ਬਾਰ ਐਸੋਸੀਏਸ਼ਨਾਂ ਵੱਲੋਂ ਐਡਵੋਕੇਟ ਨਰਵਾਣਾ ਦੀ ਹਮਾਇਤ

Advocates, Narvaan, Association

ਹਾਈਕੋਰਟ, ਪੰਚਕੂਲਾ ਤੇ ਪਟਿਆਲਾ ਅਦਾਲਤ ‘ਚ ਸੋਮਵਾਰ ਨੂੰ ਰਹੇਗੀ ਹੜਤਾਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਦੇ ਸੀਨੀਅਰ ਵਕੀਲ ਐਸ. ਕੇ. ਨਰਵਾਣਾ ‘ਤੇ ਦਰਜ ਕੀਤੇ ਗਏ ਧੋਖਾਧੜੀ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਨੇ ਸ੍ਰੀ ਨਰਵਾਣਾ  ਦੀ ਹਮਾਇਤ ਕੀਤੀ ਹੈ ਐਸੋਸੀਏਸ਼ਨ ਨੇ ਭਲਕੇ ਸੋਮਵਾਰ ਨੂੰ ਹਾਈਕੋਰਟ ਵਿੱਚ ਕੰਮ ਨਾ ਕਰਨ ਦਾ ਫੈਸਲਾ ਕਰਦੇ ਹੋਏ ਸਾਰੇ ਵਕੀਲਾਂ ਨੂੰ ਇਸ ਫੈਸਲਾ ਦਾ ਸਾਥ ਦੇਣ ਦੀ ਅਪੀਲ ਕਰ ਦਿੱਤੀ ਗਈ ਹੈ। ਓਧਰ ਪੰਚਕੂਲਾ ਤੇ ਪਟਿਆਲਾ ਬਾਰ ਐਸੋਸੀਏਸ਼ਨਾਂ ਨੇ  ਵੀ ਅੱਜ ਸੋਮਵਾਰ ਨੂੰ ਹੜਤਾਲ ਕਰਨ ਦਾ ਫੈਸਲਾ ਕਰਦੇ ਹੋਏ ਕੰਮ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਚਕੂਲਾ ਪੁਲਿਸ ਨੇ ਇੱਕ ਸ਼ਿਕਾਇਤ ਨੂੰ ਆਧਾਰ ਬਣਾਉਂਦੇ ਹੋਏ ਸੀਨੀਅਰ ਵਕੀਲ ਐਸ.ਕੇ. ਨਰਵਾਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਸ ਵਿੱਚ ਐਸ.ਕੇ. ਨਰਵਾਣਾ ਸਣੇ 40 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਨ ਦੀ ਗੱਲ ਪੁਲਿਸ ਵੱਲੋਂ ਆਖੀ ਜਾ ਰਹੀ ਹੈ। ਸੀਨੀਅਰ ਵਕੀਲ ਐਸ.ਕੇ. ਨਰਵਾਣਾ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਪੰਚਕੂਲਾ ਪੁਲਿਸ ਦੇ ਰਵੱਈਏ ਤੋਂ ਨਰਾਜ਼ ਹੋ ਗਈ ਹੈ। ਕਿਉਂਕਿ ਸੀਨੀਅਰ ਵਕੀਲ ਹੋਣ ਦੇ ਨਾਤੇ ਪੰਚਕੂਲਾ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਮਾਮਲੇ ਦੀ ਪੜਤਾਲ ਕਰ ਲੈਣੀ ਚਾਹੀਦੀ ਸੀ ਪਰ ਪੰਚਕੂਲਾ ਪੁਲਿਸ ਨੇ ਇਸ ਮਾਮਲੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਹਾਈ ਕੋਰਟ ਵਿੱਚ ਕੰਮ ਮੁਅੱਤਲ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜਿਸ ਦੌਰਾਨ ਸੋਮਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੋਈ ਵੀ ਵਕੀਲ ਕੰਮ ਨਹੀਂ ਕਰੇਗਾ, ਜਿਸ ਕਾਰਨ ਹਾਈ ਕੋਰਟ ਵਿੱਚ ਕਿਸੇ ਵੀ ਮਾਮਲੇ ਵਿੱਚ ਸੁਣਵਾਈ ਹੋਣ ਦੇ ਘੱਟ ਹੀ ਆਸਾਰ ਨਜ਼ਰ ਆ ਰਹੇ ਹਨ। ਦੂਜੇ ਪਾਸੇ ਪੰਚਕੂਲਾ ਬਾਰ ਐਸੋਸੀਏਸ਼ਨ ਵੱਲੋਂ ਵੀ ਇੱਕ ਦਿਨ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੋਮਵਾਰ ਨੂੰ ਪੰਚਕੂਲਾ ਜਿਲ੍ਹਾ ਅਦਾਲਤ ਵਿੱਚ ਵੀ ਕੋਈ ਵੀ ਵਕੀਲ ਕਿਸੇ ਵੀ ਕੇਸ ਦੀ ਸੁਣਵਾਈ ਲਈ ਜਾਣ ਦੀ ਥਾਂ ‘ਤੇ ਹੜਤਾਲ ਵਿੱਚ ਸ਼ਾਮਲ ਹੋਵੇਗਾ।

ਸ਼ਰ੍ਹੇਆਮ ਧੱਕਾ ਕਰ ਰਹੀ ਐ ਪੰਚਕੂਲਾ ਪੁਲਿਸ : ਐਸ.ਕੇ. ਨਰਵਾਣਾ

ਸੀਨੀਅਰ ਵਕੀਲ ਐਸ.ਕੇ. ਨਰਵਾਣਾ ਨੇ ਇਸ ਸਬੰਧੀ ਦੱਸਿਆ ਕਿ ਪੰਚਕੂਲਾ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਦੇਖ ਹੀ ਹੈਰਾਨੀ ਨਜ਼ਰ ਆ ਰਹੀ ਹੈ ਕਿ ਪੁਲਿਸ ਕਿਸ ਕਦਰ ਧੱਕੇਸ਼ਾਹੀ ਕਰਨ ‘ਤੇ ਉੱਤਰ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ 2011 ਦਾ ਹੈ ਅਤੇ ਇਸ ਕੇਸ ਦੀ ਥਾਂ ਵੀ ਪੰਜਾਬ ਵਿੱਚ ਬਣਦੀ ਹੈ ਪਰ ਪੰਚਕੂਲਾ ਪੁਲਿਸ ਨੇ 7 ਸਾਲ ਪੁਰਾਣੇ ਮਾਮਲੇ ਵਿੱਚ ਹਰਿਆਣਾ ਦੀ ਹਦੂਦ ਵਿੱਚ ਮਾਮਲਾ ਦਰਜ ਕਰ ਲਿਆ ਹੈ, ਜਿਹੜਾ ਕਿ ਨਿਯਮਾਂ ਅਨੁਸਾਰ ਦਰਜ ਕੀਤਾ ਜਾਣਾ ਹੀ ਨਹੀਂ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਹੈ।