ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home ਫੀਚਰ …ਇੱਕ ਸੀ...

    …ਇੱਕ ਸੀ ਗਾਰਗੀ

    Balwant Gargi, Punjabi Literature, Ninder Ghugianvi,

    ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਵਿਖੇ ਨਵ-ਨਿਯੁਕਤ ਪੀਸੀਐੱਸ ਅਫ਼ਸਰਾਂ ਨੂੰ ਲੈਕਚਰ ਦੇ ਕੇ ਹਾਲ ‘ਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ ਉਨ੍ਹਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ ਲੱਗੇ, ”ਮੈਂ ਸ੍ਰੀ ਬਲਵੰਤ ਗਾਰਗੀ ਜੀ ਦਾ ਭਤੀਜਾ ਹਾਂ, ਹੁਣੇ ਤੁਸੀਂ ਸਾਨੂੰ ਲੈਕਚਰ ਦਿੱਤਾ ਐ, ਮੈਂ 2015 ਦਾ ਪੀਸੀਐੱਸ ਅਫ਼ਸਰ ਆਂ, ਮੈਨੂੰ ਖੁਸ਼ੀ ਐ ਕਿ ਤੁਸੀਂ ਮੇਰੇ ਤਾਇਆ ਜੀ ਬਾਰੇ ਕਿਤਾਬ ‘ਇੱਕ ਸੀ ਗਾਰਗੀ’ ਸੰਪਾਦਿਤ ਕੀਤੀ ਸੀ,ਉਹ ਕਿਤਾਬ ਮੇਰੇ ਕੋਲ ਹੈਗੀ ਐ”

    ਗਾਰਗੀ ਜੀ ਦੇ ਭਤੀਜੇ ਦਾ ਇਉਂ ਅਚਾਨਕ ਮਿਲ ਜਾਣਾ ਮੈਨੂੰ ਸੱਚਮੁੱਚ ਦੀ ਖੁਸ਼ੀ ਦੇਣ ਵਾਲਾ ਸੀ ਖੜ੍ਹੇ- ਖੜ੍ਹੇ ਹੀ ਪਰੇਸ਼ ਗਾਰਗੀ ਨੇ ਦੱਸਿਆ ਕਿ 30 ਮਈ ਨੂੰ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਗਾਰਗੀ ਜੀ ਦੀ ਯਾਦ ‘ਚ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ ਕਰਵਾ ਦਿੱਤੀ ਹੈ, ਇਹ ਸਾਡੇ ਸਭਨਾਂ ਲਈ ਮਾਣ ਮੱਤੀ ਗੱਲ ਹੈ ਉਨ੍ਹਾਂ ਮੇਰਾ ਫੋਨ ਨੰਬਰ ਲੈ ਕੇ ਸੇਵ ਕੀਤਾ ਤੇ ਝੱਟ ‘ਚ ਹੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਰੋਹ ਦੀਆਂ ਕੁਝ ਝਲਕਾਂ ਵਟਸਐਪ ਕਰ ਦਿੱਤੀਆਂ ਕਿਰਨ ਖੇਰ ਨੇ ਮਾਣ ਨਾਲ ਆਪਣੇ ਭਾਸ਼ਣ ‘ਚ ਕਿਹਾ ਕਿ ਮੈਂ ਗਾਰਗੀ ਜੀ ਨਾਲ ਨਾਟਕ ਕੀਤੇ,ਉਨ੍ਹਾਂ ਦੀ ਵਿਦਿਆਰਥਣ ਰਹੀ ਹਾਂ, ਉਹ ਮੇਰੇ ਮੁੱਢਲੇ ਪ੍ਰੇਰਣਾਸਰੋਤ ਸਨ ਡਾਕ ਟਿਕਟ ਜਾਰੀ ਕਰਨ ਵਾਲਾ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਇਆ ਇਸ ਮੌਕੇ ਗਾਰਗੀ ਜੀ ਦੇ ਨਾਟਕ ਵੀ ਖੇਡੇ ਗਏ ਇਹ ਝਲਕਾਂ ਦੇਖਦਾ ਮੈਂ ਪ੍ਰਸੰਨ ਹੋ ਰਿਹਾ ਸਾਂ ਕਿ ਮੇਰੇ ਚਹੇਤੇ ਲੇਖਕ ਬਲਵੰਤ ਗਾਰਗੀ ਜੀ ਦੀ ਯਾਦ ‘ਚ ਕੋਈ ਨਿੱਗਰ ਉਪਰਾਲਾ ਹੋਇਆ ਹੈ, ਸ਼ੁੱਭ ਸ਼ਗਨ ਹੈ ਇਹ

    ਮੈਂ ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਕਦੇ ਗਾਰਗੀ ਜੀ ਦਾ ਕੋਈ ਸਕਾ ਸੋਧਰ ਮੈਨੂੰ ਇੰਜ ਮਿਲ ਪਵੇਗਾ ਪਰੇਸ਼ ਦੀ ਮਿਲਣੀ ‘ਚ ਅਪਣੱਤ ਤੇ ਨਿੱਘ ਸੀ ਪਰੇਸ਼ ਦੇ ਪਿਤਾ ਸ੍ਰੀ ਰਾਮ ਨਾਥ ਗਾਰਗੀ ਜੀ ਦੇ ਛੋਟੇ ਭਰਾ ਸਨ ਮੈਨੂੰ ਯਾਦ ਆਇਆ ਕਿ ਗਾਰਗੀ ਨੇ ਆਪਣੀ ਪੁਸਤਕ ‘ਕਾਸ਼ਨੀ ਵਿਹੜਾ’ ‘ਚ ਰਾਮ ਨਾਥ ਦੀ ਮੌਤ ‘ਤੇ ਆਪਣੀ ਬਠਿੰਡਾ ਫੇਰੀ ਸਮੇਂ ਘਰ ਦੇ ਸੋਗੀ ਦ੍ਰਿਸ਼ ਨੂੰ ਬੜੀ ਕਲਾਤਮਿਕਤਾ ਨਾਲ ਇਉਂ ਚਿਤਰਿਆ ਸੀ, ਮੈਂ ਆਪਣੇ ਟੀਵੀ ਸੀਰੀਅਲ ਦੀ ਸ਼ੂਟਿੰਗ ਕਰ ਰਿਹਾ ਸਾਂ, ਜਦੋਂ ਖ਼ਬਰ ਮਿਲੀ ਕਿ ਮੇਰੇ ਛੋਟੇ ਭਰਾ ਰਾਮ ਨਾਥ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਿਆ ਮੈਂ ਸ਼ਟਿੰਗ ਵਿੱਚੇ ਛੱਡ ਕੇ ਉਸੇ ਵੇਲੇ ਬਠਿੰਡੇ ਚਲਾ ਗਿਆ ਫਿਲਮ ਗਲੈਮਰ ਛੱਡ ਕੇ ਮੈਂ ਰਾਖ ਦੀ ਢੇਰੀ ਦੀ ਦੁਨੀਆਂ ‘ਚ ਆ ਗਿਆ ਮਨੁੱਖ ਦੀ ਅੰਤਮ ਸੱਚਾਈ ਚੌਦਾਂ ਦਿਨ ਦਾ ਸੋਗ, ਦੂਰ ਨੇੜ ਦੇ ਸਭ ਰਿਸ਼ਤੇਦਾਰ ਮਕਾਣੇ ਆਏ ਤੀਵੀਆਂ ਗਲੀ ਦੇ ਮੋੜ ‘ਤੇ ਛਾਤੀਆਂ ਪਿੱਟ ਕੇ ਧਾਹਾਂ ਮਾਰਦੀਆਂ ਘਰ ਵਿੱਚ ਦਾਖਲ ਹੋਈਆਂ ਉੱਚੀ-ਉੱਚੀ ਵੈਣ ਪਾਉਂਦੀਆਂ ਤੇ ਆਪਣੇ ਰਿਸ਼ਤੇ ਤੇ ਸਾਕ ਦਾ ਐਲਾਨ ਕਰਦੀਆਂ,ਭੁੱਬਾਂ ਮਾਰਦੀਆਂ ਗਲੇ ਮਿਲ ਕੇ ਰੋਈਆਂ

    ਸਾਡੀ ਬਰਾਦਰੀ ਦੀ ਮਰਾਸਣ ਨੇ, ਜਿਸਦੇ ਅਗਲੇ ਦੋ ਦੰਦ ਟੁੱਟੇ ਹੋਏ ਸਨ, ਵਿਹੜੇ ‘ਚ ਖੜ੍ਹੀ ਹੋ ਕੇ ਸਿਆਪਾ ਕਰਵਾਇਆ ਕੰਵਾਰੀਆਂ ਕੁੜੀਆਂ ਨੂੰ ਇਜਾਜ਼ਤ ਨਹੀਂ ਸੀ ਇਸ ਵਿੱਚ ਸ਼ਾਮਲ ਹੋਣ ਦੀ ਤੀਵੀਆਂ ਕਾਲੇ ਘੱਗਰੇ ਪਾਈ ਘੇਰੇ ‘ਚ ਖੜ੍ਹੀਆਂ ਸਨ ਤੇ ਮਰਾਸਣ ਵਿਚਕਾਰ ਖੜ੍ਹੀ ਸਿਆਪੇ ਦੇ ਅਸੂਲਾਂ ਮੁਤਾਬਕ ਹੁਕਮ ਦੇ ਰਹੀ ਸੀ ਤੀਵੀਆਂ ਨੇ ਚਿੱਟੇ ਦੁਪੱਟੇ ਲਾਹ ਕੇ ਸੁੱਟ ਦਿੱਤੇ ਤੇ ਗੁੱਤਾਂ ਖੋਲ੍ਹ ਲਈਆਂ ਮਰਾਸਣ ਦੇ ਇਸ਼ਾਰੇ ‘ਤੇ ਵੈਣ ਪਾਉਂਦੀਆਂ ਹੋਈਆਂ ਉਹ ਇਸ ਭਿਆਨਕ ਸਮੂਹ ਰੁਦਨ ਦੀ ਚਾਲ, ਕਦੇ ਤਿੱਖੀ, ਕਦੇ ਮੱਧਮ ਤੇ ਕਦੇ ਅਚਾਨਕ ਉੱਚੀ ਕਰਦੀਆਂ ਉਨ੍ਹਾਂ ਨੇ ਛਾਤੀਆਂ ਪਿੱਟੀਆਂ, ਦੁਹੱਥੜਾਂ ਮਾਰੀਆਂ, ਗੱਲ੍ਹਾਂ ਝਾੜੀਆਂ ਤੇ ਸਿਰਾਂ ਦੇ ਵਾਲ ਖੋਹਦੀਆਂ ਹੋਈਆਂ ਨੇ ਕੂਕਾਂ ਮਾਰੀਆਂ

    ਜਦ ਉਹ ਰੋ ਚੁੱਕੀਆਂ ਤਾਂ ਦੂਜੇ ਕਮਰੇ ‘ਚ ਭੁੰਜੇ ਬੈਠ ਕੇ ਰਾਮ ਨਾਥ ਦੀ ਮੌਤ ਦੀਆਂ ਗੱਲਾਂ ਕਰਨ ਲੱਗੀਆਂ,ਰਾਮ ਨਾਥ ਦੀਆਂ ਛੇਕੜਲੀਆਂ ਘੜੀਆਂ ਦੀਆਂ ਗੱਲਾਂ ਵਿਚਾਰਾ ਛੋਟੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਟੈਲੀਫੋਨ ‘ਤੇ ਹੁਕਮ ਦੇ ਰਿਹਾ ਸੀ ਬੈਂਡ ਵਾਜੇ ਵਾਲੇ ਨੂੰ ਕਿ ਜਰਨੈਲੀ ਬੈਂਡ ਪਟਿਆਲੇ ਤੋਂ ਆਵੇ ਉਸ ਵੇਲੇ ਉਸਦੀ ਛਾਤੀ ਦੇ ਖੱਬੇ ਪਾਸੇ ਚੀਸ ਉੱਠੀ ਤੇ ਟੈਲੀਫੋਨ ਦਾ ਚੋਗਾ ਹੱਥੋਂ ਡਿੱਗ ਪਿਆ ਉਸਨੂੰ ਸਟਰੈਚਰ ‘ਤੇ ਪਾ ਕੇ ਡਾਕਟਰ ਮੋਹਨ ਲਾਲ ਦੇ ਹਸਪਤਾਲ ਲਿਜਾਣ ਲੱਗੇ ਤਾਂ ਉਸ ਜ਼ਿੱਦ ਕੀਤੀ ਕਿ ਉਹ ਤੁਰ ਕੇ ਜਾਵੇਗਾ ਬਸ! ਇਹ ਜ਼ਿੱਦ ਹੀ ਲੈ ਬੈਠੀ ਉਸਨੂੰ ਸਭ ਕੁਝ ਤੁਰ ਗਿਆ ਉਸਦੇ ਨਾਲ ਹੀ, ਸ਼ਾਦੀ ਦੀਆਂ ਤਿਆਰੀਆਂ, ਸਿਹਰੇ, ਫੁੱਲਾਂ ਦੇ ਹਾਰ ਤੇ ਬੈਂਡ ਵਾਜੇ, ਸਭ ਕੁਝ, ਮੌਤ ਅੱਗੇ ਕੀਹਦਾ ਹੈ ਜ਼ੋਰ ਭਾਈ?

    ਇੱਕ ਦਿਨ, ਪਰੇਸ਼ ਗਾਰਗੀ ਨੇ ਫੋਨ ‘ਤੇ ਇੱਕ ਹੋਰ ਖੁਸ਼ਖ਼ਬਰੀ ਸਾਂਝੀ ਕੀਤੀ ਕਿ ਪੰਜਾਬ ਯੂਨੀਵਰਸਿਟੀ ‘ਚ ਗਾਰਗੀ ਜੀ ਜਿਹੜੇ ਘਰ ਡਬਲਿਊ-11 ‘ਚ ਰਹਿੰਦੇ ਰਹੇ, ਉਸ ਘਰ ਨੂੰ ਇੱਕ ਵਿਲੱਖਣ ਥਿਏਟਰ  ਮਿਊਜ਼ਿਅਮ ਦੇ ਰੂਪ ‘ਚ ਸੰਭਾਲਿਆ ਜਾ ਰਿਹਾ ਹੈ ਉਥੇ ਸਿਰਫ਼ ਗਾਰਗੀ ਜੀ ਦੀਆਂ ਤਸਵੀਰਾਂ ਜਾਂ ਕਿਤਾਬਾਂ ਦੀ ਪ੍ਰਦਰਸ਼ਨੀ ਹੀ ਨਹੀਂ ਹੋਵੇਗੀ ਸਗੋਂ ਨਾਟਕ ਦੀ ਤਕਨੀਕ,ਗਾਰਗੀ ਦੀਆਂ ਨਾਟ-ਜੁਗਤਾਂ ਨੂੰ ਨਾਟ-ਵਿਦਿਆਰਥੀ, ਖੋਜਾਰਥੀ ਤੇ ਕਲਾਕਾਰ ਨੇੜਿਓਂ ਸਮਝ ਸਕਣਗੇ ਤੇ ਉਥੇ ਖੋਜਾਂ ਕਰਨਗੇ ਇਸ ਨੇਕ ਕਾਰਜ ਲਈ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰੁਣ ਕੁਮਾਰ ਗਰੋਵਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਉਪਰਾਲੇ ਕਰਨ ਲੱਗੀਆਂ ਹੋਈਆਂ ਹਨ ਪਰੇਸ਼ ਜੀ ਤੋਂ ਇਹ ਜਾਣ ਕੇ ਮੈਨੂੰ ਯਾਦ ਆਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਗਾਰਗੀ ਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ ਸਦਾ ਲਈ ਰਹਿਣ ਵਾਸਤੇ ਯੂਨੀਵਰਸਟੀ ‘ਚ ਘਰ ਨੰਬਰ (ਸੀ-2) ਤੇ ਇੱਕ ਸਹਾਇਕ ਵੀ ਦਿੱਤਾ ਹੋਇਆ ਸੀ, ਜੋ ਉਨ੍ਹਾਂ ਦੇ ਲੇਖਣ ਕਾਰਜ ‘ਚ ਉਨ੍ਹਾਂ ਦੀ ਸਹਾਇਤਾ ਕਰੇ ਚਾਹੇ ਉਹ ਟਾਈਪ ਕਰਵਾਉਣ ਜਾਂ ਡਿਕਟੇਟ ਕਰਵਾਉਣ, (ਅਜਿਹੀ ਸੁਵਿਧਾ ਪੰਜਾਬੀ ਦੇ ਉੱਘੇ ਵਿਦਵਾਨ ਲੇਖਕ ਪ੍ਰੋ. ਕਿਰਪਾਲ ਸਿੰਘ ਕਸੇਲ ਨੂੰ ਵੀ ਮਿਲੀ ਹੋਈ ਸੀ ਯੂਨੀਵਰਸਿਟੀ ਨੇ ਸ਼ਿਵ ਬਟਾਲਵੀ ਦੇ ਸਪੁੱਤਰ ਮਿਹਰਬਾਨ ਬਟਾਲਵੀ ਨੂੰ ਕਸੇਲ ਜੀ ਦਾ ਸਹਾਇਕ ਲਾਇਆ ਸੀ, ਜੋ ਉਨ੍ਹੀਂ ਦਿਨੀਂ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ‘ਚ ਕਾਰਜਸ਼ੀਲ ਸੀ)

    ਬਠਿੰਡਾ ਦੇ ਰੋਜ਼ ਗਾਰਡਨ ‘ਚ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਦੀ ਸਥਾਪਨਾ ਨਾਲ ਹੁਣ ਉੱਥੇ ਹਮੇਸ਼ਾ ਰੌਣਕ ਲੱਗੀ ਰਹਿੰਦੀ ਹੈ  ਹਫ਼ਤਾ ਭਰ ਨਾਟਕ ਮੇਲੇ ਹੁੰਦੇ ਰਹਿੰਦੇ ਹਨ ਨਾਟਿਯਮ ਜੈਤੋ ਵੱਲੋਂ ਇਹ ਉਪਰਾਲਾ ਕੀਤਾ ਗਿਆ  ਦਿੱਲੀ ਸੰਗੀਤ ਨਾਟਕ ਪਟਿਆਲਿਓਂ ਬਠਿੰਡੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ‘ਚ ਪਧਾਰੇ

    ਗਾਰਗੀ ਜੀ ਦਾ ‘ਹੀਰ ਰਾਝਾਂ’ ਖੇਡਿਆ ਗਿਆ ਹੋਰ ਤਾਂ ਹੋਰ ਗਾਰਗੀ ਜੀ ਦੇ ਪਿੰਡ ਸ਼ਹਿਣੇ ਤੋਂ ਪੰਚ-ਸਰਪੰਚ ਤੇ ਹੋਰ ਪਤਵੰਤੇ ਬਸ ਭਰਕੇ ਨਾਟਕ ਵੇਖਣ ਆਏ ਤੇ ਇਹ ਵੀ ਵਾਅਦਾ ਕਰਕੇ ਗਏ ਕਿ ਪਿੰਡ ਵਾਲੇ ਥਾਂ ਦੇਣ ਨੂੰ ਤਿਆਰ ਨੇ, ਚੰਗਾ ਹੋਵੇ ਜੇ ਗਾਰਗੀ ਜੀ ਦੀ ਕੋਈ ਯਾਦਗਾਰ ਉੱਥੇ ਸਥਾਪਤ ਕੀਤੀ ਜਾਵੇ  ਚਾਹੇ ਪੁਰਾਣੇ ਖੰਡਰਨੁਮਾ ਸਥਾਨ ਨੂੰ ਹੀ ਕਿਉਂ ਨਾ ਸੰਵਾਰ ਲਿਆ ਜਾਵੇ ਦਿੱਲੀ ਵਾਲੀ ਟੀਮ ਸਮੇਤ ਗਾਰਗੀ ਜੀ ਦੀ ਭਤੀਜੀ ਅਮਿਤਾ ਮੋਹਨ (ਰਾਮ ਨਾਥ ਦੀ ਪੁੱਤਰੀ) ਸ਼ਹਿਣੇ ਗਏ ਤੇ ਉਸ ਸਥਾਨ ਦਾ ਜਾਇਜ਼ਾ ਲਿਆ ਪਿੰਡ ਵਾਲਿਆਂ ਨੇ ਸਾਰੀ ਟੀਮ ਤੇ ਅਮਿਤਾ ਦਾ ਦਿਲੋਂ ਮਾਣ ਸਨਮਾਨ ਕੀਤਾ

    2003 ‘ਚ ਗਾਰਗੀ ਬਾਰੇ ਸੰਪਾਦਤ ਮੇਰੀ ਪੁਸਤਕ ‘ਇੱਕ ਸੀ ਗਾਰਗੀ’ ਦਾ ਤੀਜਾ ਐਡੀਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਛਾਪਿਆ ਹੈ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਐਮ.ਏ ਸਹਾਇਕ ਪੁਸਤਕਾਂ ‘ਚ ਸ਼ਾਮਲ ਕੀਤੀ ਸੀ ਆਪਣੀ ਨਵੀਂ ਪੁਸਤਕ ‘ਮੋਏ ਮਿੱਤਰਾਂ ਦਾ ਮੋਹ’ ਵਿੱਚ ਗਾਰਗੀ ਬਾਰੇ ਲਿਖ ਕੇ ਆਪਣੇ ਆਪ ਨੂੰ ਹੌਲ਼ਾ-ਹੌਲ਼ਾ ਹੋਇਆ ਮਹਿਸੂਸ ਕਰਦਾ ਹਾਂ

    ਨਿੰਦਰ ਘੁਗਿਆਣਵੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here