੀਦਵਾਰ ਹੋਣ। ਇਨ੍ਹਾਂ ਤੋਂ ਇਲਾਵਾ ਭਾਜਪਾ ਦਾ ਕੋਈ ਹੋਰ ਚਿਹਰਾ ਚੋਣ ਲੜਨ ਵਾਸਤੇ ਅੱਗੇ ਨਹੀਂ ਆ ਰਿਹਾ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕੇਵਲ ਸਿੰਘ ਢਿੱਲੋਂ ਹੀ ਇੱਥੋਂ ਭਾਜਪਾ ਦੇ ਉਮੀਦਵਾਰ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੰਤਾ ਨੂੰ ਹੀ ਮੁੜ ਤੋਂ ਉਮੀਦਵਾਰ ਬਣਾਇਆ ਜਾਣਾ ਲਗਭਗ ਤੈਅ ਹਨ। ਉਨ੍ਹਾਂ ਵੱਲੋਂ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਆਪਣੇ ਸਮਰਥਕਾਂ ਨਾਲ ਮਿਲਿਆ ਜਾ ਰਿਹਾ ਹੈ। ਕੰਤਾ 2022 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਵੱਗਦੀ ਸਿਆਸੀ ਹਨੇ੍ਹਰੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ।
ਸਾਲ ਬਰਨਾਲਾ ਵਿਧਾਇਕ
- 1997 ਮਲਕੀਤ ਸਿੰਘ ਕੀਤੂ (ਆਜ਼ਾਦ)
- 2002 ਮਲਕੀਤ ਸਿੰਘ ਕੀਤੂ (ਅਕਾਲੀ ਦਲ)
- 2007 ਕੇਵਲ ਸਿੰਘ ਢਿੱਲੋਂ (ਕਾਂਗਰਸ)
- 2012 ਕੇਵਲ ਸਿੰਘ ਢਿੱਲੋਂ (ਕਾਂਗਰਸ)
- 2017 ਗੁਰਮੀਤ ਸਿੰਘ ਮੀਤ ਹੇਅਰ (ਆਪ)
- 2022 ਗੁਰਮੀਤ ਸਿੰਘ ਮੀਤ ਹੇਅਰ (ਆਪ)