ਸੁਖਜੀਤ ਮਾਨ
ਮਾਨਸਾ, 27 ਦਸੰਬਰ
ਮਾਨਸ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਵਾਹਰਕੇ ਦੀ ਬਲਕਰਨ ਕੌਰ ਨੇ ਡੇਅਰੀ ਧੰਦੇ ਨੂੰ ਸਫਲਤਾ ਪੂਰਵਕ ਚਲਾਉਣ ‘ਚ ਮਾਅਰਕਾ ਮਾਰਿਆ ਹੈ ਬਲਕਰਨ ਕੌਰ ਦੱਸਦੀ ਹੈ ਕਿ ਉਹ ਆਪਣੇ ਪਸ਼ੂਆਂ ਤੋਂ ਦੋ ਤੋਂ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਇਕੱਠਾ ਕਰਨ ‘ਚ ਸਫਲ ਹੋਈ ਹੈ ਇਸ ਫਾਰਮ ‘ਚ ਰੱਖੇ ਪਸ਼ੂਆਂ ਨੂੰ ਉਨ੍ਹਾਂ ਵੱਲੋਂ ਵਿਗਿਆਨਕ ਢੰਗ ਨਾਲ ਚਾਰੇ ਦਾ ਅਚਾਰ ਤਿਆਰ ਕਰਕੇ ਪਾਇਆ ਜਾਂਦਾ ਹੈ
30 ਗਾਵਾਂ ਅਤੇ ਮੱਝਾਂ ਦੇ ਡੇਅਰੀ ਫਾਰਮ ਦੀ ਅਹੁਦੇਦਾਰ ਬਲਕਰਨ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੇਅਰੀ ਫਾਰਮਿੰਗ ਮਹਿਕਮੇ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ ਆਪਣੇ ਫਾਰਮ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2014-15 ਦੀ ‘ਮਹਿਲਾ ਸ਼ਸ਼ਕਤੀਕਰਨ’ ਸਕੀਮ ਤਹਿਤ ਉਸ ਨੂੰ ਫਾਰਮ ਸ਼ੁਰੂ ਕਰਨ ਲਈ ਫਾਰਮ ਸ਼ੈਡ, ਦੁੱਧ ਚੋਣ ਵਾਲੀ ਮਸ਼ੀਨ, ਬੀਮਾ ਅਤੇ ਗਊਆਂ ਖਰੀਦਣ ਵਾਸਤੇ 50 ਫੀਸਦੀ ਸਬਸਿਡੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਹੁਣ ਉਹ ਸਰਕਾਰ ਦੀ ਮੱਦਦ ਤੇ ਵਿਗਿਆਨਿਕ ਢੰਗ ਦੇ ਨਾਲ ਭਾਰੀ ਮਾਤਰਾ ‘ਚ ਦੁੱਧ ਉਤਪਾਦਨ ਕਰ ਰਹੀ ਹੈ।
ਬਲਕਰਨ ਕੌਰ ਨੇ ਆਪਣੇ ਫਾਰਮ ‘ਤੇ ਸਾਈਲੇਜ ਪਿੱਟ (ਟੋਆ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 33 ਫੁੱਟ ਲੰਬਾ ਟੋਆ ਉਸਨੇ ਆਪਣੇ ਪਸ਼ੂਆਂ ਨੂੰ ਸਾਰਾ ਸਾਲ ਉੱਚ ਦਰਜੇ ਦਾ ਚਾਰਾ ਖਵਾਉਣ ਲਈ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਮੱਕੀ ਅਤੇ ਜਵਾਹਰ ਨੂੰ ਚੰਗੀ ਤਰ੍ਹਾਂ ਕੱਟ ਕੇ ਇਸ ਡੂੰਘੀ ਪਿੱਟ ‘ਚ ਪਾਇਆ ਜਾਂਦਾ ਹੈ ਅਤੇ ਇਸ ਪਿੱਟ ਨੂੰ ਹਵਾ ਰਹਿਤ ਕਰਕੇ ਡੇਢ ਮਹੀਨੇ ਵਾਸਤੇ ਰੱਖਿਆ ਜਾਂਦਾ ਹੈ। ਇਸ ਤੋਂ ਤਿਆਰ ਹੋਇਆ ਆਚਾਰ ਪਸ਼ੂਆਂ ਲਈ ਪੌਸ਼ਟਿਕ ਅਤੇ ਸਵਾਦਿਸ਼ਟ ਖੁਰਾਕ ਸਾਬਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਬਲਕਰਨ ਕੌਰ ਨੇ ਗਾਵਾਂ ਨੂੰ ਨਵੇ ਦੁੱਧ ਕਰਵਾਉਣ ਵਾਸਤੇ ਫਰਾਂਸ ਤੋਂ ਲਿਆਂਦੇ ਹੋਏ ਸੀਮਨ ਦੇ ਇਸਤੇਮਾਲ ਬਾਰੇ ਵੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀਆਂ ਗਾਵਾਂ ਔਸਤਨ 22 ਤੋਂ 25 ਲੀਟਰ ਦੁੱਧ ਦੇ ਰਹੀਆਂ ਹਨ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਜਰਨੈਲ ਸਿੰਘ ਨੇ ਦੱਸਿਆ ਕਿ 214 ਦੀ ਸਕੀਮ ਤਹਿਤ ਡੇਅਰੀ ਫਾਰਮ ਚਲਾਉਣ ਲਈ ਮਸ਼ੀਨਰੀ ਸਬੰਧੀ ਜਨਰਲ ਕੈਟਾਗਿਰੀ ਨੂੰ 25 ਅਤੇ ਐਸ.ਸੀ. ਨੂੰ 33 ਪ੍ਰਤੀਸ਼ਤ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ‘ਚ ਹੁਣ ਤੱਕ 70 ਪ੍ਰਤੀਸ਼ਤ ਡੇਅਰੀ ਯੂਨਿਟ ਚੱਲ ਰਹੇ ਹਨ ਅਤੇ ਇਸ ਸਾਲ ਹੁਣ ਤੱਕ 263 ਵਿਅਕਤੀਆਂ ਨੂੰ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦਿੱਤੀ ਹੱਲਾਸ਼ੇਰੀ
ਦੁੱਧ ਉਤਪਾਦਨ ਅਤੇ ਇਸ ਦੇ ਨਾਲ ਜੁੜੇ ਹੋਏ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਨਣ ਦੇ ਮੰਤਵ ਤਹਿਤ ਮਾਨਸਾ ਦੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਵੀ ਅੱਜ ਜਵਾਹਰ ਕੇ ਪਿੰਡ ‘ਚ ਵੱਖ-ਵੱਖ ਕਿਸਾਨਾਂ ਨੂੰ ਮਿਲੇ। ਇਸ ਮਿਲਣੀ ਦੌਰਾਨ ਉਨ੍ਹਾਂ ਇਸ ਧੰਦੇ ਨਾਲ ਜੁੜੀਆਂ ਗੱਲਾਂ ਨੂੰ ਬਰੀਕੀ ਨਾਲ ਜਾਣਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।ਡਿਪਟੀ ਕਮਿਸ਼ਨਰ ਨੇ ਸਫਲ ਡੇਅਰੀ ਸੰਚਾਲਕ ਬਲਕਰਨ ਕੌਰ ਦੀ ਡੇਅਰੀ ਦਾ ਦੌਰਾ ਵੀ ਕੀਤਾ
ਜ਼ਿਲ੍ਹੇ ‘ਚ ਰੋਜ਼ਾਨਾ ਹੁੰਦੈ 9 ਲੱਖ ਲੀਟਰ ਦੁੱਧ ਦਾ ਉਤਪਾਦਨ
ਡੇਅਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮਾਨਸਾ ਜ਼ਿਲ੍ਹੇ ‘ਚ ਹਰ ਰੋਜ਼ 9 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ।ਇਸ ‘ਚੋਂ 60 ਫੀਸਦੀ ਘਰਾਂ ‘ਚ ਹੀ ਵਰਤ ਲਿਆ ਜਾਂਦਾ ਹੈ ਜਦੋਂਕਿ ਬਾਕੀ 40 ਫੀਸਦੀ ਵੇਚ ਦਿੱਤਾ ਜਾਂਦਾ ਹੈ। ਮਾਨਸਾ ਜ਼ਿਲ੍ਹੇ ‘ਚ 2 ਸਰਕਾਰੀ ਚੀਲਿੰਗ ਸੈਂਟਰ ਭੀਖੀ ਅਤੇ ਸਰਦੂਲਗੜ੍ਹ ਵਿਖੇ ਚੱਲ ਰਹੇ ਹਨ, ਜਿਸ ਦੀ 20-20 ਹਜ਼ਾਰ ਦੀ ਸਟੋਰੇਜ਼ ਕਪੈਸਟੀ ਹੈ।ਮਾਨਸਾ ‘ਚ 1.88 ਲੱਖ ਮੱਝਾਂ ਅਤੇ 40 ਤੋਂ 45 ਹਜ਼ਾਰ ਕਰਾਸ ਬਰੀਡ ਗਊਆਂ ਹਨ ਅਤੇ ਇਸ ਸਮੇਂ ਜਿਨ੍ਹਾਂ ਕਿਸਾਨਾਂ ਕੋਲ 20 ਤੋਂ ਵੱਧ ਗਾਵਾਂ/ਮੱਝਾਂ ਹਨ, ਉਨ੍ਹਾਂ ਦੀ ਗਿਣਤੀ 150 ਦੇ ਕਰੀਬ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।